ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੰਡਨ ਦਾ ਟਰੈਫਿਕ ਮਾਹਿਰ ਪਿਛਲੇ 20 ਸਾਲਾਂ ਤੋਂ ਪੰਜਾਬ ‘ਚ ਟਰੈਫਿਕ ਸੁਧਾਰ ਲਈ ਜੂਝ ਰਿਹਾ ਹੈ ਪਰ ਉਸ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਟਰੈਫਿਕ ਮਾਹਿਰ ਅਤੇ ਪਰਵਾਸੀ ਭਾਰਤੀ ਅਮਰੀਕ ਸਿੰਘ ਢਿੱਲੋਂ ਨੇ ਬਠਿੰਡਾ ਪ੍ਰੈੱਸ ਕਲੱਬ ‘ਚ ‘ਸੱਚ ਕਹੂੰ’ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਸ ਦਿਸ਼ਾ ‘ਚ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜਾਬ ਨੂੰ ਹਾਦਸਾ ਮੁਕਤ ਰਾਜ ਬਣਾ ਦੇਣਗੇ ਬਸ਼ਰਤੇ ਕੋਈ ਉਸ ਦੀ ਗੱਲ ਸੁਣ ਲਵੇ ਦੱਸਣਯੋਗ ਹੈ ਕਿ ਅਮਰੀਕ ਸਿੰਘ ਢਿੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਬਰਤਾਨੀਆ ਵਿਖੇ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਲੰਡਨ ਵਿੱਚ ਟਰੈਫਿਕ ਸੁਧਾਰਾਂ ‘ਤੇ ਕਾਫੀ ਕੰਮ ਕੀਤਾ ਹੈ।
ਉਨ੍ਹਾਂ ਵੱਲੋਂ ਲੰਡਨ ‘ਚ ‘ਪੰਜਾਬ ਵਿੱਚ ਟਰੈਫਿਕ’ ਨਾਂਅ ਦੀ ਡਾਕੂਮੈਂਟਰੀ ਫਿਲਮ ਵੀ ਤਿਆਰ ਕੀਤੀ ਗਈ ਹੈ ਜਿਸ ਵਿਚ ਪੰਜਾਬ ਵਿਚ ਹੁੰਦੇ ਸੜਕ ਹਾਦਸਿਆਂ ਅਤੇ ਨੇਮਾਂ ਦੀ ਉਲੰਘਣਾ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ‘ਹਾਈਵੇ ਕੋਡ’ ਤਿਆਰ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਵਿਚ ਲਾਗੂ ਕੀਤੇ ਜਾਣ ਨਾਲ ਟਰੈਫਿਕ ‘ਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਉਹ ਟਰੈਫਿਕ ਸੁਧਾਰ ਲਈ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹਨ। ਸ੍ਰੀ ਢਿੱਲੋਂ ਨੇ ਇਹ ਵੀ ਆਖਿਆ ਕਿ ਉਹ ਇੱਕ ਪਾਇਲਟ ਪ੍ਰਾਜੈਕਟ ਬਣਾ ਕੇ ਦੇ ਸਕਦੇ ਹਨ, ਜਿਸ ਨੂੰ ਤਜ਼ਰਬੇ ਦੇ ਤੌਰ ‘ਤੇ ਲਾਗੂ ਕੀਤਾ ਜਾ ਸਕਦਾ ਹੈ। (Immigrant Indians)
