ਪੰਜਾਬੀ ਯੂਨੀਵਰਸਿਟੀ ਨੇ 50 ਹਜ਼ਾਰ ’ਚ ਰੱਖਿਆ ਰੀ-ਅਪੀਅਰ ਦਾ ‘ਗੋਲਡਨ ਚਾਂਸ’

Punjabi University

ਸਬੰਧਿਤ ਤਾਰੀਖ ਤੋਂ ਬਾਅਦ ਗੋਲਡਨ ਚਾਂਸ ਲੈਣ ਲਈ 5 ਹਜ਼ਾਰ ਰੱਖੀ ਲੇਟ ਫੀਸ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵੱਲੋਂ ਵਿਦਿਆਰਥੀਆਂ ਨੂੰ ‘ਗੋਲਡਨ ਚਾਂਸ’ ਦੇ ਨਾਂਅ ’ਤੇ ਆਪਣੇ ਖਾਲੀ ਖਜਾਨੇ ਵਿੱਚ ਸਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਰੀ-ਅਪੀਅਰ ਦੇ ਪੇਪਰ ਸਬੰਧੀ 50 ਹਜ਼ਾਰ ਰੁਪਏ ਦੇ ਨਾਲ ਹੀ ਪ੍ਰੀਖਿਆ ਫੀਸ ਵੱਖਰੀ ਰੱਖੀ ਗਈ ਹੈ। ਇੱਧਰ ਯੂਨੀਵਰਸਿਟੀ ਵੱਲੋਂ ਦਿੱਤੇ ਇਸ ਗੋਲਡਨ ਚਾਂਸ ਦੀ ਫੀਸ ਸਬੰਧੀ ਉਂਗਲ ਚੁੱਕੀ ਗਈ ਹੈ ਅਤੇ ਇਸ ਨੂੰ ਵਿਦਿਆਰਥੀਆਂ ਦੀ ਲੁੱਟ ਗਰਦਾਨਿਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਆਖਿਆ ਗਿਆ ਹੈ ਕਿ ਜੋ ਵਿਦਿਆਰਥੀ ਰੀ-ਅਪੀਅਰ ਕਾਰਨ ਆਪਣੀ ਡਿਗਰੀ ਪੂਰੀ ਨਹੀਂ ਕਰ ਸਕੇ, ਉਨ੍ਹਾਂ ਨੂੰ ਇੱਕ ਵਿਸ਼ੇਸ ਮੌਕਾ ਦਿੱਤਾ ਜਾ ਰਿਹਾ ਹੈ।

ਇਹ ਵਿਸ਼ੇਸ ਮੌਕੇ ਗੋਲਡਨ ਚਾਂਸ ਦੇ ਰੂਪ ਵਿੱਚ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ (Punjabi University) ਵੱਲੋਂ ਇਸ ਗੋਲਡਨ ਚਾਂਸ ਦੀ ਫੀਸ 50 ਹਜ਼ਾਰ ਰੱਖੀ ਗਈ ਹੈ ਜਦੋਂ ਕਿ ਇਸ ਤੋਂ ਬਿਨਾਂ ਅਲੱਗ ਤੌਰ ’ਤੇ ਪ੍ਰੀਖਿਆ ਫੀਸ ਵੀ ਲਈ ਜਾਵੇਗੀ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਇਹ ਗੋਲਡਨ ਚਾਂਸ ਲਗਭਗ 55 ਹਜ਼ਾਰ ਰੁਪਏ ਵਿੱਚ ਪਵੇਗਾ। ਪ੍ਰੀਖਿਆ ਫੀਸ ਭਰਨ ਦੀ ਆਖਰੀ ਤਾਰੀਖ 10 ਫਰਵਰੀ 2023 ਰੱਖੀ ਗਈ ਹੈ। ਇੱਥੇ ਹੀ ਬੱਸ ਨਹੀਂ ਜੇਕਰ ਕੋਈ ਵਿਦਿਆਰਥੀ ਇਸ ਪ੍ਰੀਖਿਆ ਦੀ ਆਖਰੀ ਤਾਰੀਖ ਤੱਕ ਰਹਿ ਜਾਵੇ ਤਾਂ ਇਸ ਤੋਂ ਹਫ਼ਤਾ ਬਾਅਦ ਵੀ ਗੋਲਡਨ ਚਾਂਸ ਦੀ ਫੀਸ ਭਰ ਸਕਦਾ ਹੈ, ਪਰ ਉਸ ਨੂੰ ਲੇਟ ਫੀਸ 5 ਹਜ਼ਾਰ ਰੁਪਏ ਹੋਰ ਦੇਣੀ ਹੋਵੇਗੀ।

