ਪਾਕਿ ਨੂੰ ਪਾਣੀ ਰੋਕਣ ਲਈ ਪੰਜਾਬ ਦੇ ਦੋ ਮੰਤਰੀਆਂ ਵੱਲੋਂ ਮਕੌੜਾ ਪੱਤਣ ਦਾ ਦੌਰਾ

Portan, Punjab, Ministers, Water, Pakistan

ਗੁਰਦਾਸਪੁਰ | ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਨੇ ਕੂਟਨੀਤਕ ਨੀਤੀ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੀ ਝਲਕ ਅੱਜ ਦੀਨਾਨਗਰ ਦੇ ਮਕੌੜਾ ਪੱਤਣ ‘ਤੇ ਦੇਖਣ ਨੂੰ ਮਿਲੀ ਹੈ, ਜਿੱਥੇ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਅਰੁਣਾ ਚੌਧਰੀ ਨੇ ਦਰਿਆ ਰਾਵੀ ਤੇ ਉੱਜ ਦੇ ਸੁਮੇਲ ਮਕੌੜਾ ਪੱਤਣ ਤੋਂ ਪਾਕਿਤਸਾਨ ਵੱਲ ਨੂੰ ਜਾਂਦੇ ਵਾਧੂ ਪਾਣੀ ਨੂੰ ਪੂਰਨ ਤੌਰ ‘ਤੇ ਰੋਕੇ ਜਾਣ ਲਈ ਬੰਨ੍ਹ ਬਣਾਏ ਜਾਣ ਦਾ ਐਲਾਨ ਕੀਤਾ। ਦੋਵਾਂ ਮੰਤਰੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਨਾਪਾਕ ਹਰਕਤ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਤੇ ਭਾਰਤ ਦਾ ਹਰ ਨਾਗਰਿਕ ਇਸ ਵੇਲੇ ਪਾਕਿਸਤਾਨ ਖ਼ਿਲਾਫ਼ ਕਾਰਵਾਈ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਸਾਥ ਦਿੰਦਿਆਂ ਗਰਾਂਟ ਜਾਰੀ ਕਰ ਦਿੱਤੀ ਤਾਂ ਜਲਦ ਹੀ ਇੱਥੇ ਬੰਨ੍ਹ ਬਣਾ ਦਿੱਤਾ ਜਾਵੇਗਾ

ਇਸ ਦਰਿਆ ਦੀ ਇੱਕ ਬੂੰਦ ਪਾਣੀ ਵੀ ਪਾਕਿਸਤਾਨ ਵੱਲ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ 400 ਕਰੋੜ ਰੁਪਏ ਦਾ ਖ਼ਰਚਾ ਆਉਣ ਦਾ ਅਨੁਮਾਨ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਲ ਸਰੋਤ ਤੇ ਖਣਨ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਕਿ ਮਕੌੜਾ ਪੱਤਣ ਤੇ ਬੰਨ ਦੀ ਉਸਾਰੀ ਨਾਲ 1 ਲੱਖ ਹੈਕਟੇਅਰ ਜ਼ਮੀਨ ਨੂੰ ਪਾਣੀ ਦੀ ਸਹੂਲਤ ਵੀ ਉਪਲੱਬਧ ਹੋਵੇਗੀ ਅਤੇ ਕਿਸਾਨੀ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਡਰੇਨਜ਼ ਵਿਭਾਗ ਵੱਲੋਂ ਬੰਨ ਦੀ ਉਸਾਰੀ ਕਰਵਾਈ ਜਾਵੇਗੀ ਤੇ ਇੱਥੋਂ ਇੱਕ ਨਹਿਰ ਕੱਢੀ ਜਾਵੇਗੀ ਜੋ ਗਾਹਲੜੀ ਤੇ ਕਲਾਨੌਰ ਨਹਿਰ ‘ਚ ਜਾ ਕੇ ਮਿਲੇਗੀ। ਜਿਸ ਨਾਲ ਦੀਨਾਨਗਰ, ਕਲਾਨੌਰ, ਡੇਰਾ ਬਾਬਾ ਨਾਨਕ ਤੇ ਅਜਨਾਲਾ ਤੱਕ ਦੇ ਖੇਤਰ ਨੂੰ ਪਾਣੀ ਦੀ ਸਹੂਲਤ ਮੁਹੱਈਆ ਹੋਵੇਗੀ। ਉਨਾਂ ਦੱਸਿਆ ਕਿ ਮਕੌੜਾ ਪੱਤਣ ‘ਤੇ ਆਮ ਦਿਨਾਂ ਵਿੱਚ 400 ਕਿਊਸਿਕ ਪਾਣੀ ਹੁੰਦਾ ਹੈ ਅਤੇ ਬਰਸਾਤਾਂ ਦੇ ਦਿਨਾਂ ਵਿੱਚ 600-700 ਕਿਊਸਿਕ ਪਾਣੀ ਇਕੱਠਾ ਹੋ ਜਾਂਦਾ ਹੈ। ਮਕੌੜਾ ਪੱਤਣ ਤੇ ਬੰਨ ਬੱਝ ਜਾਣ ਨਾਲ ਕਰੀਬ 1 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਜਾਈ ਦੀ ਸਹੂਲਤ ਮਿਲੇਗੀ ਤੇ ਦਰਿਆ ਦੇ ਪਾਣੀ ਨੂੰ ਸਾਫ਼ ਕਰਕੇ ਕਰੀਬ 6 ਸ਼ਹਿਰਾਂ ਨੂੰ ਪੀਣ ਲਈ ਸ਼ੁੱਧ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ।

ਅਰੁਣਾ ਚੌਧਰੀ ਨੇ ਦੱਸਿਆ ਕਿ ਦਰਿਆ ਉੱਜ ਵਿੱਚ ਚਾਰ ਬਰਸਾਤੀ ਨਾਲੇ ਪੈਂਦੇ ਹਨ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਕਾਫੀ ਮਾਤਰਾ ‘ਚ ਮਕੌੜਾ ਪੱਤਣ ਤੇ ਖੜਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੰਨ ਬਣਨ ਨਾਲ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ 12 ਮਹੀਨੇ ਪਾਣੀ ਦੀ ਉਪਲੱਬਧਤਾ ਮਿਲ ਜਾਵੇਗੀ ਤੇ ਨਹਿਰੀ ਪਾਣੀ ਮਿਲਣ ਕਾਰਨ ਕਿਸਾਨੀ ਦੀ ਬਿਹਤਰੀ ਨੂੰ ਵੱਡਾ ਹੁੰਗਾਰਾ ਮਿਲੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