ਧਰਮਸੋਤ ਤੋਂ ਬਾਅਦ ਹੁਣ ਆਸ਼ੂ ਖਿਲਾਫ ਵਿਜੀਲੈਂਸ ਜਾਂਚ ਦੀ ਤਿਆਰੀ

ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਉੱਠ ਰਹੀਆਂ ਨੇ ਉਂਗਲਾਂ

ਲੁਧਿਆਣਾ,(ਰਘਬੀਰ ਸਿੰਘ)। ਪੰਜਾਬ ਕਾਂਗਰਸ ਦੇ ਸਿਤਾਰੇ ਗਰਦਿਸ਼ ਵਿੱਚ ਲੱਗ ਰਹੇ ਹਨ। ਪੰਜਾਬ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਪ੍ਰੰਤੂ ਸਾਬਕਾ ਮੰਤਰੀ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਆਪ ਸਰਕਾਰ ਦਾ ਚੋਣਾਂ ਵਿੱਚ ਫਾਇਦਾ ਲੈਣ ਦਾ ਸਟੰਟ ਕਰਾਰ ਦੇ ਰਹੇ ਹਨ।

ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆ ’ਤੇ ਪਹਿਲਾਂ ਹੀ ਭਿ੍ਰਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਧਰਮਸੋਤ ’ਤੇ ਰੁੱਖਾਂ ਦੀ ਕਟਾਈ ਦੇ ਬਦਲੇ ਰਿਸਵਤ ਲੈਣ ਦਾ ਦੋਸ਼ ਸੀ। ਦੋਸ਼ ਸੀ ਕਿ ਧਰਮਸੋਤ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਂਦੇ ਸਨ। ਇਸ ਤੋਂ ਇਲਾਵਾ ਨਵੇਂ ਰੁੱਖ ਲਗਾਉਣ ਲਈ ਵੀ ਰਿਸ਼ਵਤ ਲਈ ਗਈ। ਹੁਣ ਸਾਬਕਾ ਫੂਡ ਐਂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਆਸ਼ੂ ਤੇ ਉਹਨਾਂ ਦੇ ਮੰਤਰੀ ਹੁੰਦਿਆਂ ਠੇਕੇਦਾਰਾਂ ਦੀ ਯੂਨੀਅਨ ਨੇ 2 ਹਜਾਰ ਕਰੋਡ ਦੇ ਘਪਲੇ ਦਾ ਦੋਸ਼ ਲਗਾਇਆ ਹੈ।

ਸ਼ਿਕਾਇਤਕਰਤਾ ਲੇਬਰ ਟਰਾਂਸਪੋਰਟ ਦੇ ਛੋਟੇ ਠੇਕੇਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਭਾਰਤ ਭੂਸਣ ਆਸ਼ੂ ਨੇ ਆਪਣੇ ਕਾਰਜ ਕਾਲ ਦੌਰਾਨ ਲੇਬਰ ਕਾਟੇਜ, ਲੇਬਰ ਪੀਜੀ ਤੇ ਟਰਾਂਸਪੋਰਟ ਦੇ ਟੈਂਡਰ ਤਿੰਨ ਸਾਲ ਤੱਕ 5 ਹਜਾਰ ਛੋਟੇ ਠੇਕੇਦਾਰਾਂ ਨੂੰ ਲਾਂਭੇ ਕਰ ਕੇ ਆਪਣੇ ਚਹੇਤੇ ਕੁਝ ਕੁ ਵੱਡੇ ਠੇਕੇਦਾਰਾਂ ਨੂੰ ਮਨਚਾਹੇ ਰੇਟਾਂ ਤੇ ਅਲਾਟ ਕਰ ਦਿੱਤੇ ਸਨ।

ਜਦੋਂ ਕਿ ਭਾਰਤ ਭੂਸਣ ਆਸ਼ੂ ਇਹਨਾਂ ਦੋਸ਼ਾਂ ਨੂੰ ਇਹ ਕਹਿ ਕੇ ਨਕਾਰ ਰਹੇ ਹਨ ਕਿ ਇਹ ਟੈਂਡਰ ਡੀਸੀ ਦੀ ਅਗਵਾਈ ਵਾਲੀਆਂ ਕਮੇਟੀਆਂ ਵੱਲੋਂ ਅਲਾਟ ਕੀਤਾ ਜਾਂਦਾ ਹੈ। ਭਾਰਤ ਭੂਸ਼ਣ ਆਸ਼ੂ ਕੁਝ ਵੀ ਕਹਿਣ ਪਰੰਤੂ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਇਸ ਦੀ ਜਾਂਚ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਵਿਜੀਲੈਂਸ ਚੀਫ ਡਾਇਰੈਕਟਰ ਚੰਡੀਗੜ੍ਹ ਦੇ ਦਫਤਰ ਤੋਂ ਇਹ ਜਾਂਚ ਲੁਧਿਆਣਾ ਵਿਜੀਲੈਂਸ ਬਿਊਰੋ ਨੂੰ ਮਾਰਕ ਕੀਤੀ ਗਈ ਹੈ।

ਇਹ ਜਾਂਚ ਵਿਜੀਲੈਂਸ ਦੇ ਐੱਸਐੱਸਪੀ ਲੈਵਲ ਦੇ ਅਧਿਕਾਰੀ ਕਰਨਗੇ। ਇੱਕ ਹੋਰ ਮਾਮਲੇ ਵਿੱਚ ਬੀਤੇ ਸ਼ਨਿੱਚਰਵਾਰ ਨੂੰ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਕਾਂਗਰਸੀ ਮੰਤਰੀ ਰਜਿੰਦਰ ਸਿੰਘ ਬਾਜਵਾ ’ਤੇ ਪਿੰਡ ਭਗਤਪੁਰ ਦੀ ਜਮੀਨ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਬਾਜਵਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਆਪ’ ਚੋਣਾਂ ’ਚ ਫਾਇਦਾ ਲੈਣ ਲਈ ਇਹ ਦੋਸ਼ ਲਗਾ ਰਹੀ ਹੈ। ਬਾਜਵਾ ਕੁਝ ਵੀ ਕਹਿਣ ਪ੍ਰੰਤੂ ਕਾਂਗਰਸ ਦੀ ਸਰਕਾਰ ਸਮੇਂ ਜਿਹਨਾਂ ਤੇ ਵੀ ਦੋਸ ਲੱਗੇ ਸਨ ਉਹ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸਦੇ ਨਜਰ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