Punjab Weather and AQI Today: ਪੰਜਾਬ ਨਾਲੋਂ ਹਰਿਆਣਾ ਦੀ ਆਬੋ-ਹਵਾ ਵਧੇਰੇ ਜ਼ਹਿਰੀਲੀ

Punjab Weather and AQI Today
Punjab Weather and AQI Today: ਪੰਜਾਬ ਨਾਲੋਂ ਹਰਿਆਣਾ ਦੀ ਆਬੋ-ਹਵਾ ਵਧੇਰੇ ਜ਼ਹਿਰੀਲੀ

Punjab Weather and AQI Today: ਪੰਜਾਬ ਦੇ ਸ਼ਹਿਰਾਂ ਦਾ ਏਕਿਊਆਈ ਪੱਧਰ 300 ਤੋਂ ਹੇਠਾਂ, ਹਰਿਆਣਾ ਦੇ ਕਈ ਸ਼ਹਿਰਾਂ ਦਾ 400 ਤੋਂ ਟੱਪਿਆ

Punjab Weather and AQI Today: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਤੋਂ ਬਾਅਦ ਸੂਰਜ ਦੇ ਦਰਸ਼ਨ ਹੋਣ ਨਾਲ ਹਵਾ ਗੁਣਵੱਤਾ ਵਿੱਚ ਸੁਧਾਰ ਪਾਇਆ ਜਾ ਰਿਹਾ ਹੈ, ਜਦੋਂਕਿ ਹਰਿਆਣਾ ਦੀ ਸਥਿਤੀ ਪੰਜਾਬ ਨਾਲੋਂ ਖਰਾਬ ਬਣੀ ਹੋਈ ਹੈ। ਇਸ ਦੇ ਨਾਲ ਹੀ ਦਿੱਲੀ ਦੇ ਲੋਕਾਂ ਨੂੰ ਬੇਹੱਦ ਖਤਰਨਾਕ ਹਵਾ ਗੁਣਵੱਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read Also : Dengue: ਡੇਂਗੂ ’ਤੇ ਨਵੇਂ ਖੁਲਾਸੇ ਚਿੰਤਾਜਨਕ

ਜਾਣਕਾਰੀ ਅਨੁਸਾਰ ਪੰਜਾਬ ਅੰਦਰ ਪਿਛਲੇ ਦੋਂ ਦਿਨਾਂ ਤੋਂ ਸਵੇਰ ਵੇਲੇ ਸੰਘਣੀ ਧੁੰਦ ਪੈ ਰਹੀ ਹੈ, ਜਿਸ ਨਾਲ ਨਾਲ ਕਿ ਆਵਾਜਾਈ ਸਮੇਤ ਸਵੇਰ ਮੌਕੇ ਕੰਮਾਂ-ਕਾਰਾਂ ਦੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ ਧੁੰਦ ਕਾਰਨ ਬਹੁਤੀ ਦੂਰ ਤੱਕ ਕੋਈ ਵੀ ਚੀਜ਼ ਨਜ਼ਰ ਨਹੀਂ ਆ ਰਹੀ ਸੀ ਇਸ ਤੋਂ ਬਾਅਦ 11 ਵਜੇਂ ਦੇ ਕਰੀਬ ਸੂਰਜ ਦੇਵਤਾ ਦੇ ਦਰਸ਼ਨ ਹੋਏ ਅਤੇ ਮੌਸਮ ਸਾਫ਼ ਹੋ ਗਿਆ। ਇੱਧਰ ਜੇਕਰ ਪੰਜਾਬ ਦੇ ਏਕਿਊਆਈ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇਹ 300 ਤੋਂ ਹੇਠਾਂ ਚੱਲ ਰਿਹਾ ਹੈ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਪੱਖੋਂ ਸੁਧਾਰ ਹੋ ਰਿਹਾ ਹੈ।

ਦਿੱਲੀ ਦਾ ਏਕਿਊਆਈ ਪੱਧਰ ਸਭ ਤੋਂ ਵੱਧ 494 ’ਤੇ ਪੁੱਜਿਆ | Punjab Weather and AQI Today

ਜੇਕਰ ਪੰਜਾਬ ਦੇ ਅੰਮ੍ਰਿਤਸਰ ਦਾ ਏਕਿਊਆਈ ਪੱਧਰ ਦੇਖਿਆ ਜਾਵੇ ਤਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਮੁਤਾਬਿਕ ਸ਼ਾਮ ਚਾਰ ਵਜੇ ਇੱਥੇ ਏਕਿਊਆਈ 242 ਰਿਹਾ। ਇਸ ਤੋਂ ਇਲਾਵਾ ਲੁਧਿਆਣਾ ਦਾ ਏਕਿਊਆਈ ਪੱਧਰ 287, ਪਟਿਆਲਾ ਦਾ 259, ਜਲੰਧਰ ਦਾ ਏਕਿਊਆਈ ਪੱਧਰ 249, ਮੰਡੀ ਗੋਬਿੰਦਗੜ੍ਹ ਦਾ 220, ਖੰਨਾ ਦਾ 145 ਅਤੇ ਰੂਪਨਗਰ ਦਾ ਏਕਿਊਆਈ ਪੱਧਰ 104 ਦਰਜ ਕੀਤਾ ਗਿਆ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਹਵਾ ਗੁਣਵਤਾ ’ਚ ਸੁਧਾਰ ਹੋ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਧੂੰਏ ਤੋਂ ਰਾਹਤ ਮਿਲ ਰਹੀ ਹੈ। ਇੱਧਰ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾ ਇੱਥੇ ਵੱਖ-ਵੱਖ ਸ਼ਹਿਰਾਂ ਦਾ ਏਕਿਊਆਈ ਪੱਧਰ 400 ਅਤੇ 300 ਤੋਂ ਉੱਪਰ ਚੱਲ ਰਿਹਾ ਹੈ। ਹਰਿਆਣਾ ਦੇ ਗੁਰੂਗ੍ਰਾਮ ਦਾ ਏਕਿਊਆਈ ਪੱਧਰ 469, ਬਹਾਦਰਗੜ੍ਹ ਦਾ ਏਕਿਊਆਈ ਪੱਧਰ 448, ਸੋਨੀਪਤ ਦਾ ਏਕਿਊਆਈ ਪੱਧਰ 430 ਅਤੇ ਭਿਵਾਨੀ ਦਾ 429 ’ਤੇ ਪੁੱਜ ਗਿਆ ਹੈ, ਜੋ ਕਿ ਅਤੀ ਭਿਆਨਕ ਸਥਿਤੀ ਨੂੰ ਬਿਆਨ ਕਰ ਰਿਹਾ ਹੈ।

