ਪੰਜਾਬੀ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਹੀ ਕਾਰਗਰ ਸਿੱਧ ਹੋਣਗੇ : ਡਾ. ਅਰਵਿੰਦ
ਸੱਚ ਕਹੂੰ ਨਿਊਜ, ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੰਜਾਬੀ ਪੀਡੀਆ ਕੇਂਦਰ ਵੱਲੋਂ ਤਿਆਰ ਪੰਜਾਬੀ ਪੀਡੀਆ ਐਂਡਰੋਇਡ ਮੋਬਾਈਲ ਅਧਾਰਿਤ ਐਪ ਰਿਲੀਜ ਕੀਤੀ ਗਈ। ਸਿੰਡੀਕੇਟ ਰੂਮ ਵਿਚ ਇਸ ਸੰਬੰਧੀ ਰੱਖੇ ਗਏ ਇੱਕ ਪ੍ਰੋਗਰਾਮ ਮੌਕੇ ਡਾ. ਪਰਗਟ ਸਿੰਘ, ਰਿਟਾਇਰਡ ਲੀਡਰ ਮੈਥੇਮੈਟਿਕਸ ਗਰੁੱਪ, ਲੰਡਨ ਮੈਟਰੋਪੌਲਿਟਨ ਯੂਨੀਵਰਸਿਟੀ, ਯੂਕੇ ਅਤੇ ਚੇਅਰਮੈਨ ਸਿੱਖ ਐਜੂਕੇਸਨ ਕੌਂਸਲ ਯੂਕੇ ਆਨਲਾਈਨ ਵਿਧੀ ਰਾਹੀਂ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ ਅਤੇ ਵਿਕਰਮ ਜੀਤ ਦੁੱਗਲ, ਡੀ.ਆਈ.ਜੀ., ਪਟਿਆਲਾ ਰੇਂਜ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ।
ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇਸ ਮੌਕੇ ਆਪਣੇ ਪ੍ਰਧਾਨਗੀ ਭਾਸਣ ਵਿਚ ਕਿਹਾ ਕਿ ਭਾਵੇਂ ਪੰਜਾਬੀ ਪੀਡੀਆ ਰਾਹੀਂ ਕੀਤਾ ਗਿਆ ਸਮੁੱਚਾ ਕਾਰਜ ਪਹਿਲਾਂ ਹੀ ਵੈੱਬਸਾਈਟ ਉੱਪਰ ਮੌਜ਼ੂਦ ਹੈ ਪਰ ਮੋਬਾਈਲ ਐਪ ਰਾਹੀਂ ਇਹ ਹਰੇਕ ਪੰਜਾਬੀ ਦੀ ਸਿੱਧੀ ਪਹੁੰਚ ਵਿੱਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਅਸੀਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿਚ ਤਕਨਾਲੌਜੀ ਨੂੰ ਨਜਰਅੰਦਾਜ ਕਰ ਕੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਹੀ ਕਾਰਗਰ ਸਿੱਧ ਹੋਣਗੇ।
ਮੁੱਖ ਮਹਿਮਾਨ ਡਾ. ਪਰਗਟ ਸਿੰਘ ਵੱਲੋਂ ਇਸ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਗਿਆ ਕਿ ਉਹ ਵਿਦੇਸਾਂ ਵਿਚ ਬੈਠੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਸਲਾਘਾਯੋਗ ਕਦਮਾਂ ਨੂੰ ਵੇਖਦੇ ਹਨ ਤਾਂ ਬਹੁਤ ਖੁਸੀ ਹੁੰਦੀ ਹੈ। ਵਿਸੇਸ ਮਹਿਮਾਨ ਵਿਕਰ ਜੀਤ ਦੁੱਗਲ ਨੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਦੱਖਣੀ ਭਾਰਤ ਤੋਂ ਸਬਕ ਲੈਣ ਦੀ ਲੋੜ ਹੈ ਕਿ ਕਿਵੇਂ ਤਕਨਾਲੌਜੀ ਦੀ ਮਦਦ ਨਾਲ ਆਪਣੀ ਮਾਤ ਭਾਸਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਸਕਦਾ ਹੈ। ਪੰਜਾਬੀਪੀਡੀਆ ਕੇਂਦਰ ਦੇ ਕੋਆਰਡੀਨੇਟਰ ਡਾ. ਵਿਸਾਲ ਗੋਇਲ ਵੱਲੋਂ ਇਸ ਪ੍ਰੋਗਰਾਮ ਵਿੱਚ ਸਵਾਗਤੀ ਭਾਸਣ ਦਿੱਤਾ ਗਿਆ ਜਦੋਂ ਕਿ ਕੋ-ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਅਤੇ ਇੰਜ. ਚਿਰੰਜੀਵ ਸਿੰਘ ਵੱਲੋਂ ਇਸ ਐਪ ਦੀ ਵਰਤੋਂ, ਲੋੜ, ਮਹੱਤਤਾ ਆਦਿ ਬਾਰੇ ਵਿਸਥਾਰ ਵਿਚ ਦੱਸਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