ਪੰਜਾਬ ਦਾ ਬਹੁ-ਪੱਖੀ ਸੰਕਟ ਤੇ ਹੱਲ

Punjab

ਅਜੋਕਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਕੇਵਲ ਤਿੰਨ ਦਰਿਆਵਾਂ ਦੀ ਧਰਤੀ ਤੱਕ ਸਿਮਟ ਕੇ ਰਹਿ ਗਿਆ ਹੈ ਅਤੇ ਹੁਣ ਇਨ੍ਹਾਂ ਤਿੰਨ ਦਰਿਆਵਾਂ ਦੇ ਪਾਣੀ ਨੂੰ ਵੀ ਖੋਹਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ।ਅਜੋਕਾ ਪੰਜਾਬ ਬਹੁ- ਪੱਖੀ ਸੰਕਟ ਦਾ ਸ਼ਿਕਾਰ ਹੋ ਚੁੱਕਿਆ ਹੈ, ਜਿਸ ਦਾ ਹੱਲ ਲੱਭਣਾ ਦਿਨੋਂ ਦਿਨ ਮੁਸ਼ਕਲ ਜਾਪ ਰਿਹਾ ਹੈ। ਆਓ, ਇੱਕ ਇੱਕ ਕਰਕੇ ਇਨ੍ਹਾਂ ’ਤੇ ਚਰਚਾ ਕਰੀਏ (Punjab)

ਛੇਵਾਂ ਦਰਿਆ : ਇਸ ਸਮੇਂ ਪੰਜਾਬ ਦੇ ਸਾਹਮਣੇ ਮੁੱਖ ਸਮੱਸਿਆ ਪੰਜਾਬ ਦੀ ਕਿਰਸਾਨੀ ਅਤੇ ਜਵਾਨੀ ਨੂੰ ਬਚਾਉਣ ਦੀ ਹੈ। ਪੰਜਾਬ ਦੀ ਜਵਾਨੀ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਕੁਰਾਹੇ ਪਾਉਂਦੀ ਹੋਈ ਆਪਣਾ ਭਵਿੱਖ ਬਰਬਾਦ ਕਰ ਰਹੀ ਹੈ।ਹਰ ਦਿਨ ਅਖਬਾਰਾਂ ਦੇ ਸਫ਼ੇ ਨਸ਼ਿਆਂ ਦੇ ਟੀਕੇ ਲਗਾਉਣ ਦੀਆਂ ਖਬਰਾਂ ਨਾਲ ਭਰੇ ਪਏ ਹੁੰਦੇ ਹਨ। ਇਨ੍ਹਾਂ ਨਸ਼ਿਆਂ ਨੇ ਪਤਾ ਨਹੀਂ ਕਿੰਨੇ ਹੀ ਘਰਾਂ ਵਿੱਚ ਸੱਥਰ ਵਿਛਾ ਦਿੱਤੇ, ਮਾਵਾਂ ਤੋਂ ਪੁੱਤ ਅਤੇ ਭੈਣਾਂ ਤੋਂ ਭਰਾ ਖੋ ਲਏ। ਇਨ੍ਹਾਂ ਨਸ਼ਿਆਂ ਨੂੰ ਰੋਕਣ ਲਈ ਪਵਿੱਤਰ ‘ਗੁਟਕਾ ਸਾਹਿਬ’ ਹੱਥ ਵਿੱਚ ਲੈ ਕੇ ਸਹੁੰਆਂ ਖਾਣ ਵਾਲੇ ਵੀ ਇਸ ਨੂੰ ਰੋਕਣ ਵਿਚ ਅਸਫ਼ਲ ਰਹੇ ਹਨ। (Punjab)

ਨੌਜਵਾਨਾਂ ਦਾ ਪਰਵਾਸ : ਬੇਰੋਜ਼ਗਾਰੀ, ਮਹਿੰਗਾਈ, ਭਿ੍ਰਸਟਾਚਾਰ ਅਤੇ ਆਪਣਾ ਭਵਿੱਖ ਧੁੰਦਲਾ ਹੁੰਦੇ ਦੇਖਦੇ ਹੋਏ ਨੌਜਵਾਨ ਕਾਨੂੰਨੀ ਅਤੇ ਗੈਰ ਕਾਨੂੰਨੀ ਤਰੀਕਿਆਂ ਰਾਹੀਂ ਪਰਵਾਸ ਵੱਲ ਆਕਰਸ਼ਿਤ ਹੋ ਰਹੇ ਹਨ। ਸ਼ਹਿਰਾਂ ਵਿੱਚ ਹਰ ਇੱਕ ਗਲੀ ਅਤੇ ਹਰ ਇੱਕ ਮੋੜ ’ਤੇ ਖੁੱਲ੍ਹੇ ਆਈਲੈਟਸ ਸੈਂਟਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਿਸ ਲਈ ਉਹ ਹੁਣ ਪ੍ਰਵਾਸ ਨੂੰ ਤਰਜੀਹ ਦੇ ਰਹੇ ਹਨ। (Punjab)

