Punjab Government News: ਟਰਾਂਸਪੋਰਟ ਵਿਭਾਗ ਤੇ ਮੁੱਖ ਮੰਤਰੀ ਦਫ਼ਤਰ ਵਿਚਕਾਰ ਹੀ ਚੱਲ ਰਹੀ ਹੈ ਸਿਰਫ ਗੱਲਬਾਤ
- ਨਹੀਂ ਪਾਸ ਹੋਈ ਕੋਈ ਫਾਈਲ | Punjab Government News
Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਇਸ ਸਰਕਾਰੀ ਲਾਰੀ ਦੀ ਖਰੀਦ ਕਰਨਾ ਹੀ ਭੁੱਲ ਹੀ ਗਈ ਹੈ। ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਸਰਕਾਰ ਵੱਲੋਂ ਇੱਕ ਵੀ ਨਵੀਂ ਬੱਸ ਖਰੀਦਦੇ ਹੋਏ ਆਮ ਲੋਕਾਂ ਨੂੰ ਨਹੀਂ ਦਿੱਤੀ ਗਈ ਹੈ। ਹਾਲਾਤ ਇਹੋ ਜਿਹੇ ਹਨ ਕਿ ਪਿਛਲੇ ਸਾਢੇ ਤਿੰਨ ਸਾਲ ਦੌਰਾਨ ਟਰਾਂਸਪੋਰਟ ਵਿਭਾਗ ਤੇ ਮੁੱਖ ਮੰਤਰੀ ਦਫਤਰ ਦੇ ਵਿਚਕਾਰ ਸਿਰਫ ਗੱਲਬਾਤ ਦਾ ਹੀ ਦੌਰ ਜਾਰੀ ਹੈ ਹੁਣ ਤੱਕ ਇੱਕ ਵੀ ਬੱਸ ਨੂੰ ਖਰੀਦਣ ਦਾ ਆਰਡਰ ਜਾਰੀ ਨਹੀਂ ਕੀਤਾ ਗਿਆ ਹੈ।
ਪਿਛਲੇ ਸਾਢੇ ਤਿੰਨ ਸਾਲ ਦੌਰਾਨ ਕੰਡਮ ਹੋਈਆਂ ਬੱਸਾਂ ਨੂੰ ਲਗਾ ਕੇ ਹੁਣ ਤੱਕ ਪੰਜਾਬ ਸਰਕਾਰ ਨੂੰ ਇੱਕ ਹਜ਼ਾਰ ਤੋਂ ਜਿਆਦਾ ਬੱਸ ਖਰੀਦ ਕਰਨ ਦੀ ਜਰੂਰਤ ਮਹਿਸੂਸ ਹੋ ਰਹੀ ਹੈ ਤੇ 1 ਹਜ਼ਾਰ ਦੇ ਕਰੀਬ ਬੱਸਾਂ ਦੀ ਘਾਟ ਹੋਣ ਕਰਕੇ ਆਮ ਲੋਕਾਂ ਨੂੰ ਵੀ ਮੁਸ਼ਕਲਾਤ ਵਿੱਚੋਂ ਨਿਕਲਣਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਖਰੀ ਵਾਰ ਪੰਜਾਬ ’ਚ ਬੱਸਾਂ ਦੀ ਖਰੀਦ ਕਰਨ ਦਾ ਟੈਂਡਰ ਕਾਂਗਰਸ ਸਰਕਾਰ ਸਮੇਂ ਹੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ ਇੱਕ ਵੀ ਬੱਸ ਦੀ ਖਰੀਦ ਕਰਨ ਦਾ ਟੈਂਡਰ ਜਾਰੀ ਨਹੀਂ ਕੀਤਾ ਗਿਆ ਹੈ।
Punjab Government News
ਜਾਣਕਾਰੀ ਅਨੁਸਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਧੀਨ ਪੀਆਰਟੀਸੀ ਤੇ ਪਨਬਸ ਸਣੇ ਪੰਜਾਬ ਰੋਡਵੇਜ਼ ਰਾਹੀਂ ਪੰਜਾਬ ’ਚ 3000 ਦੇ ਕਰੀਬ ਬੱਸਾਂ ਦੀ ਫਲੀਟ ਆਮ ਲੋਕਾਂ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾਉਣ ਦਾ ਕੰਮ ਕਰਦੀ ਹੈ। ਪੰਜਾਬ ’ਚ ਮਹਿਲਾਵਾਂ ਨੂੰ ਸਰਕਾਰੀ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਹੋਣ ਕਰਕੇ ਸਰਕਾਰੀ ਬੱਸਾਂ ਵਿੱਚ ਆਮ ਨਾਲੋਂ ਜਿਆਦਾ ਭੀੜ ਰਹਿੰਦੀ ਹੈ।
