ਪਰਨੀਤ ਕੌਰ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ

Parneet Kaur

ਮੁੱਖ ਮੰਤਰੀ ਦੇ ਇੱਕ ਫੋਨ ਨਾਲ ਰੁਕ ਗਿਆ ਸੀ ਕੰਮ, ਪਰਨੀਤ ਕੌਰ ਨੂੰ ਖ਼ੁਦ ਚਲ ਕੇ ਆਉਣਾ ਪਿਆ ਚੰਨੀ ਕੋਲ

  • ਪਟਿਆਲਾ ਵਿਖੇ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸਿਫਟ ਕਰਨ ਦਾ ਲਟਕ ਗਿਐ ਪ੍ਰੋਜੈਕਟ
  • ਡੇਅਰੀ ਮਾਲਕ ਮੁੱਖ ਮੰਤਰੀ ਨੂੰ ਮਿਲ ਕੇ ਰੁਕਵਾ ਗਏ ਸਨ ਕੰਮ, ਹੁਣ ਪਰਨੀਤ ਕੌਰ ਪੁੱਜੇ ਮੁੱਖ ਮੰਤਰੀ ਘਰ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਫੋਨ ਦੇ ਨਾਲ ਹੀ ਪਟਿਆਲਾ ਵਿਖੇ ਉਹ ਕੰਮ ਰੁੱਕ ਗਏ, ਜਿਨਾਂ ਨੂੰ ਪਰਨੀਤ ਕੌਰ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਕਰਵਾਉਣਾ ਚਾਹੁੰਦੇ ਸਨ। ਪਿਛਲੇ 15-20 ਦਿਨ ਤੱਕ ਆਸੇ ਪਾਸੇ ਹੱਥ ਪੈਰ ਮਾਰਨ ਤੋਂ ਬਾਅਦ ਵੀ ਜਦੋਂ ਕੋਈ ਫਾਇਦਾ ਨਹੀਂ ਹੋਇਆ ਤਾਂ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਖ਼ੁਦ ਚਲ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਬਾਰ ਵਿੱਚ ਪੇਸ਼ ਹੋਣਾ ਪਿਆ।

ਜਿਥੇ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਉਸ ਫੋਨ ਕਾਲ ਦੇ ਆਦੇਸ਼ ਨੂੰ ਵਾਪਸ ਲੈਣ ਦੀ ਗੁਜਾਰਸ਼ ਕੀਤੀ ਗਈ, ਜਿਹੜੇ ਫੋਨ ਕਾਲ ਰਾਹੀਂ ਪਟਿਆਲਾ ਦੇ ਕੰਮ ਹੀ ਰੁੱਕ ਗਏ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅੱਧਾ ਘੰਟੇ ਤੱਕ ਹੋਈ ਇਸ ਮੁਲਾਕਾਤ ਵਿੱਚ ਪਰਨੀਤ ਕੌਰ ਨੂੰ ਮੁੱਖ ਮੰਤਰੀ ਵਲੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ ਉਹ ਜਲਦ ਹੀ ਇਸ ਮਾਮਲੇ ਵਿੱਚ ਕਾਰਵਾਈ ਕਰਨਗੇ ਅਤੇ ਕੋਈ ਵੀ ਬਦਲਾ ਖੋਰੀ ਦੀ ਰਾਜਨੀਤੀ ਨਹੀਂ ਹੋਏਗੀ, ਜਿਸ ਨਾਲ ਕਿਸੇ ਵੀ ਤਰਾਂ ਦਾ ਮਤਭੇਦ ਪੈਦਾ ਹੋਣ।

ਅਮਰਿੰਦਰ ਸਿੰਘ ਵਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਪਰਨੀਤ ਕੌਰ ਦੀ ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਹਿਲੀ ਮੁਲਾਕਾਤ ਹੈ। ਪਰਨੀਤ ਕੌਰ ਨਾਲ ਪਟਿਆਲਾ ਤੋਂ ਮੇਅਰ ਸੰਜੀਵ ਬਿੱਟੂ ਵੀ ਨਾਲ ਸਨ ਅਤੇ ਮੌਕੇ ’ਤੇ ਸੰਜੀਵ ਬਿੱਟੂ ਵਲੋਂ ਪਟਿਆਲਾ ਦੇ ਡੇਅਰੀ ਪ੍ਰੋਜੈਕਟ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਤੋਂ ਪਹਿਲਾਂ ਪਰਨੀਤ ਕੌਰ ਅਤੇ ਸੰਜੀਵ ਬਿੱਟੂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਕੇ ਆਏ ਹਨ। ਅਮਰਿੰਦਰ ਸਿੰਘ ਵਲੋਂ ਵੀ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਹੈ, ਕਿਉਂਕਿ ਇਹ ਇਲਾਕਾ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ।

ਡਿਪਟੀ ਕਮਿਸ਼ਨ ਨੂੰ ਦਿੱਤੇ ਸਨ ਕੰਮ ਰੋਕਣ ਦੇ ਆਦੇਸ਼, ਮੰਗੀ ਸੀ ਰਿਪੋਰਟ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਟਿਆਲਾ ਤੋਂ ਕੁਝ ਡੇਅਰੀ ਮਾਲਕ ਮਿਲਣ ਲਈ ਬੀਤੇ 20 ਦਿਨ ਪਹਿਲਾਂ ਆਏ ਸਨ। ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨਾਂ ਵਲੋਂ ਮੇਅਰ ਸੰਜੀਵ ਬਿੱਟੂ ’ਤੇ ਦੋਸ਼ ਲਗਾਉਣ ਦੇ ਨਾਲ ਹੀ ਧੱਕੇਸ਼ਾਹੀ ਹੋਣ ਬਾਰੇ ਕਿਹਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੌਕੇ ‘ਤੇ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਦੇ ਹੋਏ ਇਸ ਮਾਮਲੇ ਵਿੱਚ ਸਾਰੀ ਕਾਰਵਾਈ ਰੋਕਣ ਅਤੇ ਜਲਦ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਪਟਿਆਲਾ ਵਿਖੇ ਡੇਅਰੀ ਸਿਫਟਿੰਗ ਦਾ ਕੰਮ ਰੁਕਿਆ ਪਿਆ ਹੈ।

ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਐ ਸਚਾਈ ਨਾਲ : ਬਿੱਟੂ

ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਪਰਨੀਤ ਕੌਰ ਅਤੇ ਉਨਾਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਲਗਭਗ 30 ਮਿੰਟ ਦੀ ਮੁਲਾਕਾਤ ਹੋਈ ਹੈ। ਜਿਸ ਵਿੱਚ ਉਨਾਂ ਵਲੋਂ ਮੌਜੂਦਾ ਸਥਿਤੀ ਅਤੇ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਨਾਲ ਹੀ ਹਾਈ ਕੋਰਟ ਵਿੱਚ ਚਲ ਰਹੇ ਕੇਸ ਬਾਰੇ ਵੀ ਜਾਣੂੰ ਕਰਵਾਇਆ ਗਿਆ ਹੈ ਕਿ ਉਨਾਂ ਨੂੰ ਇਸ ਮਾਮਲੇ ਵਿੱਚ ਕੋਈ ਸਟੇਅ ਨਹੀਂ ਮਿਲਿਆ ਹੈ ਤਾਂ ਡੰਗਰ ਹਸਪਤਾਲ ਖੋਲਣ ਬਾਰੇ ਵੀ ਸਟੇਜ 2 ਵਿੱਚ ਕਾਰਵਾਈ ਕੀਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