ਇਹ ਵੀ ਪੜ੍ਹੋ : ਪ੍ਰਦੂਸ਼ਣ ’ਤੇ ਸਖਤ ਕਦਮ ਚੁੱਕੋ

ਪੰਜਾਬ ਦੀ ਕਿਸਾਨੀ : ਪੰਜਾਬ ਦਾ ਕਿਸਾਨ ਦਿਨੋਂ ਵਧ ਰਹੀ ਮਹਿੰਗਾਈ ਅਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਖੁਦਕੁਸ਼ੀ ਦਾ ਰਾਹ ਚੁਣ ਰਿਹਾ ਹੈ। ਫਸਲਾਂ ਦੇ ਹੋ ਰਹੇ ਮੌਸਮੀ ਨੁਕਸਾਨ, ਮੰਡੀਆਂ ਵਿੱਚ ਰੁਲ ਰਹੀ ਫਸਲ ਅਤੇ ਵਾਜ਼ਿਬ ਰੇਟ ਨਾ ਮਿਲਣ ਕਰਕੇ ਕਿਸਾਨ ਆਰਥਿਕ ਦੇ ਨਾਲ ਨਾਲ ਮਾਨਸਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰ ਰਿਹਾ ਹੈ। ਦੁਨੀਆਂ ਦਾ ਪੇਟ ਭਰਨ ਵਾਲਾ, ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਾ ਅਤੇ ਹਰੀ ਕ੍ਰਾਂਤੀ ਵਿੱਚ ਵਿਗਿਆਨੀਆਂ ਦੇ ਮੋਢੇ ਨਾਲ ਮੋਢਾ ਲਾਕੇ ਕੰਮ ਕਰਨ ਵਾਲਾ ਆਪ ਭੁੱਖਾ ਸੌਂ ਰਿਹਾ ਹੈ। ਇਹ ਕਿਸਾਨਾਂ ਨਾਲ ਤਸ਼ੱਦਦ ਨਹੀਂ ਤਾਂ ਹੋਰ ਕੀ ਹੈ।ਇਹ ਜ਼ੁਲਮ ਦੀ ਹੱਦ ਹੈ ਜੋ ਕਿਸਾਨਾਂ ਦੀ ਮਿਹਨਤ ਨਾਲ ਇਨਸਾਫ ਨਹੀਂ ਕਰਦੀ। (Punjab)

ਸਿੱਖਿਆ ਵਿੱਚ ਨਿਘਾਰ : ਸਿੱਖਿਆ ਦਾ ਮਤਲਬ ਕੇਵਲ ਡਿਗਰੀ ਲੈ ਕੇ ਉਸ ਨੂੰ ਫਾਈਲ ਵਿਚ ਲਾ ਕੇ ਰੱਖਣਾ ਨਹੀਂ ਸਗੋਂ ਸਿੱਖਿਆ ਦਾ ਮਤਲਬ ਹੈ ਵਿਅਕਤੀ ਵਿੱਚ ਅਜਿਹੇ ਗੁਣਾਂ ਦਾ ਵਿਕਾਸ ਕਰਨਾ , ਜਿਸ ਦੀ ਮਦਦ ਨਾਲ ਉਹ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਆਦਰਸ਼ਮਈ ਢੰਗ ਨਾਲ ਜੀ ਸਕੇ। ਦਿਨੋਂ ਦਿਨ ਮਹਿੰਗੀ ਹੋ ਰਹੀ ਸਿੱਖਿਆ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਰਹੀ।ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਕਥਨ ਹੈ ਕਿ ਉਹ ਤੁਹਾਨੂੰ ਮੁਫਤ ਵਿੱਚ ਸਭ ਕੁਝ ਦੇਣਗੇ ਪਰ ਸਿੱਖਿਆ ਨਹੀਂ ਕਿਉਂਕਿ ਸਿੱਖਿਆ ਸੁਆਲ ਅਤੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਦੀ ਹੈ। (Punjab)

ਇਹ ਵੀ ਪੜ੍ਹੋ : ਮੈਕਸਵੈੱਲ ਦਾ ਤੂਫਾਨੀ ਦੋਹਰਾ ਸੈਂਕੜਾ, ਅਸਟਰੇਲੀਆ ਨੇ ਅਫਗਾਨਿਸਤਾਨ ਮੁੰਹੋਂ ਖੋਹੀ ਜਿੱਤ

