ਲੱਚਰ ਗੀਤਾਂ ‘ਤੇ ਪੰਜਾਬ ਸਰਕਾਰ ਸਖ਼ਤ, 5 ਦਿਨਾਂ ‘ਚ ਹੀ ਕੱਟੇ 212 ਬੱਸਾਂ ਦੇ ਕੀਤੇ ਚਲਾਨ

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ‘ਚ ਲੱਚਰ ਗੀਤ ਚਲਾਉਣ ‘ਤੇ ਰੋਕ ਲਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭ

ਚੰਡੀਗੜ, (ਅਸ਼ਵਨੀ ਚਾਵਲਾ)।ਪੰਜਾਬ ਸਰਕਾਰ ਵਲੋਂ ਲੱਚਰ ਗੀਤਾਂ ਖ਼ਿਲਾਫ਼ ਕੀਤੀ ਗਈ ਸਖ਼ਤੀ ਦੇ ਚਲਦੇ ਹੀ ਪਿਛਲੇ 5 ਦਿਨਾਂ ਵਿੱਚ ਟਰਾਂਸਪੋਰਟ ਵਿਭਾਗ ਵਲੋਂ ਇੱਕ ਜਾਂ ਫਿਰ ਦੋ ਨਹੀਂ ਸਗੋਂ 212 ਚਲਾਨ ਕਰ ਦਿੱਤੇ ਗਏ ਹਨ। ਟਰਾਂਸਪੋਰਟ ਵਿਭਾਗ ਦੀ ਅਚਾਨਕ ਹੀ ਇਹ ਸਖ਼ਤੀ ਦੇਖਦੇ ਹੋਏ ਪ੍ਰਾਈਵੇਟ ਬੱਸਾਂ ਨੇ ਲੱਚਰ ਗੀਤ ਤਾਂ ਦੂਰ ਆਪਣੀਆਂ ਬੱਸਾ ਵਿੱਚ ਗੀਤ ਚਲਾਉਣਾ ਹੀ ਬੰਦ ਕਰ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸੂਬਾ ਭਰ ਵਿੱਚ ਚੱਲ ਰਹੀਆਂ ਬੱਸਾਂ ‘ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ ‘ਤੇ ਰੋਕ ਲਾਉਣ ਲਈ ਪੰਜ ਦਿਨਾ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ 7 ਤੋਂ 11 ਫਰਵਰੀ, 2020 ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ (ਆਰ.ਟੀ.ਏਜ਼) ਵੱਲੋਂ ਟਰਾਂਸਪੋਟਰਾਂ ਨਾਲ ਮੀਟਿੰਗਾਂ ਕਰਕੇ ਉਨਾਂ ਨੂੰ ਬੱਸਾਂ ਵਿੱਚ ਲੱਚਰ/ਅਸ਼ਲੀਲ ਗਾਣੇ ਵਜਾਉਣ ਨਾਲ ਨੌਜਵਾਨਾਂ ਦੀ ਮਨਾਂ ‘ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਇਹ ਚੀਜ਼ਾਂ ਨੌਜਵਾਨਾਂ ਨੂੰ ਭਟਕਾ ਕੇ ਅਜਿਹੇ ਅਸ਼ਲੀਲ/ਲੱਚਰ ਗਾਣਿਆਂ ਰਾਹੀਂ ਫੈਲਾਈ ਜਾ ਰਹੀ ਹਿੰਸਾ ਅਤੇ ਬੰਦੂਕ ਸੱਭਿਆਚਾਰ ਵੱਲ ਜਾਣ ਲਈ ਉਤਸ਼ਾਹਿਤ ਕਰਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।