ਅਮਰਿੰਦਰ ਸਿੰਘ ਦਾ ਇਨਕਮ ਟੈਕਸ ਭਰੇਗੀ ਪੰਜਾਬ ਸਰਕਾਰ, ‘ਕੈਪਟਨ’ ਖ਼ੁਦ ਭੁੱਲੇ ਆਪਣੀ ਅਪੀਲ

captan amrinder singh 1111

ਪੰਜਾਬ ਵਿਧਾਨ ਸਭਾ ਵਿੱਚ ਸਾਰੇ ਵਿਧਾਇਕਾਂ ਨੂੰ ਖ਼ੁਦ ਦਾ ਟੈਕਸ ਭਰਨ ਦੀ ਕੀਤੀ ਸੀ ਅਪੀਲ

  • ਵਿਧਾਇਕ ਰਹਿ ਜਾਣ ਤੋਂ ਬਾਅਦ ਮਿਲ ਰਹੀ ਐ ਵਿਧਾਨ ਸਭਾ ਤੋਂ ਤਨਖ਼ਾਹ, ਟੈਕਸ ਜਾਵੇਗਾ ਸਰਕਾਰ ਦੇ ਖਜ਼ਾਨੇ ’ਚੋ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਨਕਮ ਟੈਕਸ ਹੁਣ ਪੰਜਾਬ ਸਰਕਾਰ ਭਰੇਗੀ। ਉਨ੍ਹਾਂ ਦੀ ਤਨਖ਼ਾਹ ਵਿੱਚੋਂ ਟੈਕਸ ਕਟੌਤੀ ਕਰਨ ਦੀ ਥਾਂ ’ਤੇ ਪੰਜਾਬ ਸਰਕਾਰ ਵੱਲੋਂ ਖ਼ੁਦ ਆਪਣੇ ਖਜ਼ਾਨੇ ਵਿੱਚੋਂ ਇਹ ਟੈਕਸ ਭਰਨ ਦਾ ਫੈਸਲਾ ਕਰ ਲਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਨ੍ਹਾਂ ਨਿਯਮਾਂ ਦਾ ਫਾਇਦਾ ਮਿਲਣ ਜਾ ਰਿਹਾ ਹੈ, ਜਿਨ੍ਹਾਂ ਨਿਯਮਾਂ ਨੂੰ ਖ਼ਤਮ ਕਰਨ ਦੀ ਵਕਾਲਤ ਕਰਦੇ ਹੋਏ ਖ਼ੁਦ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਆਪਣਾ ਇਨਕਮ ਟੈਕਸ ਆਪਣੀ ਜੇਬ੍ਹ ਵਿੱਚੋਂ ਭਰਨ ਦੀ ਅਪੀਲ ਕੀਤੀ ਸੀ। ਉਹ ਮੁੱਖ ਮੰਤਰੀ ਤੋਂ ਵਿਧਾਇਕ ਬਣਨ ਤੋਂ ਬਾਅਦ ਖ਼ੁਦ ਆਪਣੀ ਇਸ ਅਪੀਲ ਨੂੰ ਹੀ ਭੁੱਲ ਗਏ ਹਨ। ਜਿਸ ਕਾਰਨ ਅਮਰਿੰਦਰ ਸਿੰਘ ਨੂੰ ਹਰ ਮਹੀਨੇ ਮਿਲਣ ਵਾਲੀ ਵਿਧਾਨ ਸਭਾ ਤੋਂ ਤਨਖ਼ਾਹ ਅਤੇ ਹੋਰ ਭੱਤਿਆਂ ’ਤੇ ਪੈਣ ਵਾਲਾ ਟੈਕਸ ਪੰਜਾਬ ਸਰਕਾਰ ਦੀ ਜੇਬ੍ਹ ਵਿੱਚੋਂ ਜਾਵੇਗਾ।

ਜਾਣਕਾਰੀ ਅਨੁਸਾਰ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਦਹਿਲੀਜ਼ ਤੱਕ ਪੁੱਜਣ ਵਾਲੇ ਵਿਧਾਇਕਾਂ ਨੂੰ ਹਰ ਮਹੀਨੇ 25 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਭੱਤੇ ਦੇ ਨਾਲ ਹੀ ਹਜ਼ਾਰਾਂ ਰੁਪਏ ਵਿੱਚ ਖਰਚਾ-ਪਾਣੀ ਵੀ ਦਿੱਤਾ ਜਾਂਦਾ ਹੈ, ਜਿਹੜਾ ਲਗਭਗ ਹਰ ਮਹੀਨੇ 85 ਹਜ਼ਾਰ ਰੁਪਏ ਦੇ ਨੇੜੇ ਪੁੱਜ ਜਾਂਦਾ ਹੈ।

