ਪੰਜਾਬ ਕਾਂਗਰਸ ਦਾ ਪੈਨਲ ‘ਰਿਜੈਕਟ’, ਸਰਵੇ ਰਿਪੋਰਟ ਤੋਂ ਉਲਟ ਨਿਕਲਿਆ ਪੈਨਲ

Punjab Congress, Panel, Report, Emerged

ਅੱਜ ਮੁੜ ਤੋਂ ਉਮੀਦਵਾਰਾਂ ਬਾਰੇ ਦਿੱਲੀ ਵਿਖੇ ਹੋਏਗੀ ਚਰਚਾ, ਅਮਰਿੰਦਰ ਸਿੰਘ ਦਿੱਲੀ ਲਈ ਹੋਣਗੇ ਰਵਾਨਾ

ਚੰਡੀਗੜ (ਅਸ਼ਵਨੀ ਚਾਵਲਾ) । ਪੰਜਾਬ ਕਾਂਗਰਸ ਵੱਲੋਂ ਤਿਆਰ ਕੀਤਾ ਗਿਆ ਸੰਭਾਵੀ ਉਮੀਦਵਾਰਾਂ ਦਾ ਪੈਨਲ ਕਾਂਗਰਸ ਹਾਈ ਕਮਾਨ ਨੇ ‘ਰਿਜੈਕਟ’ ਕਰ ਦਿੱਤਾ ਹੈ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਕੋਈ ਵੀ ਉਮੀਦਵਾਰ ਸਟੀਕ ਹੀ ਨਹੀਂ ਬੈਠ ਰਿਹਾ ਸੀ। ਹਾਲਾਂਕਿ ਪਟਿਆਲਾ ਅਤੇ ਲੁਧਿਆਣਾ ਦੇ ਉਮੀਦਵਾਰਾਂ ਨੂੰ ਕਾਂਗਰਸ ਦੀ ਸਰਵੇ ਰਿਪੋਰਟ ਨੇ ਠੀਕ ਉਮੀਦਵਾਰ ਕਰਾਰ ਦਿੱਤਾ ਹੈ ਪਰ ਬਾਕੀ 11 ਸੀਟਾਂ ਨੂੰ ਲੈ ਕੇ ਸਥਿਤੀ ਕਾਫ਼ੀ ਜਿਆਦਾ ਗੰਭੀਰ ਬਣੀ ਹੋਈ ਹੈ।
ਇਸ ਪੈਨਲ ਨੂੰ ਲੈ ਕੇ ਮੁੜ ਤੋਂ ਚਰਚਾ ਕਰਨ ਲਈ ਸਕ੍ਰੀਨਿੰਗ ਕਮੇਟੀ ਦੀ ਵੀਰਵਾਰ ਨੂੰ ਦਿੱਲੀ ਵਿਖੇ ਮੀਟਿੰਗ ਹੋਏਗੀ, ਜਿੱਥੇ ਕਿ ਸਰਵੇ ਰਿਪੋਰਟ ਅਨੁਸਾਰ ਇੱਕ-ਇੱਕ ਸੀਟ ਸਬੰਧੀ ਮੁੜ ਤੋਂ ਚਰਚਾ ਕਰਦੇ ਹੋਏ ਪੈਨਲ ਤਿਆਰ ਕੀਤਾ ਜਾਏਗਾ। ਇਸ ਸਕ੍ਰੀਨਿੰਗ ਕਮੇਟੀ ਵਿੱਚ ਭਾਗ ਲੈਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ਵਿਖੇ ਰਵਾਨਾ ਹੋਣ ਜਾ ਰਹੇ ਹਨ, ਜਦੋਂ ਕਿ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਵੀ ਦਿੱਲੀ ਵਿਖੇ ਵੀਰਵਾਰ ਨੂੰ ਪੁੱਜਣਗੇ। ਇਸ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਲੈਂਦੇ ਹੋਏ ਪਾਰਟੀ ਜਰਨਲ ਸਕੱਤਰ ਵੇਣੂਗੋਪਾਲ ਹਰ ਪਹਿਲੂ ‘ਤੇ ਮੁੜ ਤੋਂ ਗੌਰ ਕਰਨਗੇ।
ਜਾਣਕਾਰੀ ਅਨੁਸਾਰ ਲਗਭਗ 10 ਦਿਨ ਪਹਿਲਾਂ ਦਿੱਲੀ ਵਿਖੇ ਹੋਈ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਸੂਬਾ ਕਾਂਗਰਸ ਵੱਲੋਂ ਤਿਆਰ ਕੀਤੇ ਗਏ ਪੈਨਲ ਬਾਰੇ ਚਰਚਾ ਕੀਤਾ ਗਈ ਸੀ, ਉਸ ਮੀਟਿੰਗ ਦੇ ਆਧਾਰ ‘ਤੇ ਕੁਝ ਨਾਵਾਂ ਨੂੰ ਇੱਕ ਪਾਸੇ ਵੀ ਕਰ ਦਿੱਤਾ ਗਿਆ ਸੀ। ਜਿੰਨ੍ਹਾਂ ਉਮੀਦਵਾਰਾਂ ਨੂੰ ਲਗਭਗ ਤੈਅ ਵੀ ਮੰਨਿਆ ਜਾ ਰਿਹਾ ਸੀ ਪਰ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸਰਵੇ ਵਿੱਚ ਇੰਨ੍ਹਾਂ ਉਮੀਦਵਾਰਾਂ ਨੂੰ ਠੀਕ ਨਹੀਂ ਦੱਸਿਆ ਗਿਆ ਹੈ।
ਕਾਂਗਰਸ ਵੱਲੋਂ ਕਰਵਾਏ ਗਏ ਸਰਵੇ ਵਿੱਚ ਸੰਭਾਵੀ ਉਮੀਦਵਾਰਾਂ ਸਣੇ ਜੇਤੂ ਉਮੀਦਵਾਰਾਂ ਬਾਰੇ ਜਨਤਾ ਤੋਂ ਪੁੱਛਿਆ ਗਿਆ ਸੀ। ਇਹ ਸਰਵੇ ਰਿਪੋਰਟ ਕਾਂਗਰਸ ਪਾਰਟੀ ਦੇ ਪੈਨਲ ਨਾਲ ਮੇਲ ਹੀ ਨਹੀਂ ਖਾ ਪਾ ਰਹੀਂ ਹੈ। ਜਿੰਨ੍ਹਾਂ ਉਮੀਦਵਾਰਾਂ ਨੂੰ ਸੂਬਾ ਕਾਂਗਰਸ ਜੇਤੂ ਉਮੀਦਵਾਰ ਕਰਾਰ ਦੇ ਰਹੀ ਹੈ, ਉਨ੍ਹਾਂ ਉਮੀਦਵਾਰਾਂ ਨੂੰ ਹੀ ਸਰਵੇ ਰਿਪੋਰਟ ਵਿੱਚ ਕਮਜ਼ੋਰ ਉਮੀਦਵਾਰ ਕਰਾਰ ਦਿੱਤਾ ਹੋਇਆ ਹੈ।
ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸਰਵੇ ਰਿਪੋਰਟ ਨੂੰ ਵੀ ਆਧਾਰ ਬਣਾਉਂਦੇ ਹੋਏ ਚਰਚਾ ਕੀਤੀ ਜਾਏਗੀ। ਇਸ ਸਰਵੇ ਰਿਪੋਰਟ ਅਨੁਸਾਰ ਹਰ ਫੈਕਟਰ ਨੂੰ ਮੀਟਿੰਗ ਵਿੱਚ ਰੱਖਿਆ ਜਾਏਗਾ ਜਿਸ ਵਿੱਚ ਜਾਤੀ ਆਧਾਰਿਤ ਨੂੰ ਖ਼ਾਸ ਥਾਂ ਦਿੱਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।