ਨਿਰੰਜਣ ਬੋਹਾ, ਮੋ: 89682-8270
ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਤੇ ਪਿੰਡ ਪਿੰਡ ਜਾ ਕੇ ਲੋਕ ਚੇਤਨਾ ਦਾ ਸੁਨੇਹਾ ਵੰਡਣ ਵਾਲੇ ਪੰਜਾਬੀ ਨਾਟਕ ਦੇ ਸ਼ਾਹ ਅਸਵਾਰ ਪ੍ਰੋ.ਅਜਮੇਰ ਸਿੰਘ ਔਲਖ ਦੇ ਜੀਵਨ ਨੁੰ ਬਚਾਉਣ ਲਈ ਕੀਤੀਆਂ ਕੋਸ਼ਿਸ਼ਾ ਤੇ ਦੁਆਵਾਂ ਆਖਿਰ ਮੌਤ ਤੋਂ ਹਾਰ ਹੀ ਗਈਆਂ ਲੰਘੀ ਮਿਤੀ 15 ਜੂਨ ਨੂੰ ਸਵੇਰ ਸਾਢੇ ਪੰਜ ਕੁ ਵਜੇ ਉਹਨਾਂ ਦੇ ਤੁਰ ਜਾਣ ਦੀ ਖ਼ਬਰ ਸੁਣੀ ਤਾਂ ਸਰੀਰ ‘ਚਂੋ ਸੀਤ ਜਿਹਾ ਨਿੱਕਲ ਗਿਆ ਸੋਸ਼ਲ ਮੀਡੀਆ ‘ਤੇ ਪੰਦਰਾਂ ਕੁ ਦਿਨ ਪਹਿਲਾਂ ਵੀ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਅਫਵਾਹ ਫੈਲੀ ਸੀ ਪਰ ਕੁਝ ਹੀ ਸਮੇਂ ਬਾਦ ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਇਸ ਅਫਵਾਹ ਦਾ ਖੰਡਨ ਕਰਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਚਿਹਰਿਆਂ ਤੋਂ ਗੁਆਚੀ ਮੁਸਕਾਨ ਵਾਪਸ ਲੈ ਆਂਦੀ ਸੀ ਹੁਣ ਜਦੋਂ ਸਾਡੇ ਦਿਲੋ-ਦਿਮਾਗ ‘ਚ ਇਹ ਗੱਲ ਬੈਠ ਗਈ ਸੀ ਕਿ ਇਸ ਜੀਵਨ ਸੰਗਰਾਮੀ ਨੇ ਆਪਣੇ ਅੰਦਰਲੀ ਇੱਛਾ ਸ਼ਕਤੀ ਰਾਹੀਂ ਇੱਕ ਵਾਰ ਫਿਰ ਮੌਤ ਨੂੰ ਹਰਾ ਦਿੱਤਾ ਹੈ ਤਾਂ ਸੋਚਾਂ ਦੇ ਉਲਟ ਅਚਿੰਤੇ ਬਾਜ਼ ਦਾ ਦਾਅ ਚੱਲ ਗਿਆ
ਉਨ੍ਹਾਂ ਦੇ ਤੁਰ ਜਾਣ ਦੀ ਖਬਰ ਸੁਣੀ ਤਾਂ ਆਪਣੇ ਆਪ ਨੂੰ ਰਾਹਤ ਦੇਣ ਲਈ ਇੱਕ ਪਲ ਲਈ ਸੋਚਿਆ ਕਿ ਸੰਭਵ ਹੈ ਇਸ ਵਾਰ ਵੀ ਇਹ ਖਬਰ ਅਫ਼ਵਾਹ ਹੀ ਹੋਵੇ ਪਰ ਕਹਾਣੀਕਾਰ ਅਤਰਜੀਤ ਵਰਗੇ ਪੁਖਤਾ ਸੂਤਰ ਤੋਂ ਮਿਲੀ ਦੁੱਖਦਾਈ ਜਾਣਕਾਰੀ ਕਾਰਨ ਇਸ ਕੌੜੀ ਹਕੀਕਤ ਨੂੰ ਸਵੀਕਾਰਨਾ ਹੀ ਪਿਆ ਮੈਂ ਸੋਚ ਰਿਹਾ ਸਾਂ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਨਾਟਕ ਦੇ ਇੱਕ ਯੁਗ ਦਾ ਅੰਤ ਹੀ ਨਹੀਂ ਹੋਇਆ ਸਗੋਂ ਵਿਚਾਰਧਾਰਕ ਪ੍ਰਤੀਬੱਧਤਾ ਵਾਲੀ ਨਾਟਕ ਲਹਿਰ ਦੇ ਜਾਰੀ ਰਹਿਣ ‘ਤੇ ਵੀ ਇੱਕ ਸੁਆਲੀਆ ਚਿੰਨ੍ਹ ਲੱਗ ਗਿਆ ਹੈ
ਭਾਅ ਗੁਰਸ਼ਰਨ ਸਿੰਘ ਤੋਂ ਬਾਦ ਲੋਕ ਪੱਖੀ ਰੰਗ ਮੰਚ ਨੂੰ ਇੱਕ ਲਹਿਰ ਵਜੋਂ ਉਭਾਰਨ ਵਾਲਾ ਦੂਜਾ ਮੋਢੀ ਨਾਟਕਕਾਰ ਵੀ ਤੁਰ ਗਿਆ ਹੈ ਤਾਂ ਇਸ ਲਹਿਰ ਦੇ ਵਾਰਸਾਂ ਲਈ ਲਹਿਰ ਨੂੰ ਜਿਉਂਦਾ ਰੱਖਣ ਦੀ ਚਣੌਤੀ ਬਹੁਤ ਵੱਡੀ ਹੋ ਗਈ ਹੈ ਜਦੋਂ ਸਾਹਿਤ ਦੀ ਹਰ ਵਿਧਾ ਵਿਸ਼ਵੀ ਮੰਡੀ ਦੀ ਮੰਗ ਅਨੁਸਾਰ ਆਪਣੇ ਲੋਕ ਪੱਖੀ ਖਾਸੇ ਨਾਲੋਂ ਟੁੱਟਣ ਦੇ ਰਾਹ ਪਈ ਹੋਈ ਹੈ ਤਾਂ ਅਜਿਹੇ ਸਮੇ ਔਲਖ ਵਰਗੇ ਸਿਰੜੀ ਤੇ ਲੋਕ ਪ੍ਰਤੀਬੱਧ ਨਾਟਕਕਾਰ ਦਾ ਤੁਰ ਜਾਣਾ ਸੱਚ ਮੁੱਚ ਹੀ ਬਹੁਤ ਘਾਟੇ ਵਾਲੀ ਗੱਲ ਹੈ
ਵੱਡੇ ਲੇਖਕਾਂ ਦੇ ਘਰਾਂ ਦੇ ਦਰਵਾਜ਼ੇ ਆਮ ਕਰਕੇ ਨਵੇ ਲੇਖਕਾਂ ਤੇ ਆਮ ਲੋਕਾਂ ਲਈ ਬਹੁਤ ਭੀੜੇ ਹੁੰਦੇ ਹਨ ਪਰ ਇਹ ਪ੍ਰੋ. ਔਲਖ ਹੀ ਸੀ ਜੋ ਘਰ ਆਏ ਹਰ ਬੰਦੇ ਨੂੰ ਬਿਲਕੁਲ ਆਮ ਪੇਂਡੂ ਮੁਹਾਂਦਰੇ ਵਾਲੇ ਅੰਦਾਜ਼ ‘ਚ ਖਿੜ੍ਹ ਕੇ ਮਿਲਦਾ ਸੀ ਕੇਵਲ ਮਿਲਦਾ ਹੀ ਨਹੀਂ ਸੀ ਸਗੋਂ ਉਨ੍ਹਾਂ ਨੂੰ ਉਡੀਕਦਾ ਵੀ ਸੀ ਤੇ ਆਪ ‘ਵਾਜਾਂ ਵੀ ਮਾਰਦਾ ਸੀ ਵੱਡੇ ਤੇ ਨਾਮਵਰ ਲੇਖਕਾਂ ਨੂੰ ਕਿਸੇ ਸਮਾਗਮ ਤੇ ਬੁਲਾਉਣਾ ਹੋਵੇ ਤਾਂ ਉਨ੍ਹਾਂ ਲਈ ਮਹਿੰਗੀ ਕਾਰ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਇਹ ਪ੍ਰੋ. ਅਜਮੇਰ ਔਲਖ ਦੀ ਨਿਰਮਾਨਤਾ ਦਾ ਸਿਖ਼ਰ ਸੀ ਕਿ ਉਹ ਮਾਨਸਾ ਖੇਤਰ ਦੇ ਲੇਖਕਾਂ ਨੂੰ ਆਪ ਫੋਨ ਕਰਦਾ ਸੀ ਕਿ ਮੇਰੀ ਕਾਰ ‘ਚ ਏਨੀਆਂ ਸੀਟਾ ਖਾਲੀ ਹਨ, ਜੇ ਤੁਸੀਂ ਸਮਾਗਮ ‘ਤੇ ਜਾਣਾ ਹੈ ਤਾਂ ਸਵੇਰੇ ਮੇਰੇ ਘਰ ਪਹੁੰਚ ਜਾਇਓ ਉਸਦਾ ਫੋਨ ਆਉਣ ‘ਤੇ ਮੈਂ ਵੀ ਉਨ੍ਹਾਂ ਨਾਲ ਕਈ ਸਾਹਿਤ ਸਮਾਗਮਾਂ ‘ਤੇ ਗਿਆ ਸਾਂ
ਔਲਖ ਦਾ ਆਪਣਾ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਨਾਲ ਜੁੜਿਆ ਹੋਇਆ ਸੀ ਇਸ ਲਈ ਹੀ ਉਹ ਛੋਟੀ ਕਿਸਾਨੀ ਦੇ ਦੁੱਖਾਂ ਦਰਦਾਂ ਦੀ ਬਾਤ ਆਪਣੇ ਨਾਟਕਾਂ ‘ਚ ਏਨੀ ਸ਼ਿੱਦਤ ਬਿਆਨੀ ਕਰ ਸਕੇ ਸਨ ਇੰਕਾਂਗੀ ਸੰਗ੍ਰਹਿ ‘ਅਰਬਦ ਨਰਬਦ ਧੂੰਧੁਕਾਰਾ ਤੋਂ ਲੈ ‘ਨਿਉਂ ਜੜ੍ਹ’ ਤੱਕ ਉਨ੍ਹਾਂ ਡੇਢ ਦਰਜਣ ਦੇ ਲੱਗਭੱਗ ਨਾਟਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਤੇ ਉਸਦੀ ਹਰ ਪੁਸਤਕ ਨੂੰ ਪਾਠਕਾਂ ਨੇ ਰੱਜਵਾਂ ਮਾਣ ਸਤਿਕਾਰ ਦਿੱਤਾ ਉਸਦੇ ਹਰ ਨਾਟਕ ਦੀਆਂ ਸੈਂਕੜਿਆਂ ਦੀ ਗਿਣਤੀ ‘ਚ ਸਟੇਜੀ ਪੇਸ਼ਕਾਰੀਆਂ ਹੋਈਆਂ ਪਰ ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਦੇ ਸਟੇਜੀ ਮੰਚਨ ਦੀ ਗਿਣਤੀ ਦੱਸ ਸਕਣਾ ਕਿਸੇ ਲਈ ਹੁਣ ਸੰਭਵ ਹੀ ਨਹੀਂ ਜਾਪਦਾ ਇਸ ਨਾਟਕ ਨੂੰ ਨਿਮਨ ਕਿਸਾਨੀ ਦੇ ਜੀਵਨ ਦੇ ਪ੍ਰਤੀਨਿੱਧ ਦਸਤਾਵੇਜ਼ ਵਜੋਂ ਸਵੀਕਾਰਿਆ ਗਿਆ
ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਮੈਂ ਉਨ੍ਹਾਂ ਜਿਹਾ ਕੋਈ ਨਿਰ ਵਿਵਾਦ ਲੇਖਕ ਨਹੀਂ ਵੇਖਿਆ ਭਾਵੇਂ ਉਨ੍ਹਾਂ ਦੀ ਵਿਚਾਰਧਾਰਾ ਤੇ ਚਿੰਤਨ ਪੂਰੀ ਤਰ੍ਹਾਂ ਲੋਕ ਪੱਖੀ ਸੀ ਪਰ ਇਸ ਵਿਚਾਰਧਾਰਾ ‘ਤੇ ਕਿਸੇ ਖਾਸ ਰਾਜਨੀਤਕ ਧਿਰ ਦਾ ਠੱਪਾ ਕਦੇ ਨਹੀਂ ਸੀ ਲੱਗਾ ਉਹ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਰਹੇ ਤਾਂ ਕੇਂਦਰੀ ਸਭਾ ਦੇ ਕਿਸੇ ਧੜੇ ਨਾਲ ਆਪਣਾ ਵੱਖਰਾ ਮੋਹ ਨਹੀਂ ਜਤਾਇਆ ਸਗੋਂ ਸਾਰਿਆਂ ਦੇ ਸਾਂਝੇ ਪ੍ਰਧਾਨ ਦੇ ਤੌਰ ‘ਤੇ ਹੀ ਵਿਚਰਦੇ ਰਹੇ ਡਾਕਟਰ ਤੇਜਵੰਤ ਮਾਨ ਵਾਲੀ ਕੇਂਦਰੀ ਸਭਾ ਨਾਲ ਵੀ ਉਨ੍ਹਾਂ ਆਪਣੇ ਦੋਸਤਾਨਾ ਸਬੰਧ ਕਾਇਮ ਰੱਖੇ ਉਨ੍ਹਾਂ ਦੀ ਨਿਰ ਵਿਵਾਦ ਸ਼ਖ਼ਸੀਅਤ ਕਾਰਨ ਹੀ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਸੀ ਉਹ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਲੇਖਕਾਂ ਤੇ ਸਾਹਿਤ ਚਿੰਤਕਾਂ ਨਾਲ ਐਵੇਂ ਹੀ ਉਲਝ ਕੇ ਸਮਾਂ ਖਰਾਬ ਕਰਨ ਦੀ ਬਜਾਇ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਤੇ ਪਸਾਰ ਨੂੰ ਸਮਾਂ ਦੇਣ ‘ਚ ਵਧੇਰੇ ਵਿਸ਼ਵਾਸ ਰੱਖਦੇ ਸਨ ਸਾਹਿਤਕ ਗੋਸ਼ਟੀਆਂ ਸਮੇ ਜਦੋਂ ਕਦੋਂ ਦੋ ਵਿਚਾਰਧਾਰਕ ਵਿਰੋਧੀਆਂ ਦੇ ਸਿੰਙ ਫਸ ਜਾਂਦੇ ਤਾਂ ਉਹ ਆਪਣੇ ਪ੍ਰਧਾਨਗੀ ਭਾਸ਼ਣ ‘ਚ ਗਿਣਵੇਂ-ਮਿਣਵੇਂ ਸ਼ਬਦਾਂ ਰਾਹੀਂ ਗੋਸ਼ਟੀ ਦੇ ਅਸ਼ਾਂਤ ਹੋਏ ਮਾਹੌਲ ਨੂੰ ਸ਼ਾਂਤ ਤੇ ਸਾਵਾਂ ਬਨਾਉਣ ਦੀ ਕਲਾ ‘ਚ ਵੀ ਮਾਹਰ ਸਨ
