ਆਪ ’ਤੇ ਇੰਡੀਆ ਗਠਜੋੜ ਛੱਡਣ ਦਾ ਬਣਾ ਰਹੀ ਹੈ ਦਬਾਅ ਭਾਜਪਾ, ਨਹੀਂ ਤਾਂ ਹੋਣਗੇ ਕੇਜਰੀਵਾਲ ਗ੍ਰਿਫ਼ਤਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ ’ਤੇ ਇੰਡੀਆ ਗਠਜੋੜ ਨੂੰ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਇਸੇ ਦਬਾਅ ਹੇਠ ਹੀ ਨਾ ਸਿਰਫ਼ ਧਮਕੀਆਂ ਦਿੱਤੀ ਜਾ ਰਹੀਆਂ ਹਨ, ਸਗੋਂ ਈਡੀ ਰਾਹੀਂ 7ਵਾਂ ਨੋਟਿਸ ਭੇਜਦੇ ਹੋਏ ਗ੍ਰਿਫ਼ਤਾਰ ਤੱਕ ਕਰਨ ਬਾਰੇ ਕਿਹਾ ਜਾ ਰਿਹਾ ਹੈ। ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਡਰਨ ਵਾਲੀ ਨਹੀਂ ਹੈ ਅਤੇ ਕੇਂਦਰੀ ਦੀ ਇਸ ਡਰਾਮੇਬਾਜ਼ ਤੇ ਭ੍ਰਿਸ਼ਟਾਚਾਰੀ ਸਰਕਾਰ ਦਾ ਸਾਹਮਣਾ ਡੱਟ ਕੇ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਵੱਲੋਂ ਕੀਤਾ ਗਿਆ ਹੈ। Punjab News
ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਇੰਡੀਆ ਗਠਜੋੜ ਹੱਥੋਂ ਆਪਣੀ ਹਾਰ ਦੇਖ ਸਕਦੀ ਹੈ। ਕਿਉਂਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਲੋਕ ਭਾਜਪਾ ਖਿਲਾਫ ਗੁੱਸੇ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ। ਇਸੇ ਕਰਕੇ ਭਾਜਪਾ ਇੰਡੀਆ ਗਠਜੋੜ ਤੋਂ ਡਰਦੀ ਹੈ। Punjab News
ਇਹ ਵੀ ਪੜ੍ਹੋ: ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ
ਚੀਮਾ ਨੇ ਅੱਗੇ ਕਿਹਾ ਕਿ ‘ਆਪ’ ਆਗੂਆਂ ਨੂੰ ਭਾਜਪਾ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਹਨ ਕਿ ਜੇਕਰ ਅਸੀਂ ਇੰਡੀਆ ਗਠਜੋੜ ਨਾ ਛੱਡਿਆ ਤਾਂ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ ਈਡੀ ਤੋਂ 7 ਸੰਮਨ ਮਿਲ ਚੁੱਕੇ ਹਨ। ਉਹ ਸਾਨੂੰ ਇੰਡੀਆ ਗਠਜੋੜ ਤੋਂ ਬਾਹਰ ਕੱਢਣ ਲਈ ਜਲਦੀ ਹੀ ਉਸਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ।
ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਹੁਣ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ
ਚੀਮਾ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਹੁਣ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ ਕਿਉਂਕਿ ਕੋਈ ਘਪਲਾ ਨਹੀਂ ਹੋਇਆ, ਇਹ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਝੂਠਾ ਕੇਸ ਹੈ ਪਰ ਅਸੀਂ ਇੱਕ ਆਦਰਸ਼ਵਾਦੀ ਪਾਰਟੀ ਹਾਂ। ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ’ਚ ਇੰਡੀਆ ਗਠਜੋੜ ਨੇ ਭਾਜਪਾ ਨੂੰ ਹਰਾਇਆ ਸੀ, ਪਰ ਇਹ ਸਿਰਫ਼ ਇੱਕ ਟਰੇਲਰ ਸੀ। ਹੁਣ ਭਾਜਪਾ ਨੂੰ ਪਤਾ ਹੈ ਕਿ ਜਿੱਥੇ ‘ਆਪ’ ਗਠਜੋੜ ਦੇ ਨਾਲ ਹੈ, ਉੱਥੇ ਉਹ ਜਿੱਤ ਨਹੀਂ ਸਕਦੀ। ਭਾਜਪਾ ਨੇ ਭਾਵੇਂ ਦਿਨ-ਦਿਹਾੜੇ ਲੋਕਤੰਤਰ ਦਾ ਕਤਲ ਕਰਕੇ ਚੰਡੀਗੜ੍ਹ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। Punjab News