Read Also : Market Committee Patiala: ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਵੱਲੋਂ ਅਹੁਦਾ ਨਾ ਸੰਭਾਲਣਾ ਬਣਿਆ ‘ਬੁਝਾਰਤ’
ਇਸ ਨਾਲ ਹੀ ਪੰਜਾਬ ’ਚ ਆਮ ਜਰੂਰਤ ਨਾਲੋਂ ਬੱਸਾਂ ਪਹਿਲੇ ਹੀ ਘੱਟ ਚੱਲ ਰਹੀਆਂ ਹਨ, ਜਿਸ ਕਾਰਨ ਪਿਛਲੇ ਲੰਮੇ ਸਮੇਂ ਤੋਂ 1 ਹਜ਼ਾਰ ਦੇ ਕਰੀਬ ਬੱਸਾਂ ਦੀ ਖਰੀਦ ਕਰਨ ਦੀ ਜਰੂਰਤ ਮਹਿਸੂਸ ਹੋ ਰਹੀ ਹੈ। ਇਸ ਖਰੀਦ ਨੂੰ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਕਈ ਵਾਰ ਤਜਵੀਜ਼ ਬਣਾ ਕੇ ਮੁੱਖ ਮੰਤਰੀ ਦਫਤਰ ਨੂੰ ਵੀ ਭੇਜੀ ਗਈ ਹੈ ਪਰ ਇਹ ਤਜਵੀਜ਼ ਪਾਸ ਹੋਣ ਦੀ ਥਾਂ ’ਤੇ ਕਈ ਸਵਾਲਾਂ ਦੇ ਨਾਲ ਵਾਪਸ ਆ ਰਹੀ ਹੈ, ਜਿਸ ਕਾਰਨ ਹੀ ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਸਰਕਾਰ ਇੱਕ ਵੀ ਬੱਸ ਦੀ ਖਰੀਦ ਨਹੀਂ ਕਰ ਪਾਈ ਹੈ।
ਰਾਜਸਥਾਨ ਤੋਂ ਬੱਸਾਂ ਨਾ ਖਰੀਦਣ ਦਾ ਡਰ ਕਰਵਾ ਰਿਹੈੈ ਦੇਰੀ
ਪਿਛਲੀ ਕਾਂਗਰਸ ਸਰਕਾਰ ਦੌਰਾਨ ਮੌਕੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੱਸਾਂ ਦੀ ਖਰੀਦ ਰਾਜਸਥਾਨ ਤੋਂ ਕੀਤੀ ਗਈ ਸੀ ਤੇ ਉਸ ਨੂੰ ਇੱਕ ਮੁੱਦਾ ਬਣਾਉਂਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਗਏ ਸਨ, ਜਿਸ ਕਾਰਨ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਹਾਲਤ ’ਚ ਰਾਜਸਥਾਨ ਤੋਂ ਬੱਸਾਂ ਦੀ ਖਰੀਦ ਨਹੀਂ ਕਰਨਾ ਚਾਹੁੰਦੀ ਹੈ।
ਇਸ ਕਾਰਨ ਹੀ ਪੰਜਾਬ ਜਾਂ ਫਿਰ ਕਿਸੇ ਹੋਰ ਸੂਬੇ ਤੋਂ ਬੱਸ ਖਰੀਦਣ ਸਬੰਧੀ ਕੁਝ ਪੜਤਾਲ ਤਾਂ ਕਈ ਵਾਰ ਕੀਤੀ ਗਈ ਪਰ ਤੈਅ ਮਾਪਦੰਡ ਅਨੁਸਾਰ ਪੰਜਾਬ ਤੋਂ ਬੱਸਾਂ ਦੀ ਖਰੀਦ ਕੀਤੀ ਹੀ ਨਹੀਂ ਜਾ ਸਕਦੀ ਹੈ, ਜਿਸ ਕਾਰਨ ਰਾਜਸਥਾਨ ਹੀ ਆਖਰੀ ਵਿਕਲਪ ਦੇ ਤੌਰ ’ਤੇ ਕਈ ਵਾਰ ਪੰਜਾਬ ਸਰਕਾਰ ਨੇ ਅੱਗੇ ਆਇਆ ਹੈ। ਰਾਜਸਥਾਨ ਤੋਂ ਬੱਸਾਂ ਖਰੀਦ ਕੇ ਪਿਛਲੇ ਵਿਵਾਦ ਨੂੰ ਖਤਮ ਨਾ ਕਰਨ ਦੀ ਮਨਸ਼ਾ ਦੇ ਚਲਦੇ ਹੀ ਬੱਸਾਂ ਦੀ ਖਰੀਦ ਨੂੰ ਬੇਲੋੜੀ ਨਾ ਸਿਰਫ ਦੇਰੀ ਹੋ ਰਹੀ ਹੈ, ਸਗੋਂ ਲਗਾਤਾਰ ਸਮਾਂ ਵੀ ਲੰਘਦਾ ਜਾ ਰਿਹਾ ਹੈ।