ਕੋਰੋਨਾ ਕਾਰਨ ਆਈ ਮੰਦੀ ‘ਤੇ ਫਤਿਹ ਹਾਸਲ ਕਰਕੇ ਦੂਜੇ ਸੂਬਿਆਂ ਲਈ ਪੰਜਾਬ ਬਣੇਗਾ ਚਾਨਣ ਮੁਨਾਰਾ : ਵਿੱਤ ਮੰਤਰੀ

ਖੇਤੀ ਅਰਥਚਾਰਾ ਬਦਲੇਗਾ ਸੂਬੇ ਦੀ ਆਰਥਿਕ ਤਕਦੀਰ

ਸੂਬਾ ਸਰਕਾਰ ਲੋਕ ਇੱਛਾਵਾਂ ਅਨੁਸਾਰ ਆਪਣੀਆਂ ਅਗਲੀਆਂ ਨੀਤੀਆਂ ਬਣਾਏਗੀ

ਬਠਿੰਡਾ, (ਸੁਖਜੀਤ ਮਾਨ) ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਬਿਹਤਰ ਆਰਥਿਕ ਪ੍ਰਬੰਧਨ ਰਾਹੀਂ ਕੋਵਿਡ 19 ਸੰਕਟ ਕਾਰਨ ਆਈ ਮੰਦੀ ਵਿਚੋਂ ਸਫਲਤਾ ਨਾਲ ਬਾਹਰ ਨਿਕਲਣ ਵਿਚ ਕਾਮਯਾਬ ਹੋਵੇਗਾ ਅਤੇ ਸੁਚੱਜੇ ਪ੍ਰਬੰਧਨ ਰਾਹੀਂ ਪੰਜਾਬ ਰਾਜ ਦੂਜਿਆਂ ਸੂਬਿਆਂ ਲਈ ਚਾਣਨ ਮੁਨਾਰਾ ਸਾਬਤ ਹੋਵੇਗਾ। ਵਿੱਤ ਮੰਤਰੀ ਅੱਜ ਬਠਿੰਡਾ ਸ਼ਹਿਰ ਦੇ ਬਜਾਰਾਂ ਅਤੇ ਮੁਹੱਲਿਆਂ ਵਿੱਚ ਲੋਕਾਂ ਨਾਲ ਮਿਲ ਕੇ ਸੂਬੇ ਦੇ ਅਰਥਚਾਰੇ ਸਬੰਧੀ ਉਨ੍ਹਾਂ ਦੇ ਸੁਝਾਅ ਲੈਣ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਸੁਣਨ ਪੁੱਜੇ ਸਨ

ਵਿੱਤ ਮੰਤਰੀ ਨੇ ਕਿਹਾ ਕਿ ਜਦ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਵਧੇਗੀ ਤਾਂ ਮਾਰਕਿਟ ਵਿਚ ਤੇਜੀ ਆਵੇਗੀ। ਉਨ੍ਹਾਂ ਕਿਹਾ ਕਿ ਕਣਕ, ਆਲੂ ਅਤੇ ਕਿੰਨੂੰ ਦੇ ਮੰਡੀਕਰਨ ਤੋਂ ਦਿਹਾਤੀ ਪੰਜਾਬ ਵਿੱਚ 32000 ਕਰੋੜ ਰੁਪਏ ਪਹੁੰਚੇ ਹਨ ਅਤੇ ਇਹ ਰਕਮ ਜਦ ਆਉਣ ਵਾਲੇ 4-5 ਮਹੀਨਿਆਂ ਵਿਚ ਲੋਕਾਂ ਵੱਲੋਂ ਖਰਚੀ ਜਾਵੇਗੀ ਤਾਂ ਬਜਾਰ ਅਤੇ ਸੂਬੇ ਦਾ ਸਮੁੱਚਾ ਅਰਥਚਾਰਾ ਮੰਦੀ ਵਿਚੋਂ ਨਿਕਲ ਆਵੇਗਾ।

ਉਨ੍ਹਾਂ ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਬਜਾਰਾਂ ਅਤੇ ਮੁਹੱਲਿਆਂ ਵਿੱਚ ਪੁੱਜ ਕੇ ਲੋਕਾਂ ਨਾਲ ਵਿਸਥਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਕਟ ਦੇ ਸਮੇਂ ਵਿੱਚ ਲੋਕ ਹਿੱਤ ਦੀਆਂ ਨੀਤੀਆਂ ਚੰਡੀਗੜ੍ਹ ਜਾਂ ਦਿੱਲੀ ਬੈਠ ਕੇ ਨਹੀਂ ਬਣਾਈਆਂ ਜਾ ਸਕਦੀਆਂ ਹਨ ਇਸ ਲਈ ਉਹ ਖੁਦ ਲਗਾਤਾਰ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਸੁਝਾਅ ਲੈ ਰਹੇ ਹਨ ਤਾਂ ਜੋ ਲੋਕ ਇੱਛਾਵਾਂ ਅਨੁਸਾਰ ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿਚ ਆਪਣੀਆਂ ਨੀਤੀਆਂ ਬਣਾ ਸਕੇ ਅਤੇ ਕੋਵਿਡ 19 ਕਾਰਨ ਪੈਦਾ ਹੋਏ ਸੰਕਟ ਵਿੱਚੋਂ ਸਭ ਨੂੰ ਕੱਢਿਆ ਜਾ ਸਕੇ।

 

ਵਿੱਤ ਮੰਤਰੀ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਇਸ ਸਮੇਂ ਲੋਕਾਂ ਦੇ ਮਨਾਂ ਵਿੱਚੋਂ ਬਿਮਾਰੀ ਦਾ ਸਹਿਮ ਅਤੇ ਡਰ ਕੱਢਣਾ ਵੀ ਜਰੂਰੀ ਹੈ। ਇਸੇ ਉਦੇਸ਼ ਤਹਿਤ ਰਾਜ ਸਰਕਾਰ ਨੇ ਮਿਸ਼ਨ ਫਤਿਹ ਲਾਂਚ ਕੀਤਾ ਹੈ ਤਾਂ ਕਿ ਜਨ ਸਧਾਰਨ ਦੇ ਮਨ ਵਿੱਚ ਇਸ ਬਿਮਾਰੀ ਦੇ ਨਾਲ ਲੜਨ ਦਾ ਜਜਬਾ ਪੈਦਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਇਸ ਬਿਮਾਰੀ ਨੂੰ ਦੂਰ ਰੱਖਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਇਸ ਦੌਰਾਨ ਵਿੱਤ ਮੰਤਰੀ ਨੇ ਅੱਜ ਆਰੀਆ ਸਮਾਜ ਚੌਕ ਤੋਂ ਕਿਲਾ ਮੁਬਾਰਕ ਮਾਰਕਿਟ ਤੱਕ ਬਜਾਰ ਦਾ ਅਤੇ ਇਸ ਤੋਂ ਬਿਨ੍ਹਾਂ ਸ਼ਕਤੀ ਨਗਰ, ਟੈਗੋਰ ਨਗਰ, ਪੰਚਵਟੀ ਨਗਰ ਆਦਿ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਪਵਨ ਮਾਨੀ, ਮੋਹਨ ਲਾਲ ਝੁੰਬਾ, ਰਾਜਨ ਗਰਗ, ਰਾਜ ਨੰਬਰਦਾਰ, ਯੂਥ ਪ੍ਰਧਾਨ ਕਾਂਗਰਸ ਬਲਜੀਤ ਸਿੰਘ ਅਤੇ ਹਰੀ ਓਮ ਠਾਕੁਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।