ਜਿਸ ਦਾ ਜਵਾਬ ਹਾਕਮਾਂ ਨੂੰ ਦੇਣਾ ਹੋਵੇਗਾ। ਇਸ ਕਰਕੇ ਮੁਫਤ ਸਿੱਖਿਆ ਵੀ ਅੱਠਵੀਂ ਤੱਕ ਹੀ ਦਿੱਤੀ ਜਾਂਦੀ ਹੈ ਜੇਕਰ ਉਚੇਰੀ ਸਿੱਖਿਆ ਵਿੱਚ ਦੇਖੀਏ ਤਾਂ ਉਥੇ ਜਾਤੀ ਦੇ ਵਰਗੀਕਰਨ ਦੇ ਆਧਾਰ ਤੇ ਸਿੱਖਿਆ ਵੰਡੀ ਜਾਂਦੀ ਹੈ। ਇਨ੍ਹਾਂ ਨੀਤੀ ਘਾੜਿਆਂ ਨੂੰ ਪੁੱਛਣ ਵਾਲਾ ਕੋਈ ਹੋਵੇ , ਕੋਈ ਜ਼ਰੂਰੀ ਤਾਂ ਨਹੀਂ ਅਨੁਸੂਚਿਤ ਜਾਤੀ ਵਾਲੇ ਹੀ ਗਰੀਬ ਹੋਣ, ਕੋਈ ਜਨਰਲ ਵੀ ਗਰੀਬ ਹੋ ਸਕਦਾ ਹੈ।ਕੋਈ ਵੀ ਨੀਤੀ ਜੋ ਬਣਾਈ ਜਾਂਦੀ ਹੈ ਉਹ ਆਰਥਿਕਤਾ ਦੇ ਅਧਾਰ ਤੇ ਲੋੜਵੰਦ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ, ਜਾਤੀ ਭਾਵੇਂ ਕੋਈ ਵੀ ਹੋਵੇ। ਸਿੱਖਿਆ ਦੇ ਵਪਾਰੀਕਰਨ ਨੂੰ ਰੋਕਣਾ ਹਰ ਇੱਕ ਵਿਅਕਤੀ ਤੱਕ ਸਿੱਖਿਆ ਪਹੁੰਚਾਉਣ ਲਈ ਜ਼ਰੂਰੀ ਹੈ। (Punjab)

ਚਾਂਦੀ ਦੀ ਜੁੱਤੀ : ਅੱਜ-ਕੱਲ੍ਹ ਹਾਕਮ ਭਲਾਂ ਕੁਝ ਵੀ ਕਹਿਣ ਪਰ ਚਾਂਦੀ ਦੀ ਜੁੱਤੀ(ਰਿਸ਼ਵਤ) ਮਾਰੇ ਬਗੈਰ ਕੰਮ ਸਿਰੇ ਚੜ੍ਹਾਉਣਾ ਔਖਾ ਹੋ ਜਾਂਦਾ ਹੈ । ਰਿਸ਼ਵਤ ਉਹੀ ਦੇ ਸਕਦਾ ਹੈ , ਜਿਸ ਕੋਲ ਪੈਸਾ ਹਰਾਮ ਦਾ ਹੋਵੇ ਪਰ ਗਰੀਬ ਵਿਅਕਤੀ ਜੋ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਹੀ ਬੜੀਆਂ ਮੁਸ਼ਕਲ ਨਾ ਪੂਰੀਆਂ ਕਰਦਾ ਹੈ ਉਹ ਰਿਸ਼ਵਤ ਕਿਵੇਂ ਦੇਵੇਗਾ। ਰਿਸ਼ਵਤ ਲੈਣ ਦੇ ਨਵੇਂ ਤਰੀਕੇ ਵੀ ਇਜਾਦ ਕੀਤੇ ਜਾ ਰਹੇ ਹਨ ਜਿਸ ਵਿੱਚ ਦੂਜੇ ਵਿਅਕਤੀ ਦੇ ਖਾਤੇ ਵਿੱਚ ਆਨਲਾਈਨ ਪੈਸੇ ਪਵਾਏ ਜਾਂਦੇ ਹਨ , ਇਸ ਨੂੰ ਆਨਲਾਈਨ ਰਿਸ਼ਵਤ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। (Punjab)