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਫਾਜ਼ਿਲਕਾ ਤੋਂ 20 ਕਿਲੋ ਹੈਰੋਇਨ ਕੀਤੀ ਬਰਾਮਦ, ਦੋ ਗ੍ਰਿਫ਼ਤਾਰ
ਉਨ੍ਹਾਂ ਆਖਿਆ ਕਿ ਉਹ ਟਰੈਫਿਕ ਮਾਹਿਰਾਂ ਨਾਲ ਹਰ ਤਰ੍ਹਾਂ ਦੀ ਖੁੱਲ੍ਹੀ ਬਹਿਸ ਨੂੰ ਤਿਆਰ ਹਨ ਸ੍ਰੀ ਢਿੱਲੋਂ ਨੇ ਕੇਂਦਰ ਤੇ ਪੰਜਾਬ ਨੂੰ ਲਿਖੇ ਦਰਜਨਾਂ ਪੱਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਸਰਕਾਰ ਨੂੰ ਪੱਤਰ ਲਿਖ ਰਹੇ ਹਨ ਪਰ ਕੋਈ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਹਰ ਤਰਫ਼ੋਂ ਏਨੀ ਜ਼ਿਆਦਾ ਬੇਰੁਖ਼ੀ ਬਰਦਾਸ਼ਤ ਕਰਨ ਦੇ ਬਾਵਜੂਦ ਅਮਰੀਕ ਸਿੰਘ ਢਿੱਲੋਂ ਨੇ ਹਾਰ ਨਹੀਂ ਮੰਨੀ ਹੈ ਤੇ ਹੁਣ ਵੀ ਹਾਦਸਿਆਂ ‘ਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਘੱਟ ਕਰਨ ਵਾਸਤੇ ਉਸ ਦੇ ਯਤਨ ਜਾਰੀ ਹਨ। (Immigrant Indians)
ਜਿਲ੍ਹਾ ਬਠਿੰਡਾ ਦੇ ਪਿੰਡ ਕੋਟਭਾਰਾ ਨਾਲ ਸਬੰਧਤ ਸ੍ਰੀ ਅਮਰੀਕ ਸਿੰਘ ਢਿੱਲੋਂ (82) ਨੇ 1962 ਤੋਂ 1965 ਤੱਕ ਬਠਿੰਡਾ ਵਿਖੇ ਵਕਾਲਤ ਕੀਤੀ ਦਸੰਬਰ 1965 ‘ਚ ਉਹ ਲੰਡਨ ਚਲੇ ਗਏ ਜਿੱਥੇ ਏਸ਼ੀਅਨ ਕਮਿਊਨੀਕੇਸ਼ਨ ਅਫਸਰ ਵਜੋਂ ਨੌਕਰੀ ਕੀਤੀ। ਇਸ ਸੇਵਾ ਦੌਰਾਨ ਉਨ੍ਹਾਂ ਨੇ ਭਾਰਤ, ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਆਵਾਜਾਈ ਸਬੰਧੀ ਹਾਲਾਤਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ। ਨਵੰਬਰ 2017 ‘ਚ ਧੁਆਂਖੀ ਧੁੰਦ ਦੌਰਾਨ ਬਠਿੰਡਾ ਛਾਉਣੀ ਦੇ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਹੋਈ ਕਰੀਬ ਡੇਢ ਦਰਜਨ ਬੱਚਿਆਂ ਦੀ ਮੌਤ ਨੇ ਸ੍ਰੀ ਢਿੱਲੋਂ ਨੂੰ ਅਜਿਹਾ ਟੁੰਬਿਆ ਕਿ ਹੁਣ ਉਮਰ ਦੇ ਆਖਰੀ ਪੜਾਅ ‘ਚ ਕੁਝ ਕਰਨਾ ਉਸ ਦਾ ਜਨੂੰਨ ਬਣ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ
