ਪੈਰੋਲ ਤੋਂ ਫਰਾਰ ਕੈਦੀ 30 ਸਾਲਾਂ ਬਾਅਦ ਗ੍ਰਿਫਤਾਰ

ਕਤਲ ਅਤੇ ਡਕੈਤੀ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

  • ਪਛਾਣ, ਨਾਂਅ ਬਦਲ ਕੇ ਗਾਜ਼ੀਆਬਾਦ ‘ਚ ਰਹਿ ਰਿਹਾ ਸੀ ਦੋਸ਼ੀ
  • ਬੀਬੀ, ਬੱਚੇ ਵੀ ਅਜੇ ਤੱਕ ਆਪਣੇ ਜੁਰਮਾਂ ਤੋਂ ਅਣਜਾਣ ਸਨ

(ਸੱਚ ਕਹੂੰ /ਸੰਜੇ ਕੁਮਾਰ ਮਹਿਰਾ) ਗੁਰੂਗ੍ਰਾਮ। ਕਤਲ ਅਤੇ ਡਕੈਤੀ ਦੇ ਜੁਰਮਾਂ ‘ਚ ਉਮਰ ਕੈਦ ਦੀ ਸਜ਼ਾ ਕੱਟ ਕੇ ਪੈਰੋਲ ‘ਤੇ ਆਇਆ ਇਕ ਅਪਰਾਧੀ ਇਸ ਤਰ੍ਹਾਂ ਫਰਾਰ ਹੋ ਗਿਆ ਕਿ ਪੁਲਿਸ ਦੀ ਪਕੜ ਤੋਂ ਬਾਹਰ ਹੀ ਰਿਹਾ। ਹੁਣ 30 ਸਾਲਾਂ ਬਾਅਦ ਉਹ ਪੁਲਿਸ ਦੇ ਹੱਥ ਚੜਿਆ ਹੈ। ਜਾਣਕਾਰੀ ਅਨੁਸਾਰ 14 ਮਾਰਚ 1985 ਨੂੰ ਪੂਤੀਲਾਲ ਅਤੇ ਉਸ ਦੇ ਹੋਰ ਸਾਥੀਆਂ ਨੂੰ ਗੁਰੂਗ੍ਰਾਮ ਦੇ ਥਾਣਾ ਪਟੌਦੀ ‘ਚ ਆਰਮਜ਼ ਐਕਟ ਤਹਿਤ ਦਰਜ ਇਕ ਮਾਮਲੇ ‘ਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।

ਇਸ ਮਾਮਲੇ ਦੇ ਦੋਸ਼ੀਆਂ ਨੂੰ ਅਦਾਲਤ ਨੇ 23 ਮਾਰਚ 1989 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪੁਤੀਲਾਲ ਨੂੰ ਸਾਲ 1992 ਵਿੱਚ ਜੇਲ੍ਹ ਨਿਯਮਾਂ ਅਨੁਸਾਰ ਪੈਰੋਲ ਦਿੱਤੀ ਗਈ ਸੀ। ਇਹ ਪੈਰੋਲ ਉਸ ਲਈ ਜੇਲ੍ਹ ਤੋਂ ਆਜ਼ਾਦੀ ਮਿਲਣ ਵਰਗੀ ਹੋ ਗਈ। ਕਿਉਂਕਿ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਆਇਆ।

ਉਸ ਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਸੀ, ਪਰ ਦੋਸ਼ੀ ਪੁਤੀਲਾਲ 30 ਸਾਲ ਤੱਕ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆਇਆ। ਹੁਣ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਫਾਰੂਖਨਗਰ ਦੇ ਸਬ-ਇੰਸਪੈਕਟਰ ਅਮਿਤ ਕੁਮਾਰ ਦੀ ਟੀਮ ਨੇ ਗੁਪਤਾ ਸੂਚਨਾ ਦੇ ਆਧਾਰ ‘ਤੇ ਯੂਪੀ ਦੇ ਗਾਜ਼ੀਆਬਾਦ ਦੇ ਜਨਕਪੁਰੀ ਤੋਂ ਪੁਤੀਲਾਲ ਉਰਫ ਵਿਕਰਮਜੀਤ ਨੂੰ ਗ੍ਰਿਫਤਾਰ ਕੀਤਾ ਹੈ।

ਵਿਆਹ ਕਰਕੇ ਤਿੰਨ ਬੱਚੇ ਹੋਏ, ਲੜਕੇ ਦਾ ਵੀ ਵਿਆਹ ਕਰ ਦਿੱਤਾ

ਪੁਤੀਲਾਲ ਨੇ ਪਟੌਦੀ ਨੇੜੇ ਪਿੰਡ ਸੰਪਕਾ ਵਿੱਚ ਕਈ ਘਰਾਂ ਵਿੱਚ ਲੁੱਟਮਾਰ ਕੀਤੀ ਸੀ। ਲੁੱਟ ਦੌਰਾਨ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ। ਇਸ ਮਾਮਲੇ ‘ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਪਛਾਣ ਛੁਪਾਉਣ ਦੇ ਇਰਾਦੇ ਨਾਲ ਆਪਣਾ ਨਾਂਅ ਪੁਤੀਲਾਲ ਤੋਂ ਬਦਲ ਕੇ ਵਿਕਰਮਜੀਤ ਰੱਖ ਲਿਆ ਅਤੇ ਗਾਜ਼ੀਆਬਾਦ ਰਹਿਣ ਲੱਗ ਪਿਆ। ਉਸ ਤੋਂ ਬਾਅਦ ਨਾ ਤਾਂ ਉਹ ਆਪਣੇ ਪਿੰਡ ਗਿਆ ਅਤੇ ਨਾ ਹੀ ਕਿਸੇ ਰਿਸ਼ਤੇਦਾਰੀ ਵਿੱਚ ਗਿਆ। ਉਸ ਦਾ ਵਿਆਹ ਵੀ ਹੋਇਆ ਅਤੇ ਉਸ ਦੇ 3 ਬੱਚੇ ਹਨ। ਦੋਸ਼ੀ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਆਪਣੇ ਜੱਦੀ ਘਰ ਨਹੀਂ ਗਿਆ। ਉਸ ਨੇ ਆਪਣੇ ਬੇਟੇ ਦੇ ਵਿਆਹ ਵਿੱਚ ਵੀ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਸੀ। ਖਾਸ ਗੱਲ ਇਹ ਹੈ ਕਿ ਉਸ ਵੱਲੋਂ ਕੀਤੇ ਗਏ ਅਪਰਾਧਾਂ ਤੋਂ ਉਸ ਦੀ ਪਤਨੀ ਅਤੇ ਬੱਚੇ ਵੀ ਅਣਜਾਣ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