ਬੇਰੁਜ਼ਗਾਰੀ ਅਤੇ ਮਹਿੰਗਈ : ਸਿੱਖਿਆ ਵਿੱਚ ਦਿਨੋਂ ਦਿਨ ਆ ਰਿਹਾ ਨਿਘਾਰ ਅਤੇ ਸਰਕਾਰ ਦੀ ਕਾਰਪੋਰੇਟ ਪੱਖੀ ਸੋਚ ਬੇਰੁਜ਼ਗਾਰੀ ਦੇ ਨਾਲ ਨਾਲ ਮਹਿੰਗਾਈ ਵੀ ਵਧਾ ਰਹੀ ਹੈ।ਜੋ ਐੱਲਪੀਜੀ ਦਾ ਗੈਸ ਸਿਲੰਡਰ ਦਸ ਸਾਲ ਪਹਿਲਾਂ ਚਾਰ ਸੌ ਰੁਪਏ ਦਾ ਸੀ ਹੁਣ 1000 ਰੁਪਏ ਦਾ ਮਿਲ ਰਿਹਾ ਹੈ।ਇਸ ਦੇ ਨਾਲ ਹੀ ਖਾਣ ਵਾਲੀਆਂ, ਪਹਿਨਣ ਵਾਲੇ ਕੱਪੜੇ ਅਤੇ ਹੋਰ ਰੋਜਾਨਾ ਲੋੜੀਂਦੀਆਂ ਵਸਤਾਂ ਵਿੱਚ ਆਇਆ ਬੇਲੋੜਾ ਉਛਾਲ ਆਮ ਲੋਕਾਂ ਨੂੰ ਕੱਖੋਂ ਹੌਲੇ ਕਰਕੇ ਗੁਰਬਤ ’ਚ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਿਹਾ ਹੈ। (Punjab)

ਸੱਭਿਆਚਾਰ ਤੇ ਬੋਲੀ : ਪੱਛਮੀਕਰਨ ਦੇ ਵਧ ਰਹੇ ਪ੍ਰਭਾਵ ਕਰਕੇ ਅਜੋਕੀ ਪੀੜ੍ਹੀ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ।ਉਹ ਗਾਂ ਨੂੰ ਗਾਂ ਨਹੀਂ ਕਹਿੰਦੀ ਕਾਓ ਕਹਿੰਦੀ ਹੈ, ਮਾਂ ਨੂੰ ਮਦਰ ਅਤੇ ਪਿਤਾ ਨੂੰ ਫਾਦਰ ਦੱਸਦੀ ਹੈ।ਕੁੜਤੇ ਪਜਾਮੇ ਵਾਲੇ ਵਿਅਕਤੀ ਨੂੰ ਅਨਪੜ੍ਹ ਅਤੇ ਪੈਂਟ ਸ਼ਰਟ ਵਾਲੇ ਨੂੰ ਵਿਦਵਾਨ ਕਹਿੰਦੀ ਹੈ। ਇਨ੍ਹਾਂ ਭਟਕਿਆਂ ਹੋਇਆਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹ ਕਿਹੜੀ ਕਿਤਾਬ ਵਿਚ ਲਿਖਿਆ ਹੈ ਕਿ ਕੁੜਤੇ ਪਜ਼ਾਮੇ ਵਾਲੇ ਜਾਂ ਸਾਦੀ ਜ਼ਿੰਦਗੀ ਗੁਜ਼ਾਰਨ ਵਾਲੇ ਅਨਪੜ੍ਹ ਹੁੰਦੇ ਹਨ। ਘਰਾਂ ਵਿੱਚ ਪੰਜਾਬੀ ਬੋਲਣ ਤੇ ਲਗਾਈਆਂ ਜਾਂਦੀਆਂ ਪਾਬੰਦੀਆਂ ਕਰਕੇ ਪੰਜਾਬੀਆਂ ਨੇ ਹੀ ਆਪਣੀ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਗੁਰਾਂ ਦੇ ਨਾਂ ’ਤੇ ਜਿਉਣ ਵਾਲੇ ਪੰਜਾਬੀ ਅੱਜ-ਕਲ੍ਹ ਦਿਖਾਵੇ ਦੀ ਜ਼ਿੰਦਗੀ ਜੀ ਰਹੇ ਹਨ, ਜਿਸ ਦਾ ਭਵਿੱਖ ਬਹੁਤ ਧੁੰਦਲਾ ਅਤੇ ਸੰਕਟਾਂ ਭਰਪੂਰ ਦਿਸ ਰਿਹਾ ਹੈ। (Punjab)

