ਕੇਂਦਰ ਦੀ ਨਾਕਾਬੰਦੀ ਕਾਰਨ ਪੰਜਾਬ ‘ਚੋਂ ਯੂਰੀਆ ਖਾਦ ਖਤਮ, ਕਿਸਾਨਾਂ ‘ਚ ਹਾਹਾਕਾਰ

ਸਰਕਾਰੀ ਸੁਸਾਇਟੀਆਂ ‘ਚ ਯੂਰੀਆ ਦਾ ਇੱਕ ਵੀ ਥੈਲਾ ਨਹੀਂ ਮੌਜੂਦ

ਹਰਿਆਣਾ ਰਾਜ ‘ਚੋਂ ਕਿਸਾਨ ਯੂਰੀਆ ਲਿਆਉਣ ਲਈ ਮਜ਼ਬੂਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਲਾਈ ਨਾਕਾਬੰਦੀ ਕਾਰਨ ਪੰਜਾਬ ਅੰਦਰ ਯੂਰੀਆ ਖਾਦ (ਰੇਹ) ਖਤਮ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਆਲਮ ਇਹ ਹੈ ਯੂਰੀਆ ਲੈਣ ਲਈ ਕਿਸਾਨਾਂ ਨੂੰ ਹਰਿਆਣਾ ਵੱਲ ਭੱਜਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੀ ਯੂਰੀਆ ਦਾ ਪ੍ਰਬੰਧ ਕਰਨ ਦੀ ਥਾਂ ਹੱਥ ‘ਤੇ ਹੱਥ ਧਰੀ ਬੈਠੀ ਹੈ। ਸਰਕਾਰੀ ਸੁਸਾਇਟੀਆਂ ਕੋਲ ਯੂਰੀਆ ਦਾ ਇੱਕ ਵੀ ਥੈਲਾ ਨਹੀਂ ਹੈ।

ਜਾਣਕਾਰੀ ਅਨੁਸਾਰ ਪੰਜਾਬ ਅੰਦਰ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਾਰਨ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਨਾਕੇਬੰਦੀ ਕੀਤੀ ਹੋਈ ਹੈ। ਭਾਵੇਂ ਕਿਸਾਨਾਂ ਵੱਲੋਂ ਦੋ ਹਫ਼ਤਿਆਂ ਤੋਂ ਰੇਲ ਗੱਡੀਆਂ ਦੀਆਂ ਲਾਈਨਾਂ ਅਤੇ ਰੇਲਵੇ ਸਟੇਸ਼ਨ ਵੀ ਖਾਲੀ ਕੀਤੇ ਹੋਏ ਹਨ, ਪਰ ਕੇਂਦਰ ਸਰਕਾਰ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਚਲਾਉਣ ‘ਤੇ ਅੜੀ ਹੋਈ ਹੈ। ਕਿਸਾਨੀ ਸੰਘਰਸ਼ ਕਾਰਨ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ‘ਤੇ ਤੁਲੀ ਹੋਈ ਹੈ। ਪੰਜਾਬ ਅੰਦਰ ਹਾੜੀ ਅਤੇ ਸਾਉਣੀ ਦੀਆਂ ਫਸਲ ਲਈ ਲਗਭਗ 18 ਟਨ ਦੇ ਕਰੀਬ ਯੂਰੀਆ ਖਾਦ ਦੀ ਜ਼ਰੂਰਤ ਹੁੰਦੀ ਹੈ।

ਪੰਜਾਬ ਅੰਦਰ ਸਰਕਾਰ ਦੇ ਬਠਿੰਡਾ, ਰੋਪੜ, ਨੰਗਲ ਥਾਵਾਂ ‘ਤੇ ਯੂਰੀਆਂ ਤਿਆਰ ਕੀਤਾ ਜਾਂਦਾ ਹੈ, ਪਰ ਸਰਕਾਰ ਇੱਥੋਂ ਪੰਜਾਬ ਦੀ ਥਾਂ ਹੋਰਨਾਂ ਰਾਜਾਂ ਨੂੰ ਸਪਲਾਈ ਕਰਨ ‘ਤੇ ਲੱਗੀ ਹੋਈ ਹੈ। ਪੰਜਾਬ ਦੇ ਕਿਸਾਨਾਂ ਨੂੰ ਮੌਜੂਦਾ ਸਮੇਂ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਖਾਦ ਦੀ ਲੋੜ ਹੈ, ਪਰ ਯੂਰੀਆ ਨਾ ਮਿਲਣ ਕਾਰਨ ਕਿਸਾਨ ਇੱਧਰ-ਉੱਧਰ ਭੱਜੇ ਫ਼ਿਰਦੇ ਹਨ। ਸਰਕਾਰ ਦੀਆਂ ਸਰਕਾਰੀ ਸੁਸਾਇਟੀਆਂ ਯੂਰੀਆ ਬਿਨਾਂ ਖਾਲੀ ਖੜਕ ਰਹੀਆਂ ਹਨ। ਇਨ੍ਹਾਂ ਸੁਸਾਇਟੀਆਂ ਵਿੱਚ ਅਕਤੂਬਰ-ਸਤੰਬਰ ਮਹੀਨੇ ਦੌਰਾਨ ਹੀ ਕੁਝ ਯੂਰੀਆ ਆਇਆ ਸੀ, ਪਰ ਉਸ ਤੋਂ ਬਾਅਦ ਨਵਾਂ ਰੈਂਕ ਨਹੀਂ ਆ ਰਿਹਾ।

