ਸਮਾਜਿਕ ਵਿਤਕਰੇ ਦਾ ਹੋਣਾ ਪੈਂਦਾ ਸੀ ਸ਼ਿਕਾਰ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਲਈ ਵੱਡਾ ਆਦੇਸ਼ ਜਾਰੀ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਪਾਜਿਟਿਵ ਆਉਣ ਤੋਂ ਬਾਅਦ ਘਰਾਂ ਦੇ ਬਾਹਰ ਲੱਗਣ ਵਾਲੇ ਏਕਾਂਤਵਾਸ ਦੇ ਪੋਸਟਰ ਹੁਣ ਤੋਂ ਬਾਅਦ ਪੰਜਾਬ ਭਰ ਵਿੱਚ ਨਹੀਂ ਲਗਣਗੇ, ਕਿਉਂਕਿ ਇਨ੍ਹਾਂ ਪੋਸਟਰਾਂ ਦੇ ਲੱਗੇ ਹੋਣ ਤੋਂ ਬਾਅਦ ਮਰੀਜ਼ ਦੇ ਨਾਲ ਹੀ ਉਸ ਦੇ ਪਰਿਵਾਰ ਨੂੰ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਰਕਾਰ ਦੇ ਪਹਿਲਾਂ ਵਾਲੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਜਿਸ ਤਹਿਤ ਘਰੇਲੂ ਏਕਾਂਤਵਾਸ ਜਾਂ ਕੁਆਰੰਟੀਨ ਵਿੱਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਦਿੱਤੇ ਜਾਂਦੇ ਹਨ।ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਪਹਿਲਾਂ ਲਾਏ ਗਏ ਪੋਸਟਰ ਹਟਾ ਲਏ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਚੁੱਕੇ ਜਾਣ ਦਾ ਮਕਸਦ ਅਜਿਹੇ ਮਰੀਜ਼ਾਂ ਦੇ ਘਰਾਂ ਦੇ ਬੂਹਿਆਂ ‘ਤੇ ਲਾਏ ਜਾਂਦੇ ਪੋਸਟਰਾਂ ਤੋਂ ਪੈਦਾ ਹੋਣ ਵਾਲੇ ਵਿਤਕਰੇ ਨੂੰ ਘਟਾਉਣਾ ਹੈ ਅਤੇ ਇਸ ਤੋਂ ਇਲਾਵਾ ਜਾਂਚ ਕਰਵਾਏ ਜਾਣ ਦੇ ਡਰ ਨੂੰ ਵੀ ਦੂਰ ਕਰਨਾ ਹੈ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਦੇ ਇਲਾਜ ਲਈ ਛੇਤੀ ਆਪਣੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦਾ ਪਹਿਲਾਂ ਹੀ ਪਤਾ ਚੱਲ ਸਕੇ ਅਤੇ ਸਹੀ ਤਰ੍ਹਾਂ ਇਲਾਜ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪੋਸਟਰਾਂ ਦੇ ਕਾਰਨ ਮਰੀਜ਼ਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਦੇਖਿਆ ਗਿਆ ਹੈ
ਜਿਸ ਕਾਰਨ ਇਨ੍ਹਾਂ ਪੋਸਟਰਾਂ ਨੂੰ ਚਸਪਾ ਕੀਤੇ ਜਾਣ ਦਾ ਮੁੱਢਲਾ ਮਕਸਦ, ਜੋ ਕਿ ਗੁਆਂਢੀਆਂ ਅਤੇ ਹੋਰ ਅਜਿਹੇ ਮਰੀਜ਼ਾਂ ਨੂੰ ਬਚਾਉਣਾ ਸੀ, ਹੀ ਪੂਰਾ ਨਹੀਂ ਹੋ ਪਾ ਰਿਹਾ। ਸਗੋਂ ਇਨ੍ਹਾਂ ਪੋਸਟਰਾਂ ਕਾਰਨ ਲੋਕ ਜਾਂਚ ਕਰਵਾਏ ਜਾਣ ਤੋਂ ਭੱਜ ਰਹੇ ਸਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰੰਤਰ ਲੋੜੀਂਦੇ ਇਹਤਿਆਤ ਵਰਤਦੇ ਰਹਿਣ ਅਤੇ ਪੋਸਟਰਾਂ ਨੂੰ ਹਟਾਉਣ ਦੇ ਬਾਵਜੂਦ ਘਰੇਲੂ ਏਕਾਂਤਵਾਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਉਲੰਘਣਾ ਡਿਜਾਸਟਰ ਮੈਨੇਜਮੈਂਟ ਐਕਟ, ਐਪੀਡੈਮਿਕ ਡਿਜੀਜ ਐਕਟ ਤੇ ਆਈ.ਪੀ.ਸੀ. ਤਹਿਤ ਸਜ਼ਾ ਯੋਗ ਅਪਰਾਧ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.