ਕੱਚੇ ਅਧਿਆਪਕਾਂ ਨੇ ਦੂਜੇ ਦਿਨ ਵੀ ਬੰਦ ਕੀਤੇ ਵਿਦਿਆ ਭਵਨ ਦੇ ਗੇਟ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ

Teachers Protest Sachkahoon

ਕੱਚੇ ਅਧਿਆਪਕਾਂ ਨੇ ਦੂਜੇ ਦਿਨ ਵੀ ਬੰਦ ਕੀਤੇ ਵਿਦਿਆ ਭਵਨ ਦੇ ਗੇਟ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ

ਕੁਲਵੰਤ ਕੋਟਲੀ, ਮੋਹਾਲੀ। ਕੱਚੇ ਅਧਿਆਪਕ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਵਿੱਦਿਆ ਭਵਨ ਦੇ ਸਵੇਰੇ ਤੋਂ ਹੀ ਸਾਰੇ ਗੇਟ ਬੰਦ ਕੀਤੇ ਗਏ। ਗੇਟ ਬੰਦ ਹੋਣ ਕਾਰਨ ਅੱਜ ਫਿਰ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦਾ ਕੋਈ ਵੀ ਮੁਲਾਜ਼ਮ ਅੰਦਰ ਨਹੀਂ ਜਾ ਸਕਿਆ। ਉਡੀਕ ਕਰਨ ਤੋਂ ਬਾਅਦ ਮੁਲਾਜ਼ਮ ਆਪਣੇ ਘਰਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਗਏ। ਸਿੱਖਿਆ ਸਕੱਤਰ ਸਮੇਤ ਹੋਰ ਅਧਿਕਾਰੀ ਵੀ ਆਪਣੇ ਦਫ਼ਤਰਾਂ ਵਿੱਚ ਨਾ ਜਾ ਸਕੇ।

ਜ਼ਿਕਰਯੋਗ ਹੈ ਕਿ ਆਪਣੀ ਪਿਛਲੇ ਕਈ ਕਈ ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ਉਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਆ ਰਹੇ ਵੱਖ ਵੱਖ ਕੈਟਾਗਿਰੀਆਂ ਦੇ ਅਧਿਆਪਕਾਂ ਵੱਲੋਂ ਕੱਚੇ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਸੰਘਰਸ਼ ਕੀਤਾ ਜਾ ਰਿਹਾ ਹੈ। ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਵਿੱਦਿਆ ਭਵਨ ਅੱਗੇ ਪੱਕਾ ਧਰਨਾ ਲਗਾਇਆ ਨੂੰ 50 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਸਰਕਾਰ ਨਾਲ ਕਈ ਮੀਟਿੰਗ ਵੀ ਹੋਈ, ਪਰ ਅਜੇ ਤੱਕ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ। ਵਿਦਿਆ ਭਵਨ ਦੀ ਛੱਤ ਉਤੇ ਚੜ੍ਹੇ ਅਧਿਆਪਕ ਦਿਨ ਰਾਤ ਉਪਰ ਡੱਟੇ ਹੋਏ ਹਨ। ਬੀਤੇ ਕੱਲ ਵੀ ਸੰਘਰਸ਼ਕਾਰੀਆਂ ਨੇ ਸਾਰੇ ਗੇਟ ਬੰਦ ਕਰਕੇ ਕਿਸੇ ਵੀ ਅਧਿਕਾਰੀ, ਮੁਲਾਜ਼ਮ ਨੂੰ ਦਫ਼ਤਰ ਅੰਦਰ ਨਹੀਂ ਜਾਣ ਦਿੱਤਾ ਸੀ, ਅੱਜ ਫਿਰ ਦੂਜੇ ਦਿਨ ਸਾਰੇ ਗੇਟ ਬੰਦ ਹਨ।

ਇਸ ਤੋਂ ਬਾਅਦ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮੌਕੇ ਉਤੇ ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਸੂਬਾਈ ਕਨਵੀਨਰ ਅਜਮੇਰ ਸਿੰਘ ਔਲਖ, ਮੈਡਮ ਗਗਨ ਅਬੋਹਰ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਪੰਨੂ, ਵੀਰਪਾਲ ਕੌਰ ਸਿਧਾਨਾ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਆਗੂਆਂ ਨੇ ਦੱਸਿਆ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਉਤੇ ਸਰਕਾਰ ਨੇ ਭਰੋਸਾ ਦਿੱਤਾ ਕਿ ਜੋ ਪਹਿਲਾਂ ਹੀ ਯੂਨੀਅਨ ਨਾਲ ਤੈਅ ਹੋ ਚੁੱਕਿਆ ਹੈ ਕਿ 8393 ਅਸਾਮੀਆਂ ਉਤੇ ਕੱਚੇ ਅਧਿਆਪਕਾਂ ਨੂੰ ਭਰਤੀ ਕੀਤਾ ਜਾਵੇਗਾ। ਮੀਟਿੰਗ ਵਿੱਚ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੋ ਕੈਬਨਿਟ ਦੀ ਮੀਟਿੰਗ ਹੋਵੇਗੀ ਉਸ ਵਿੱਚ ਕੱਚੇ ਅਧਿਆਪਕਾਂ ਦਾ ਮਸਲਾ ਹੱਲ ਕੀਤਾ ਜਾਵੇਗਾ।

ਇਹ ਵੀ ਭਰੋਸਾ ਦਿੱਤਾ ਗਿਆ ਕਿ ਜੋ ਸਰਕਾਰ 10 ਸਾਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਲੈ ਕੇ ਆ ਰਹੀ ਹੈ ਉਸ ਵਿੱਚ ਰਹਿੰਦੇ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਕੱਚੇ ਅਧਿਆਪਕ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਜੋ ਵਿਦਿਆ ਭਵਨ ਦੇ ਗੇਟ ਬੰਦ ਕੀਤੇ ਹੋਏ ਹਨ, ਉਹ ਅੱਜ ਖੋਲ੍ਹ ਦਿੱਤੇ ਗਏ। ਯੂਨੀਅਨ ਨੇ ਇਹ ਵੀ ਐਲਾਨ ਕੀਤਾ ਕਿ ਪੱਕਾ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਜੋ ਵਿਦਿਆ ਭਵਨ ਦੀ ਛੱਤ ਉਤੇ ਚੜ੍ਹੇ ਹੋਏ ਹਨ ਉਹ ਉਤੇ ਰਹਿਣਗੇ। ਯੂਨੀਅਨ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਆਪਣੇ ਗੁਪਤ ਐਕਸ਼ਨ ਜਾਰੀ ਰੱਖੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।