ਹੱਲ : ਉਪਰੋਕਤ ਵੱਖ ਵੱਖ ਸੰਕਟਾਂ ਦੇ ਹੱਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਰਸਾਨੀ ਅਤੇ ਜਵਾਨੀ ਨੂੰ ਬਚਾਉਣ ਦੀ ਲੋੜ ਹੈ। ਨਸ਼ਿਆਂ ਦੀ ਖਾਤਮੇ ਲਈ ਲੋਕਾਂ ਨੂੰ ਆਪਣੀ ਆਵਾਜ ਬੁਲੰਦ ਕਰਨੀ ਹੋਵੇਗੀ। ਕਿਸਾਨਾਂ ਨੂੰ ਫਸਲਾਂ ਦੇ ਵਾਜ਼ਿਬ ਰੇਟ ਪ੍ਰਦਾਨ ਕਰਦੇ ਹੋਏ, ਸੁਚੱਜਾ ਮੰਡੀਕਰਨ ਦੇ ਨਾਲ-ਨਾਲ ਉਹਨਾਂ ਦੀਆਂ ਬਾਕੀ ਮੁਸ਼ਕਲਾਂ ਦਾ ਵੀ ਹੱਲ ਲੱਭਣਾ ਹੋਵੇਗਾ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸਿੱਖਿਆ ਨੂੰ ਸਮੇਂ ਦੀ ਹਾਣੀ ਅਤੇ ਹਰ ਇੱਕ ਦੀ ਪਹੁੰਚ ਵਿੱਚ ਕਰਨ ਲਈ ਸਿੱਖਿਆ ਦੇ ਵਪਾਰੀਕਰਨ ’ਤੇ ਨਕੇਲ ਕਸਣ ਦੇ ਨਾਲ ਨਾਲ ਕਿੱਤਾਮੁਖੀ ਸਿੱਖਿਆ ’ਤੇ ਜ਼ੋਰ ਦੇਣਾ ਹੋਵੇਗਾ। ਰਿਸਵਤ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਸਹਿਯੋਗ ਦੀ ਬਹੁਤ ਲੋੜ ਹੈ। ਸ਼ਿਕਾਇਤ ਕਰਨ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇ ਅਤੇ ਰਿਸ਼ਵਤਖੋਰ ਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ। (Punjab)

ਇਹ ਵੀ ਪੜ੍ਹੋ : ਦਿੱਲੀ ਕਾਨਫਰੰਸ ’ਚ ਬਿਜਲੀ ਮੰਤਰੀ ਹਰਭਜਨ ਨੇ ਸੈੱਸ ਵਸੂਲੇ ਜਾਣ ਦਾ ਮੁੱਦਾ ਚੁੱਕਿਆ

ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਨਾਲ ਨਾਲ ਆਪਣੇ ਵਿਰਸੇ ਨਾਲ ਜੋੜੀ ਰੱਖਣਾ ਵੀ ਬਹੁਤ ਜਰੂਰੀ ਹੈ ਕਦੇ ਇਹ ਨਾ ਹੋਵੇ ਉਹ ਇਹੀ ਭੁੱਲ ਜਾਣ ਕਿ ਅਸੀਂ ਕੌਣ ਹਾਂ।ਪੰਜਾਬ ਦੇ ਬਹੁ ਪੱਖੀ ਸੰਕਟ ਦੇ ਹੱਲ ਲਈ ਸਰਕਾਰ, ਨੀਤੀ ਘਾੜਿਆਂ, ਬੁੱਧੀਜੀਵੀਆਂ, ਲੇਖਕਾਂ ਅਤੇ ਸਮਾਜਿਕ ਕਾਰਕੁੰਨਾ ਨੂੰ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਨਾ ਹੋਵੇਗਾ,ਇਸ ਲਈ ਇੱਕ ਨਵੰਬਰ ਦਾ ਦਿਨ ਸਹੀ ਹੋਵੇਗਾ, ਜਿਸ ਦਿਨ ਪੰਜਾਬ ਦਿਵਸ ਮਨਾਇਆ ਜਾਵੇਗਾ। ਅੱਜ ਲੋੜ ਹੈ ਸਾਰੀਆਂ ਪਾਰਟੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ’ਤੇ ਇਕੱਠੇ ਹੋ ਕੇ ਇੱਕ ਠੋਸ ਨੀਤੀ ਬਣਾਉਣ ਦੀ ਅਤੇ ਉਸ ਨੂੰ ਪਾਰਦਰਸ਼ੀ ਨਾਲ ਲਾਗੂ ਕਰਨ ਦੀ ਤਾਂ ਜੋ ਪੰਜਾਬ ਨੂੰ ਇੱਕ ਵਾਰ ਫਿਰ ਸੋਨੇ ਦੀ ਚਿੜੀ ਬਣਾਇਆ ਜਾ ਸਕੇ।