ਪੰਜਾਬ ‘ਚ ‘ਭਾਰਤ ਬੰਦ’ ਨੂੰ ਮੱਠਾ ਹੁੰਗਾਰਾ

ਕਾਂਗਰਸ ਪ੍ਰਧਾਨ ਵਜੋਂ ਸੁਨੀਲ ਜਾਖੜ ਨੇ ਨਹੀਂ ਵਿਖਾਈ ਜ਼ਿਆਦਾ ਸਰਗਰਮੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)।
ਤੇਲ ਕੀਮਤਾਂ ਦੇ ਵਾਧੇ ਖਿਲਾਫ਼ ਆਲ ਇੰਡੀਆ ਕਾਂਗਰਸ ਦੇ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਵਿੱਚ ਬਹੁਤ ਹੀ ਠੰਢਾ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਮੱਠੇ ਹੁਗਾਰੇ ਦਾ ਕਾਰਨ ਪ੍ਰਦੇਸ਼ ਕਾਂਗਰਸ ਦੀ ਢਿੱਲੀ ਪਕੜ ਨੂੰ  ਦੱਸਿਆ ਜਾ ਰਿਹਾ ਹੈ, ਕਿਉਂਕਿ ਸੁਨੀਲ ਜਾਖੜ ਵੱਲੋਂ ਬਤੌਰ ਪ੍ਰਧਾਨ ਇਸ ਬੰਦ ਨੂੰ ਸਫ਼ਲ ਕਰਨ ਲਈ ਨਾ ਹੀ ਕੋਈ ਤਿਆਰੀ ਕੀਤੀ ਤੇ ਨਾ ਹੀ ਇਸ ਸਬੰਧੀ ਸੂਬਾ ਪੱਧਰੀ ਮੀਟਿੰਗ ਕਰਕੇ ਕੋਈ ਆਦੇਸ਼ ਦਿੱਤੇ, ਜਿਸ ਕਾਰਨ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਕਾਂਗਰਸੀਆਂ ਨੇ ਵੀ ਸਵੇਰੇ ਕੁਝ ਸਮਾਂ ਦੁਕਾਨਾਂ ਤੇ ਕਾਰੋਬਾਰ ਬੰਦ ਕਰਵਾਉਣ ਦੀ ਮਾਮੂਲੀ ਜਿਹੀ ਕੋਸ਼ਿਸ਼ ਜਰੂਰ ਕੀਤੀ ਸੀ, ਪਰ ਕਾਂਗਰਸੀਆਂ ਦੇ ਗੇੜੇ ਤੋਂ ਕੁਝ ਸਮਾਂ ਬਾਅਦ ਹੀ ਦੁਕਾਨਦਾਰਾਂ ਨੇ ਦੁਕਾਨਾਂ ਖੋਲ ਲਈਆਂ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਬੰਦ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਮੋਦੀ ਸਰਕਾਰ ਨੂੰ ਭਜਾਉਣ ਦਾ ਸੱਦਾ ਦਿੱਤਾ ਇਸ ਤਰਾਂ ਐਮ ਪੀ ਰਵਨੀਤ ਬਿੱਟੂ, ਅਰੂਣਾ ਚੌਧਰੀ ਤੇ ਸਾਧੂ ਸਿੰਘ ਧਰਮਸੋਤ ਵੀ ਹੜਤਾਲ ਵਿੱਚ ਸ਼ਾਮਲ ਹੋਏ।

ਜਾਣਕਾਰੀ ਅਨੁਸਾਰ ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਹੋ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਾ ਦੇਣ ਕਰਕੇ ਬੀਤੇ 2 ਦਿਨ ਪਹਿਲਾਂ ਕਾਂਗਰਸ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਹਰ ਸੂਬੇ ਦੇ ਕਾਂਗਰਸ ਪ੍ਰਧਾਨ ਨੂੰ ਆਦੇਸ਼ ਸਨ ਕਿ ਉਹ ਆਪਣੇ ਆਪਣੇ ਸੂਬੇ ਵਿੱਚ ਮੀਟਿੰਗਾਂ ਕਰਦੇ ਹੋਏ ਇਸ ਬੰਦ ਨੂੰ ਸਫ਼ਲ ਕਰਨ ਦੀ ਕੋਸ਼ਿਸ਼ ਕਰਨ ਤੇ ਜਿਹੜੇ ਸੂਬੇ ਵਿੱਚ ਕਾਂਗਰਸ ਜਾਂ ਫਿਰ ਉਨ੍ਹਾਂ ਦੀ ਸਹਿਯੋਗੀ ਪਾਰਟੀ ਦੀ ਸਰਕਾਰ ਹੈ, ਉਸ ਸੂਬੇ ‘ਚ ਤਾਂ ਮੁਕੰਮਲ ਬੰਦ ਹੋਣਾ ਚਾਹੀਦਾ ਹੈ।

ਇਨ੍ਹਾਂ ਆਦੇਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਬੰਦ ਦਾ ਕੋਈ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਪੰਜਾਬ ਦੇ ਪਟਿਆਲਾ, ਬਠਿੰਡਾ, ਸੰਗਰੂਰ, ਜਲੰਧਰ, ਅੰਮ੍ਰਿਤਸਰ, ਮਾਨਸਾ, ਬਰਨਾਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ ਤੇ ਹੋਰਨਾਂ ਥਾਂਵਾਂ ‘ਤੇ ਸਵੇਰੇ ਦੇ ਪਹਿਲੇ 1 ਘੰਟੇ ਦੌਰਾਨ ਇੱਕ ਦੁੱਕਾ ਬਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਜ਼ਰੂਰ ਰੱਖੀਆਂ ਸਨ ਪਰ ਸ਼ਹਿਰ ਦੇ ਬਾਕੀ ਇਲਾਕੇ ‘ਚ ਬਜ਼ਾਰ ਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ।