ਪੰਜਾਬ ਦੀਆਂ ਜੇਲ੍ਹ ਵਿੱਚੋਂ ਫਰਲੋ ਲੈ ਰਹੇ ਹਨ ਕੈਦੀ, 4734 ਕੱਚੇ-ਪੱਕੇ ਕੈਦੀ ਪੁੱਜੇ ਆਪਣੇ ਘਰਾਂ ‘ਚ

ਅੰਮ੍ਰਿਤਸਰ ਅਤੇ ਕਪੂਰਥਲਾ ਤੋਂ ਜਿਆਦਾ ਕੈਦੀ ਫ਼ਰਲੋ ਰਾਹੀਂ ਘਰਾਂ ਵਿੱਚ ਪੁੱਜੇ ਕੈਦੀ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕੈਦੀਆ ਵਲੋਂ ਲਗਾਤਾਰ ਫਰਲੋ ਲਈ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ 4734 ਕੱਚੇ-ਪੱਕੇ ਕੈਦੀ ਆਪਣੇ ਘਰਾਂ ਨੂੰ ਪੁੱਜ ਚੁੱਕੇ ਹਨ। ਹਾਲਾਂਕਿ ਪੰਜਾਬ ਸਰਕਾਰ ਵਲੋਂ 6 ਹਜ਼ਾਰ ਕੈਦੀਆ ਨੂੰ ਫ਼ਰਲੋ ‘ਤੇ ਭੇਜਣ ਦਾ ਐਲਾਨ ਕੀਤਾ ਜਾ ਰਿਹਾ ਸੀ ਪਰ ਸਰਕਾਰ ਵੱਲੋਂ ਨਿਯਮਾਂ ਵਿੱਚ ਵੱਡੀ ਰਾਹਤ ਦੇਣ ਤੋਂ ਬਾਅਦ ਵੀ ਹੁਣ ਤੱਕ 4734 ਕੈਦੀ ਹੀ ਫਰਲੋ ਲੈ ਕੇ ਆਪਣੇ ਘਰਾਂ ਵਿੱਚ ਪੁੱਜ ਸਕੇ ਹਨ। ਇਨ੍ਹਾਂ ਕੱਚੇ-ਪੱਕੇ ਕੈਦੀਆ ਵਿੱਚ ਸਾਰਿਆਂ ਤੋਂ ਜਿਆਦਾ ਅੰਮ੍ਰਿਤਸਰ, ਕਪੂਰਥਲਾ ਅਤੇ ਫਰੀਦਕੋਟ ਸਣੇ ਫਿਰੋਜ਼ਪੁਰ ਦੀ ਜੇਲ੍ਹ ਵਿੱਚੋਂ ਫ਼ਰਲੋ ਦਿੱਤੀ ਗਈ ਹੈ। ਜਦੋਂ ਕਿ ਲੁਧਿਆਣਾ ਦੀ ਮਹਿਲਾ ਜੇਲ੍ਹ ਵਿੱਚੋਂ ਸਿਰਫ਼ 3 ਮਹਿਲਾ ਕੈਦੀ ਹੀ ਫਰਲੋ ਲੈਣ ਵਿੱਚ ਸਫ਼ਲ ਹੋਏ ਹਨ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਆਪਣੀਆਂ ਜੇਲ੍ਹਾਂ ਵਿੱਚੋਂ 6 ਹਜ਼ਾਰ ਦੇ ਲਗਭਗ ਕੈਦੀਆ ਨੂੰ ਫਰਲੋ ‘ਤੇ ਰਿਹਾਅ ਕਰਦੇ ਹੋਏ ਉਨ੍ਹਾਂ ਨੂੰ ਘਰ ਵਿਖੇ ਭੇਜੇਗਾ, ਜਿਸ ਨਾਲ ਜੇਲ੍ਹਾਂ ਵਿੱਚ ਕੈਦੀਆ ਦੀ ਗਿਣਤੀ ਘੱਟ ਹੋਣ ਨਾਲ ਵਾਇਰਸ ਦਾ ਖਤਰਾ ਜ਼ਿਆਦਾ ਨਹੀਂ ਰਹੇਗਾ। ਇਸੇ ਐਲਾਨ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਬਣਾਈ ਗਈ ਉੱਚ ਤਾਕਤੀ ਕਮੇਟੀ ਵਲੋਂ ਪਾਸ ਕੀਤੇ ਗਏ ਕੇਸਾਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਫਰਲੋ ‘ਤੇ ਕੈਦੀਆ ਨੂੰ ਘਰਾਂ ਨੂੰ ਭੇਜਿਆ ਜਾ ਰਿਹਾ ਹੈ। ਸ਼ੁੱਕਰਵਾਰ 10 ਅਪ੍ਰੈਲ ਤੱਕ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 4734 ਕੈਦੀ ਫਰਲੋ ਲੈਂਦੇ ਹੋਏ ਆਪਣੇ ਘਰਾਂ ਨੂੰ ਰਵਾਨਾ ਹੋ ਚੁੱਕੇ ਹਨ, ਜਦੋਂ ਕਿ ਅਜੇ ਵੀ ਕੈਦੀਆ ਨੂੰ ਫਰਲੋ ‘ਤੇ ਭੇਜੀ ਦੀ ਕਾਰਵਾਈ ਜਾਰੀ ਹੈ।