ਇਹਨਾਂ ਭੱਤਿਆਂ ਸਣੇ ਤਨਖ਼ਾਹ ਨੂੰ ਆਮਦਨ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਇਸ ’ਤੇ ਕੇਂਦਰ ਸਰਕਾਰ ਨੂੰ ਟੈਕਸ ਵੀ ਦਿੱਤਾ ਜਾਂਦਾ ਹੈ। ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਨਿਯਮਾਂ ਅਨੁਸਾਰ ਵਿਧਾਇਕਾਂ ਦੀ ਤਨਖ਼ਾਹ ’ਤੇ ਪੈਣ ਵਾਲੇ ਇਨਕਮ ਟੈਕਸ ਨੂੰ ਵਿਧਾਇਕਾਂ ਦੀ ਜੇਬ੍ਹ ਵਿੱਚੋਂ ਲਏ ਜਾਣ ਦੀ ਥਾਂ ’ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜਾਨੇ ਵਿੱਚੋਂ ਦਿੱਤਾ ਜਾਂਦਾ ਹੈ। ਜਿਸ ਨਾਲ ਹਰ ਸਾਲ ਕਰੋੜਾਂ ਰੁਪਏ ਸਰਕਾਰੀ ਖਜਾਨੇ ਵਿੱਚੋਂ ਚਲੇ ਜਾਂਦੇ ਹਨ।

ਕਾਂਗਰਸ ਸੱਤਾ ਵਿੱਚ ਆਉਣ ਦੇ ਨਾਲ ਹੀ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਸਾਰੀ ਪਾਰਟੀ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮਿਲਣ ਵਾਲੀ ਤਨਖ਼ਾਹ ਅਤੇ ਭੱਤੇ ’ਤੇ ਇਨਕਮ ਟੈਕਸ ਸਰਕਾਰੀ ਖਜ਼ਾਨੇ ਵਿੱਚੋਂ ਭਰਨ ਦੀ ਥਾਂ ’ਤੇ ਵਿਧਾਇਕਾਂ ਨੂੰ ਖ਼ੁਦ ਆਪਣੀ ਜੇਬ੍ਹ ਵਿੱਚੋਂ ਦੇਣਾ ਚਾਹੀਦਾ ਹੈ। ਅਮਰਿੰਦਰ ਸਿੰਘ ਦੀ ਇਸ ਅਪੀਲ ’ਤੇ ਕੁਝ ਵਿਧਾਇਕਾਂ ਵੱਲੋਂ ਆਪਣਾ ਇਨਕਮ ਟੈਕਸ ਭਰਨ ਸਬੰਧੀ ਫੈਸਲਾ ਲੈਂਦੇ ਹੋਏ ਵਿਧਾਨ ਸਭਾ ਨੂੰ ਲਿਖਤ ਵਿੱਚ ਸੂਚਨਾ ਵੀ ਦੇ ਦਿੱਤੀ ਗਈ ਸੀ।

ਹੁਣ 18 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਸਿਰਫ਼ ਵਿਧਾਇਕ ਹੀ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਤਨਖ਼ਾਹ ਕੈਬਨਿਟ ਬ੍ਰਾਂਚ ਦੀ ਥਾਂ ’ਤੇ ਪੰਜਾਬ ਵਿਧਾਨ ਸਭਾ ਵੱਲੋਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਅਮਰਿੰਦਰ ਸਿੰਘ ਵੱਲੋਂ ਜੇਕਰ ਖ਼ੁਦ ਦਾ ਇਨਕਮ ਟੈਕਸ ਭਰਨ ਦੀ ਇੱਛਾ ਰੱਖੀ ਜਾਂਦੀ ਤਾਂ ਉਨ੍ਹਾਂ ਨੂੰ ਲਿਖਤ ਵਿੱਚ ਪੰਜਾਬ ਵਿਧਾਨ ਸਭਾ ਨੂੰ ਇਸ ਸਬੰਧੀ ਸੂਚਨਾ ਭੇਜਣੀ ਸੀ ਪਰ ਅਮਰਿੰਦਰ ਸਿੰਘ ਵੱਲੋਂ ਪਿਛਲੇ 4 ਮਹੀਨਿਆਂ ਦੌਰਾਨ ਲਿਖ ਕੇ ਨਹੀਂ ਦਿੱਤਾ ਗਿਆ, ਜਿਸ ਕਾਰਨ ਅਮਰਿੰਦਰ ਸਿੰਘ ਦੀ ਤਨਖ਼ਾਹ ਵਿੱਚ ਟੈਕਸ ਦੀ ਕਟੌਤੀ ਕਰਨ ਦੀ ਥਾਂ ’ਤੇ ਉਨ੍ਹਾਂ ਦੀ ਤਨਖ਼ਾਹ ਪੂਰੀ ਬਣਾਈ ਜਾ ਰਹੀ ਹੈ। ਇਸ ਕਰਕੇ ਹੀ ਅਮਰਿੰਦਰ ਸਿੰਘ ਦੀ ਤਨਖ਼ਾਹ ਅਤੇ ਭੱਤੇ ’ਤੇ ਪੈਣ ਵਾਲੇ ਇਨਕਮ ਟੈਕਸ ਨੂੰ ਪੰਜਾਬ ਸਰਕਾਰ ਵੱਲੋਂ ਹੀ ਭਰਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