ਇਸ ਤੋਂ ਇਲਾਵਾ ਜੀਦ ਦਾ ਏਕਿਊਆਈ ਪੱਧਰ 388, ਫਤਿਆਬਾਦ 376, ਫਰੀਦਾਬਾਦ 367, ਕੈਥਲ 341 ਤੇ ਪਹੁੰਚ ਗਿਆ ਹੈ। ਇਨ੍ਹਾਂ ਥਾਵਾਂ ਤੇ ਵੀ ਹਵਾ ਪ੍ਰਦੂਸ਼ਣ ਪੱਖੋਂ ਸਥਿਤੀ ਖਰਾਬ ਬਣੀ ਹੋਈ ਹੈ। ਹਰਿਆਣਾ ਦੇ ਪਾਣੀਪਤ 294 ਅਤੇ ਹਿਸਾਰ ਦਾ 290 ਤੇ ਏਕਿਊਆਈ ਪੱਧਰ ਹੈ। ਇਸ ਤੋਂ ਇਲਾਵਾ ਦੇਸ਼ ਦੇ ਦਿਲ ਵਜੋਂ ਜਾਣੀ ਜਾਂਦੀ ਦਿੱਲੀ ਦੀ ਸਥਿਤੀ ਅਤੀ ਭਿਆਨਕ ਮੋੜ ’ਤੇ ਹੈ ਅਤੇ ਸ਼ਾਮ ਚਾਰ ਵਜੇ ਦੀ ਰਿਪੋਰਟ ਮੁਤਾਬਿਕ ਦਿੱਲੀ ਦਾ ਏਕਿਊਆਈ ਪੱਧਰ 494 ’ਤੇ ਪੁੱਜ ਗਿਆ ਹੈ ਅਤੇ ਇੱਥੇ ਬਜ਼ੁਰਗਾਂ, ਬੱਚਿਆਂ ਦੇ ਨਾਲ-ਨਾਲ ਹੀ ਹਰੇਕ ਵਿਅਕਤੀ ਲਈ ਔਖੀ ਸਥਿਤੀ ਬਣੀ ਹੋਈ ਹੈ।

ਪੰਜਾਬ ਅੰਦਰ ਸੋਮਵਾਰ ਨੂੰ 1251 ਥਾਵਾਂ ’ਤੇ ਲੱਗੀ ਪਰਾਲੀ ਨੂੰ ਅੱਗ

ਪੰਜਾਬ ਰਿਮੋਟ ਸੈਸਿੰਗ ਸੈਂਟਰ ਅਨੁਸਾਰ ਅੱਜ ਝੋਨੇ ਦੀ ਪਰਾਲੀ ਨੂੰ ਪੰਜਾਬ ਅੰਦਰ 1251 ਥਾਵਾਂ ’ਤੇ ਅੱਗ ਲਾਈ ਗਈ। ਹੁਣ ਤੱਕ ਪੰਜਾਬ ਅੰਦਰ 9655 ਥਾਵਾਂ ’ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਹਵਾਲੇ ਕੀਤਾ ਜਾ ਚੁੱਕਾ ਹੈ। ਅੱਜ ਸਭ ਤੋਂ ਵੱਧ ਅੱਗਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ 247 ਥਾਵਾਂ ’ਤੇ ਲਾਈਅ ਗਈਆਂ। ਮੋਗਾ ਅੰਦਰ 149, ਫਿਰੋਜਪੁਰ ਜ਼ਿਲ੍ਹੇ ਅੰਦਰ 130, ਬਠਿੰਡਾ 129, ਫਾਜ਼ਿਲਕਾ ਜ਼ਿਲ੍ਹੇ ਅੰਦਰ 94, ਫਰੀਦਕੋਟ 88, ਤਰਨਤਾਰਨ 77, ਸੰਗਰੂਰ 73, ਲੁਧਿਆਣਾ 52, ਬਰਨਾਲਾ 42, ਮਾਨਸਾ 40, ਅੰਮ੍ਰਿਤਸਰ 36, ਮਲੇਰਕੋਟਲਾ 34, ਜਲੰਧਰ 30 ਸਮੇਤ ਬਾਕੀ ਜ਼ਿਲ੍ਹਿਆਂ ਅੰਦਰ ਵੀ ਅੱਗਾਂ ਲਾਈਆਂ ਗਈਆਂ ਹਨ।