ਸ੍ਰੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਨੂੰ ਅਧਿਕਾਰੀ ਸਹੀ ਵੀ ਮੰਨਦੇ ਹਨ ਪਰ ਫੈਸਲਾ ਸਿਆਸੀ ਲੋਕਾਂ ਦੇ ਹੱਥ ਹੋਣ ਦੀ ਮਜ਼ਬੂਰੀ ਜ਼ਾਹਿਰ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਇੱਕ ਵਿਧਾਇਕ ਨੇ ਤਾਂ ਉਨ੍ਹਾਂ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਉਸ ਦਾ ਇਸ ਨਾਲ ਕੀ ਲੈਣਾ-ਦੇਣਾ ਹੈ। ਇਵੇਂ ਹੀ ਉਹ ਪੰਜਾਬ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਮਿਲੇ ਜਿਨ੍ਹਾਂ ਪ੍ਰਾਜੈਕਟ ਦੀ ਤਾਰੀਫ ਤਾਂ ਕੀਤੀ ਪਰ ਅਮਲੀ ਰੂਪ ਦੇਣ ਦੇ ਮਾਮਲੇ ‘ਚ ਉਹ ਹੱਥ ਖੜ੍ਹੇ ਕਰ ਗਏ। ਉਨ੍ਹਾਂ ਸੜਕੀ ਅੱਤਵਾਦ ਦੇ ਮੁੱਦੇ ‘ਤੇ ਤਿਆਰ ਖਰੜੇ ਦੀ ਪੁਸਤਕ ‘ਪੰਜਾਬ ਡਰਾਈਵਿੰਗ ਕੋਡ’ ਵੀ ਛਪਵਾਈ ਹੈ। ਜੇਕਰ ਕੋਈ ਵੀ ਵਿਅਕਤੀ ਇਸ ਪੁਸਤਕ ਤੋਂ ਗਿਆਨ ਹਾਸਲ ਕਰ ਲਵੇ ਤਾਂ ਨਿਰਸੰਦੇਹ ਉਹ ਸੜਕ ‘ਤੇ ਗੈਰ-ਜਿੰਮੇਵਾਰਾਨਾ ਢੰਗ ਨਾਲ ਵਾਹਨ ਨਹੀਂ ਚਲਾਏਗਾ।
ਇਹ ਵੀ ਪੜ੍ਹੋ : 3 ਸਾਲਾ ਸ਼ਿਵਮ ਬੋਰਵੈੱਲ ‘ਚ ਡਿੱਗਿਆ, ਪਾਈਪ ਰਾਹੀਂ ਦਿੱਤੀ ਜਾ ਰਹੀ ਆਕਸੀਜਨ, ਬਚਾਅ ਕਾਰਜ ਜਾਰੀ
ਸ੍ਰੀ ਢਿੱਲੋਂ ਨੇ ਦੱਸਿਆ ਕਿ ਪੰਜਾਬ ‘ਚ ਆਵਾਜਾਈ ਨਿਯਮਾਂ ਪ੍ਰਤੀ ਪ੍ਰਸ਼ਾਸਨ ਅਤੇ ਲੋਕ ਦੋਵੇਂ ਅਵੇਸਲੇ ਹਨ। ਜੈਬਰਾ ਕਰਾਸਿੰਗ ਗਲਤ ਹਨ ਤੇ ਬਾਕਸ ਜੰਕਸ਼ਨ ਬਾਰੇ ਤਾਂ ਕੋਈ ਜਾਣਦਾ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿੱਕੀ-ਮੋਟੀ ਗਲਤੀ ‘ਤੇ ਮੋਟਾ ਜ਼ੁਰਮਾਨਾ ਲਾਇਆ ਜਾਵੇ ਤਾਂ ਲੋਕ ਦਿਨਾਂ ‘ਚ ਸਿੱਧੇ ਹੋ ਜਾਣਗੇ ਪਰ ਇਸ ਲਈ ਇਮਾਨਦਾਰੀ ਜਰੂਰੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਸੜਕਾਂ ‘ਤੇ ਹੁੰਦੀਆਂ ਮੌਤਾਂ ਨੂੰ ਲੈ ਕੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਮਿਹਣੇ ਸੁਣਨੇ ਪੈ ਰਹੇ ਹਨ। ਜੇਕਰ ਸਰਕਾਰ ਨੇ ਢੁੱਕਵੇਂ ਕਦਮ ਨਾ ਚੁੱਕੇ ਤਾਂ ਅਗਾਮੀ ਆਉਣ ਵਾਲੇ ਦੋ ਸਾਲਾਂ ‘ਚ ਪੰਜਾਬੀ ਇੱਕ-ਦੂਸਰੇ ਨਾਲ ਭਿੜ-ਭਿੜ ਕੇ ਮਰਨ ਲੱਗ ਜਾਣਗੇ। (Immigrant Indians)