ਇਹ ਵੀ ਜਾਣਕਾਰੀ ਮਿਲ ਰਹੀਂ ਹੈ ਕਿ ਜੇਲ੍ਹ ਵਿਭਾਗ ਵਲੋਂ ਹੁਣ ਤੱਕ 7 ਸਾਲ ਤੱਕ ਜਾਂ ਫਿਰ ਇਸ ਤੋਂ ਘੱਟ ਦੀ ਸਜ਼ਾ ਮਿਲਣ ਵਾਲੇ ਪੱਕੇ ਕੈਦੀਆ ਵਿੱਚੋਂ 2243 ਨੂੰ 6 ਹਫ਼ਤੇ ਦੀ ਫਰਲੋ ‘ਤੇ ਰਿਹਾ ਕੀਤਾ ਗਿਆ ਹੈ। ਇਸ ਨਾਲ ਹੀ ਵੱਖ-ਵੱਖ ਜੇਲ੍ਹਾਂ ਵਿੱਚੋਂ 2491 ਕੱਚੇ ਕੈਦੀਆ ਨੂੰ ਰਿਹਾਅ ਕੀਤਾ ਗਿਆ ਹੈ, ਜਿਸ ਵਿੱਚੋਂ 2083 ਕੈਦੀਆ ਨੂੰ 6 ਹਫ਼ਤਿਆਂ ਲਈ ਫ਼ਰਲੋ ‘ਤੇ ਰਿਹਾਅ ਕੀਤਾ ਗਿਆ ਹੈ ਤੇ 408 ਕੈਦੀਆ ਨੂੰ ਪੱਕੀ ਜ਼ਮਾਨਤ ਦੇ ਕੇ ਰਿਹਾਅ ਕਰ ਦਿੱਤਾ ਗਿਆ ਹੈ।

ਹੁਣ ਦੱਸਿਆ ਜਾ ਰਿਹਾ ਹੈ ਕਿ ਜੇਕਰ ਪੰਜਾਬ ਵਿੱਚ ਸਥਿਤੀ ਜਿਆਦਾ ਖਰਾਬ ਰਹੀ ਤਾਂ ਇਨ੍ਹਾਂ ਕੈਦੀਆ ਦੀ ਫ਼ਰਲੋ ਨੂੰ ਸਰਕਾਰ ਵੱਲੋਂ ਖ਼ਾਸ ਆਦੇਸ਼ਾਂ ਰਾਹੀਂ ਹੋਰ ਵਧਾਇਆ ਜਾ ਸਕਦਾ ਹੈ

ਕਿਹੜੇ ਜ਼ਿਲ੍ਹੇ ਦੇ ਕਿੰਨੇ ਕੱਚੇ-ਪੱਕੇ ਕੈਦੀਆਂ ਨੂੰ ਮਿਲੀ ਫ਼ਰਲੋ ?

  • ਜਿਲ੍ਹਾ  ਕੈਦੀਆ ਦੀ ਗਿਣਤੀ
  • ਅੰਮ੍ਰਿਤਸਰ  620
  • ਕਪੂਰਥਲਾ  592
  • ਫਰੀਦਕੋਟ  480
  • ਫਿਰੋਜ਼ਪੁਰ  443
  • ਬਠਿੰਡਾ   377
  • ਗੁਰਦਾਸਪੁਰ  359
  • ਲੁਧਿਆਣਾ  357
  • ਸੰਗਰੂਰ   207
  • ਮਾਨਸਾ   202
  • ਪਟਿਆਲਾ  189
  • ਹੁਸ਼ਿਆਰਪੁਰ  160
  • ਨਵੀਂ ਜੇਲ੍ਹ ਨਾਭਾ  158
  • ਮੁਕਤਸਰ   119
  • ਰੋਪੜ   110
  • ਬਰਨਾਲਾ   110
  • ਫਾਜ਼ਿਲਕਾ  64
  • ਮਲੇਰਕੋਟਲਾ  59
  • ਪਠਾਨਕੋਟ  44
  • ਸੁਰੱਖਿਆ ਜੇਲ੍ਹ ਨਾਭਾ 40
  • ਮੋਗਾ   27
  • ਪੱਟੀ ਜੇਲ੍ਹ   13
  • ਮਹਿਲਾ ਲੁਧਿਆਣਾ    3
  • ਲੁਧਿਆਣਾ     1
  • ਕੁਲ   4734  

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।