ਔਲਖ ਅੰਦਰਂੋ ਬਾਹਰਂੋ ਇੱਕ ਸਨ ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ‘ਚ ਅੱਜ ਵਾਲਾ ਨਾਂਅ ਥਾਂ ਕਦੇ ਨਾ ਬਣਾ ਸਕਦਾ ਇਹ ਮੇਰੀ ਪਤਨੀ ਤੇ ਧੀਆਂ ਹੀ ਸਨ ਜਿਨ੍ਹਾਂ ਮੇਰੇ ਨਾਟਕਾਂ ‘ਚ ਉਸ ਸਮੇ ਰੋਲ ਨਿਭਾਏ ਜਦੋਂ ਔਰਤ ਦਾ ਸਟੇਜ ‘ਤੇ ਆਉਣਾ ਅਲੋਕਾਰੀ ਗੱਲ ਸੀ ਉਨ੍ਹਾਂ ਦੀ ਇਹ ਵੀ ਖਾਹਿਸ਼ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਦ ਵੀ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਅਗਾਂਹਵਧੂ ਸੋਚ ‘ਤੇ ਡਟ ਕੇ ਪਹਿਰਾ ਦੇਵੇ ,ਇਸ ਲਈ ਸੰਨ 2013 ‘ਚ ਕੈਂਸਰ ਦੀ ਬਿਮਾਰੀ ਦੇ ਵੱਡੇ ਹਮਲੇ ਦਾ ਸਾਮਹਣਾ ਕਰਨ ਵੇਲੇ ਉਨ੍ਹਾਂ ਆਪਣੀ ਆਖਿਰੀ ਇੱਛਾ ਦਾ ਲਿਖਤੀ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੀ ਮੌਤ ਤੋਂ ਬਾਦ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਵੱਲੋਂ ਹੀ ਦਿੱਤੀ ਜਾਵੇ ਇਹ ਗੱਲ ਆਪਣੇ ਆਪ ‘ਚ ਬੜੀ ਅਗਾਂਹਵਧੂ ਹੈ
ਅਜਿਹੇ ਉੱਚੀ ਸੁੱਚੀ ਸੋਚ ਵਾਲੇ ਮਹਾਨ ਲੋਕ ਕਦੇ ਮਰਿਆ ਨਹੀਂ ਕਰਦੇ ਤੇ ਪ੍ਰੋ. ਅਜਮੇਰ ਸਿੰਘ ਔਲਖ ਵੀ ਮਰਿਆ ਨਹੀਂ ਹੈ ਸਗੋਂ ਲੋਕ ਵਿਰਾਸਤ ਦਾ ਹਿੱਸਾ ਬਣ ਕੇ ਆਪਣੀ ਵਿਚਰਧਾਰਕ ਉਮਰ ਹੋਰ ਲੰਮੀ ਕਰ ਗਿਆ ਹੈ ਉਹ ਸਾਡੇ ਚੇਤਿਆਂ ‘ਚ ਹਮੇਸ਼ਾ ਜਿਉਂਦਾ ਰਹੇਗਾ ਜਿੰਨਾਂ ਇਕੱਠ ਬਰਨਾਲੇ ਉਨ੍ਹਾਂ ਨੂੰ ਭਾਈ ਲਾਲੋ ਪੁਰਸਕਾਰ ਦੇਣ ਵੇਲੇ ਸੀ, ਓਨਾ ਹੀ ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਸੀ ਪ੍ਰੋ. ਔਲਖ ਅਮਰ ਰਹਿਣ ਦੇ ਗੂੰਜਵੇਂ ਨਾਹਰੇ ਉਨ੍ਹਾਂ ਦੇ ਅਮਰ ਰਹਿਣ ਦੀ ਗਵਾਹੀ ਉਨ੍ਹਾਂ ਦੇ ਸਨਮਾਨ ਸਮਾਰੋਹ ਵਾਂਗ ਹੀ ਭਰ ਰਹੇ ਸਨ ਉਹ ਪਹਿਲਾਂ ਵੀ ਜਿੰਦਾਬਾਦ ਸੀ ਤੇ ਹੁਣ ਵੀ ਜਿੰਦਾਬਾਦ ਹੈ