ਗੋਲਡਨ ਚਾਂਸ ਦੀ ਫੀਸ ਪੰਜ ਹਜ਼ਾਰ ਜਾਂ ਇਸ ਤੋਂ ਕੁਝ ਵੱਧ

ਇਹ ਗੋਲਡਨ ਚਾਂਸ ਤਹਿਤ ਵਿਦਿਆਰਥੀ ਵੱਧ ਤੋਂ ਵੱਧ ਦੋ ਪੇਪਰਾਂ ਦੀ ਰੀ-ਅਪੀਅਰ ਜਾਂ ਵੱਧ ਤੋਂ ਵੱਧ ਦੋ ਸਮੈਸਟਰਾਂ ਲਈ ਹੋਵੇਗਾ। ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਇਸ ਗੋਲਡਨ ਚਾਂਸ ’ਤੇ ਸੁਆਲ ਵੀ ਖੜ੍ਹੇ ਹੋ ਗਏ ਹਨ ਕਿ ਜੇਕਰ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਰੀ-ਅਪੀਅਰ ਕਲੀਅਰ ਕਰਨ ਲਈ ਮੌਕਾ ਹੀ ਦੇਣ ਸੀ ਤਾਂ ਫੀਸ ਵਾਜਬ ਹੋਣੀ ਚਾਹੀਦੀ ਸੀ, ਜਦੋਂਕਿ ਬਾਕੀ ਹੋਰ ਯੂਨੀਵਰਸਿਟੀਆਂ ਵਿੱਚ ਗੋਲਡਨ ਚਾਂਸ ਦੀ ਫੀਸ ਪੰਜ ਹਜ਼ਾਰ ਜਾਂ ਇਸ ਤੋਂ ਕੁਝ ਵੱਧ ਹੈ, ਪਰ ਪੰਜਾਬੀ ਯੂਨੀਵਰਸਿਟੀ ਤਾਂ ਵਿਦਿਆਰਥੀਆਂ ਦੇ ਕੱਪੜੇ ਉਤਾਰਨ ’ਤੇ ਤੁਲ ਗਈ ਹੈ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਕਰੋੜਾਂ ਦੇ ਘਾਟੇ ਵਿੱਚ ਚੱਲ ਰਹੀ ਹੈ ਅਤੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗੀ ਵੀ ਨਹੀਂ ਰਹੀ। ਆਪਣੇ ਵਿੱਤੀ ਘਾਟੇ ’ਚ ਫਸੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਗੋਲਡਨ ਚਾਂਸ ਦੇ ਕੇ ਆਪਣੇ ਖਜ਼ਾਨੇ ਨੂੰ ਕੁਝ ਹੁਲਾਰਾ ਦੇਣ ਦੀ ਕੋਸ਼ਿਸ ਕੀਤੀ ਗਈ ਹੈ।

ਗੋਲਡਨ ਚਾਂਸ ਦੀ ਫੀਸ ਸਿੰਡੀਕੇਟ ਦੀ ਮੀਟਿੰਗ ਤੋਂ ਪ੍ਰਵਾਨਿਤ : ਵਾਈਸ ਚਾਂਸਲਰ

ਇਸ ਸਬੰਧੀ ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਈਸ ਚਾਂਸਲਰ ਪ੍ਰੋ: ਅਰਵਿੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੋਲਡਨ ਚਾਂਸ ਪਹਿਲਾਂ ਤੋਂ ਸਿੰਡੀਕੇਟ ਦੀ ਮੀਟਿੰਗ ਵਿੱਚ ਪ੍ਰਵਾਨਿਤ ਹੈ ਅਤੇ ਉਨ੍ਹਾਂ ਵੱਲੋਂ ਜੋ ਫੀਸ ਰੱਖੀ ਗਈ ਹੈ, ਉਸੇ ਅਨੁਸਾਰ ਹੀ ਹੈ। ਉਨ੍ਹਾਂ ਕਿਹਾ ਕਿ ਇਹ ਸਪੈਸ਼ਲ ਗੋਲਡਨ ਚਾਂਸ ਉਨ੍ਹਾਂ ਵਿਦਿਆਰਥੀਆਂ ਲਈ ਹੈ , ਜੋ ਕਦੇ ਪਾਸ ਹੀ ਨਹੀਂ ਹੋਏ। ਜਦੋਂ ਉਨ੍ਹਾਂ ਤੋਂ ਬਾਕੀ ਯੂਨੀਵਰਸਿਟੀਆਂ ਦੇ ਗੋਲਡਨ ਚਾਂਸ ਦੀ ਬਹੁਤ ਘੱਟ ਰਾਸ਼ੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਰੇਕ ਯੂਨੀਵਰਸਿਟੀ ਦਾ ਆਪਣਾ ਅਲੱਗ ਕਾਰਜ ਹੈ।

ਯੂਨੀਵਰਸਿਟੀ ਨੇ ਸਿੱਖਿਆ ਦਾ ਵਪਾਰੀਕਰਨ ਕੀਤਾ : ਕੁਲਵਿੰਦਰ ਸਿੰਘ

ਇਸ ਸਬੰਧੀ ਪੀਐੱਸਯੂ ਜਥੇਬੰਦੀ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਗੋਲਡਨ ਚਾਂਸ ਵਿਦਿਆਰਥੀਆਂ ਦੀ ਸਿੱਧੀ ਲੁੱਟ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮੁਨਾਫ਼ਾ ਅਧਾਰਿਤ ਪ੍ਰਬੰਧ ਸਮਾਜ ਦੇ ਬਹੁ-ਗਿਣਤੀ ਵਰਗ ਨੂੰ ਹਾਸ਼ੀਏ ਵੱਲ ਧੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਿਆਰੀ ਤੇ ਸਸਤੀ ਸਿੱਖਿਆ ਦੇਣ ਦਾ ਵਾਅਦਾ ਪੂਰਾ ਕਰੇ ਅਤੇ ਯੂਨੀਵਰਸਿਟੀ ਦਾ ਇਹ ਤੁਗਲਕੀ ਫੁਰਮਾਨ ਵਾਪਸ ਲਿਆ ਜਾਵੇ। ਕੁਲਵਿੰਦਰ ਸਿੰਘ ਨੇ ਕਿਹਾ ਕਿ 50 ਹਜ਼ਾਰ ਰੁਪਏ ਵਿੱਚ ਤਾਂ ਵਿਦਿਆਰਥੀ ਬੀਏ ਅਤੇ ਅੱੈਮਏ ਦੀ ਡਿਗਰੀ ਪੂਰੀ ਕਰ ਲੈਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