ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਅਮਰਿੰਦਰ-ਅਰੂਸਾ ਦੀ ਦੋਸਤੀ: ਮਾਨ

 

ਕਿਹਾ, ਅਰੂਸਾ ਆਲਮ ਸਬੰਧੀ ਪਾਰਲੀਮੈਂਟ ਵਿੱਚ ਵੀ ਚੁੱਕਾਗਾਂ ਸਵਾਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਮਹਿਲਾ ਦੋਸਤ ਨੂੰ ਲੈ ਕੇ ਵੱਡਾ ਹੱਲਾ ਬੋਲਿਆ ਹੈ। ਉਨ੍ਹਾਂ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਦੋਸਤੀ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਭਾਰਤੀ ਵਿਦੇਸ਼ ਮੰਤਰਾਲੇ ਤੋਂ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦੇ ਸਟੇਟਸ ਬਾਰੇ ਪੁੱਛਿਆ ਹੈ।  ਮਾਨ ਅੱਜ ਇੱਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਪਹਿਲਾਂ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਦੋਸਤੀ ਨੂੰ ਨਿੱਜੀ ਸਮਝਦੇ ਹੋਏ ਕੁੱਝ ਵੀ ਬੋਲਣ ਤੋਂ ਗੁਰੇਜ਼ ਕੀਤਾ ਜਾਂਦਾ ਸੀ, ਪਰੰਤੂ ਇਹ ਦੋਸਤੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ। ਜਿਸ ਬਾਰੇ ਕੇਂਦਰੀ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਪਸ਼ਟ ਕੀਤਾ ਜਾਵੇ ਕਿ ਅਰੂਸਾ ਆਲਮ ਅਤੇ ਉਸ ਦੇ ਰਿਸ਼ਤੇਦਾਰ ਕਿਹੜੇ ਵੀਜ਼ੇ ‘ਤੇ ਚੰਡੀਗੜ, ਹਿਮਾਚਲ ਪ੍ਰਦੇਸ਼ ਅਤੇ ਸਿਸਵਾਂ ਫਾਰਮ ਹਾਊਸ ‘ਤੇ ਬੇਰੋਕ-ਟੋਕ ਰਹਿ ਰਹੇ ਹਨ।

ਜਦਕਿ ਅਰੂਸਾ ਆਲਮ ਫ਼ੌਜੀ ਮਾਮਲਿਆਂ ਬਾਰੇ ਮਾਹਿਰ ਪਾਕਿਸਤਾਨੀ ਪੱਤਰਕਾਰ ਹਨ। ਜਿੰਨ੍ਹਾਂ ਦੀਆਂ ਆਈਐਸਆਈ ਨਾਲ ਸੰਬੰਧਾਂ ਬਾਰੇ ਵੀ ਚਰਚਾਵਾਂ ਹਨ। ਮਾਨ ਨੇ ਕਿਹਾ ਕਿ ਮੈਂ ਇਹ ਸਵਾਲ ਪਾਰਲੀਮੈਂਟ ‘ਚ ਵੀ ਚੁੱਕਾਗਾਂ।  ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਕੋਲੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਜਿੰਨ੍ਹਾ ਦੇ ਵੱਡੇ ਵਡੇਰੇ ਅੰਗਰੇਜ਼ਾਂ ਦੇ ਪਿੱਠੂ ਰਹੇ ਹਨ।

ਮਾਨ ਨੇ ਮੁੱਖ ਮੰਤਰੀ ‘ਤੇ ਪਿਛਲੇ ਸਾਢੇ 3 ਸਾਲਾਂ ਤੋਂ ਇਕਾਂਤਵਾਸ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਫਾਰਮ ਹਾਊਸ ‘ਚੋਂ ਨਿਕਲ ਕੇ ਲੋਕਾਂ ਅਤੇ ਸਰਕਾਰੀ ਹਸਪਤਾਲਾਂ/ ਕੋਰੋਨਾ ਸੈਟਰਾਂ ‘ਚ ਜਾਣ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕ ਕੋਰੋਨਾ ਜਾਂਚ ਕਰਨ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਕਿਉਂ ਸਹਿਯੋਗ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ‘ਤੇ ਯਕੀਨ ਬਹਾਲ ਕਰਵਾਉਣ ਲਈ ਸਰਕਾਰ ਨੂੰ ਉਦਾਂ ਦੇ ਕਦਮ ਚੁੱਕਣੇ ਚਾਹੀਦੇ ਹਨ, ਜਿਵੇਂ ਦਿੱਲੀ ‘ਚ ਕੇਜਰੀਵਾਲ ਨੇ ਕੀਤੇ ਹਨ।

ਇਸ ਮੌਕੇ ਜਰਨੈਲ ਸਿੰਘ ਨੇ ਦਿੱਲੀ ‘ਚ ਕੋਰੋਨਾ ‘ਤੇ ਫ਼ਤਿਹ ਅਤੇ ਪੰਜਾਬ ‘ਚ ਔਕਸੀਮੀਟਰ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਖਿਲਾਫ਼ ਰੱਜ ਕੇ ਭੜਾਸ ਕੱਢੀ। ਇਸ ਮੌਕੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਆਗੂ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.