ਕਲਯੁਗੀ ਮਾਂ ਵੱਲੋਂ ਕਿਰਚ ਨਾਲ ਆਪਣੇ ਹੀ ਮਾਸੂਮ ਬੱਚੇ ਦਾ ਕਤਲ

ਨਾ ਨਹਾਉਣ ਦੀ ਜਿਦ ਕਰ ਰਿਹਾ ਸੀ ਬੱਚਾ | Murder

ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ ‘ਚ ਅੱਜ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਹੀ ਮਾਸੂਮ ਪੁੱਤਰ ਦਾ ਤੇਜਧਾਰ ਹਥਿਆਰ ਨਾਲ ਕਥਿਤ ਤੌਰ ‘ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮਹਿਲਾ ਰਾਜਬੀਰ ਕੌਰ ਖਿਲਾਫ ਪੁਲਿਸ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਵੇਰਵਿਆਂ ਮੁਤਾਬਕ ਅੱਜ ਭਾਈ ਮਤੀ ਦਾਸ ਨਗਰ ਦੀ ਗਲੀ ਨੰਬਰ 18 ‘ਚ ਵੱਸਦੇ ਪਰਮਿੰਦਰ ਸਿੰਘ ਦੇ ਲੜਕਾ ਹਰਕੀਰਤ ਸਿੰਘ ਨੂੰ ਉਸ ਦੀ ਮਾਂ ਨੁਹਾਉਣਾ ਚਾਹੁੰਦੀ ਸੀ ਪਰ ਉਹ ਨਾਂ ਨਹਾਉਣ ਦੀ ਜਿਦ ਕਰ ਰਿਹਾ ਸੀ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਹਰਕੀਰਤ ਦੀ ਮਾਂ ਰਾਜਬੀਰ ਕੌਰ ਗੁੱਸੇ ‘ਚ ਆ ਗਈ ਅਤੇ ਘਰ ‘ਚ ਪਏ ਕਿਰਚ ਵਰਗੇ ਤੇਜਧਾਰ ਹਥਿਆਰ ਨਾਲ ਬੱਚੇ ਤੇ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਨੇ ਸਹਾਰਾ ਜਨ ਸੇਵਾ ਦਾ ਵਰਕਰਾਂ ਦੀ ਸਹਾਇਤਾ ਨਾਲ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ, ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੇ ਵੀ ਇਹੋ ਦੱਸਿਆ ਹੈ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਕਿ ਇਹ ਘਟਨਾ ਕਿਵੇਂ ਵਾਪਰ ਗਈ। ਘਟਨਾ ਸਥਾਨ ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਰਾਜਬੀਰ ਕੌਰ ਹਾਈਪਰਟੈਂਸ਼ਨ ਦੀ ਸ਼ਿਕਾਰ ਰਹਿੰਦੀ ਸੀ ਤੇ ਇਸੇ ਤਣਾਅ ਕਾਰਨ ਹੀ ਅੱਜ ਦੀ ਘਟਨਾ ਵਾਪਰੀ ਜਾਪਦੀ ਹੈ। (Murder)