ਕਿਸਾਨ ਕੁਲਵਿੰਦਰ ਸਿੰਘ ਅਤੇ ਹੈਪੀ ਸਿੰਘ ਦਾ ਕਹਿਣਾ ਹੈ ਕਿ ਸੁਸਾਇਟੀਆਂ ‘ਚ ਕਿਸਾਨਾਂ ਵੱਲੋਂ ਆਪਣੇ ਪਿਛਲੇ ਬਕਾਏ ਅਦਾ ਕਰਨ ਤੋਂ ਬਾਅਦ ਉੱਥੋਂ ਹੀ ਯੂਰੀਆ ਚੁੱਕਣਾ ਹੈ, ਪਰ ਉੱਥੇ ਯੂਰੀਆ ਦਾ ਇੱਕ ਵੀ ਥੈਲਾ ਨਹੀਂ ਹੈ। ਕਈ ਕਿਸਾਨਾਂ ਵੱਲੋਂ ਗੁਆਂਢੀ ਰਾਜ ਹਰਿਆਣਾ ‘ਚੋਂ ਯੂਰੀਆ ਲਿਆਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਪਰ ਉੱਥੇ ਯੂਰੀਆ ਨਾਲ ਸਲਫ਼ਰ ਵੀ ਮੜ੍ਹ ਕੇ ਕਿਸਾਨਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਨ ਵਿੱਚ ਵੀ ਖੋਟ ਹੈ, ਕਿਉਂਕਿ ਯੂਰੀਆ ਟਰੱਕਾਂ ਦੁਆਰਾ ਵੀ ਲਿਆਂਦਾ ਜਾ ਸਕਦਾ ਹੈ, ਪਰ ਅਮਰਿੰਦਰ ਸਰਕਾਰ ਵੀ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ‘ਤੇ ਤੁਲੀ ਹੋਈ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਯੂਰੀਆ ਖਾਦ ਦਾ ਪੰਜਾਬ ਦੇ ਕਿਸਾਨਾਂ ਲਈ ਪ੍ਰਬੰਧ ਕਰੇ ਨਾ ਕਿ ਮਾਲ ਗੱਡੀਆਂ ਦਾ ਬਹਾਨਾ ਬਣਾਵੇ।

ਪੰਜਾਬ ਸਰਕਾਰ ਤੁਰੰਤ ਕਰੇ ਯੂਰੀਆ ਦਾ ਪ੍ਰਬੰਧ: ਜਗਮੋਹਨ ਸਿੰਘ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪੰਜਾਬ ਦਾ ਯੂਰੀਆ ਬਾਹਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਯੂਰੀਆ ਟਰੱਕਾਂ ਰਾਹੀਂ ਹੋਰ ਥਾਂਈ ਭੇਜਿਆ ਗਿਆ ਤਾਂ ਉਹ ਟਰੱਕਾਂ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਮੁਹੱਈਆ ਕਰਵਾਏ। ਉਂਜ ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਵਿੱਚ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਮਾਲ ਗੱਡੀਆਂ ਨਾ ਚੱਲਣ ਕਾਰਨ ਯੂਰੀਆ ਦੀ ਘਾਟ ਆਈ: ਵਿਕਾਸ ਗਰਗ

ਇਸ ਮਾਮਲੇ ਸਬੰਧੀ ਜਦੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਪੰਜਾਬ ਦੇ ਰਜਿਸ਼ਟਰਾਰ ਵਿਕਾਸ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਨਾ ਚੱਲਣ ਕਾਰਨ ਹੀ ਇਹ ਦਿੱਕਤ ਆਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੌਜੂਦ ਸੀ, ਸੁਸਾਇਟੀਆਂ ਨੂੰ ਦੇ ਦਿੱਤਾ ਗਿਆ ਸੀ।  ਜਦੋਂ ਉਨ੍ਹਾਂ ਨੂੰ ਪੁੱÎਛਿਆ ਗਿਆ ਕਿ ਪੰਜਾਬ ਦੇ ਰੋਪੜ ਨੰਗਲ ਅਤੇ ਬਠਿੰਡਾ ‘ਚ ਤਿਆਰ ਕਰਨ ਵਾਲੇ ਕਾਰਖਾਨਿਆਂ ਚੋਂ ਸਪਲਾਈ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਉਨ੍ਹਾਂ ਕਿਹਾ ਕਿ ਹੋਰਨਾ ਸੂਬਿਆਂ ਨੂੰ ਭੇਜਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੂੰ ਕਿਹਾ ਕਿ ਟਰੱਕਾਂ ਰਾਹੀਂ ਯੂਰੀਆ ਮੰਗਵਾ ਲਿਆ ਜਾਵੇ ਤਾਂ ਉਨ੍ਹਾਂ ਇਸ ਸਬੰਧੀ ਕੋਈ ਸਪੱਸਟ ਜਵਾਬ ਨਹੀਂ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.