ਸਿਆਸੀ ਭਾਣਜੇ-ਭਤੀਜਿਆਂ ਦਾ ਡੰਗ

Political Clash

ਸਿਆਸੀ ਭਾਣਜੇ-ਭਤੀਜਿਆਂ ਦਾ ਡੰਗ

ਪੰਜਾਬ ਦੀ ਸਿਆਸਤ ’ਚ ਭਾਣਜੇ-ਭਤੀਜੇ ਇੱਕ ਬੁਰਾਈ ਦੇ ਰੂਪ ’ਚ ਉੱਭਰਦੇ ਨਜ਼ਰ ਆ ਰਹੇ ਹਨ ਵੱਡੇ-ਵੱਡੇ ਸਿਆਸੀ ਆਗੂਆਂ ਦੀ ਕੰਡ ਲਵਾਉਣ ’ਚ ਉਹਨਾਂ ਦੇ ਨੇੜਲੇ ਜਾਂ ਲਾਡਲੇ ਰਿਸ਼ਤੇਦਾਰਾਂ ਦਾ ਹੀ ਹੱਥ ਸੀ। ਚੋਣਾਂ ’ਚ ਰਿਸ਼ਤੇਦਾਰ ਉਮੀਦਵਾਰ ਦੀ ਮੱਦਦ ਤਾਂ ਕਰਦੇ ਹਨ ਪਰ ਚੋਣਾਂ ਜਿੱਤਣ ’ਤੇ ਜਾਂ ਸਰਕਾਰ ਬਣਨ ’ਤੇ ਫ਼ਿਰ ਕੁਝ ਨੇੜਲੇ ਰਿਸ਼ਤੇਦਾਰ ਹੀ ਆਗੂ ਦੇ ਨਾਂਅ ’ਤੇ ਦੋ ਨੰਬਰ ਦੇ ਸਾਰੇ ਕੰਮ ਸ਼ੁਰੂ ਕਰ ਦਿੰਦੇ ਹਨ ਤਾਜ਼ਾ ਮਾਮਲਾ ਆਪ ਦੇ ਬਰਖਾਸਤ ਹੋਏ ਮੰਤਰੀ ਵਿਜੈ ਸਿੰਗਲਾ ਦਾ ਹੈ ਜਿਸ ਦਾ ਭਤੀਜਾ ਚਰਚਾ ’ਚ ਆ ਗਿਆ।

ਮੰਤਰੀ ਨੇ ਕਥਿਤ ਤੌਰ ’ਤੇ ਸਿੱਧੀ ਰਿਸ਼ਵਤ ਲੈਣ ਦੀ ਬਜਾਇ ਸਾਰਾ ਕੰਮ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਕਰਵਾਇਆ। ਦਰਅਸਲ ਨੌਜਵਾਨ ਭਤੀਜੇ ਤੇਜ਼-ਤਰਾਰ ਹੋਣ ਕਰਕੇ ਚਾਚੇ-ਤਾਏ ਦੀ ਰਿਸ਼ਵਤਖੋਰੀ ’ਚ ਮੱਦਦ ਹੀ ਨਹੀਂ ਕਰਦੇ ਸਗੋਂ ਆਗੂ ਨੂੰ ਨਵੇਂ-ਨਵੇਂ ਦਾਅ-ਪੇਚ ਸਿਖਾਉਂਦੇ ਹਨ ਕਿ ਪੈਸਾ ਕਿਵੇਂ ਕਮਾਉਣਾ ਹੈ। ਅਸਲ ’ਚ ਰਾਜਨੀਤੀ ’ਚ ਨਿਘਾਰ ਦਾ ਵੱਡਾ ਕਾਰਨ ਹੀ ਇਹ ਰਿਹਾ ਹੈ ਕਿ ਆਗੂ ਦੇ ਨੇੜਲੇ ਹੀ ਆਗੂ ਦੇ ਅਹੁਦੇ ਦੇ ਰਸੂਖ ਦੀ ਵਰਤੋਂ ਕਰਕੇ ਭਿ੍ਰਸ਼ਟਾਚਾਰ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਉਹਨਾਂ ਦਾ ਭਾਣਜਾ ਨਜਾਇਜ਼ ਮਾਈਨਿੰਗ ਦੇ ਕੇਸ ’ਚ ਫਸ ਗਿਆ ਜਿਸ ਦੇ ਘਰੋਂ ਕਰੋੜਾਂ ਰੁਪਏ ਮਿਲਣ ਦੇ ਦੋਸ਼ ਹਨ।

ਪਰਿਵਾਰਵਾਦ ਦੀ ਰਾਜਨੀਤੀ

ਆਖਰ ਭਤੀਜੇ, ਭਾਣਜੇ ਬਿਨਾਂ ਕਿਸੇ ਜੱਦੀ ਜਾਇਦਾਦ ਦੇ 10-20 ਕਰੋੜ ਦੀ ਨਗਦ ਰਾਸ਼ੀ ਦੇ ਮਾਲਕ ਕਿਵੇਂ ਬਣ ਗਏ ਭਾਵੇਂ ਭਿ੍ਰਸ਼ਟਾਚਾਰ ਪੰਜਾਬ ਤੱਕ ਸੀਮਿਤ ਨਹੀਂ ਰਿਹਾ ਪਰ ਪੰਜਾਬ ਭਿ੍ਰਸ਼ਟਾਚਾਰ ਦਾ ਅੱਡਾ ਬਣਿਆ ਰਿਹਾ ਹੈ। ਭਿ੍ਰਸ਼ਟਾਚਾਰ ਦਾ ਸਭ ਤੋਂ ਵੱਡਾ ਕਾਰਨ ਪਰਿਵਾਰਵਾਦ ਦੀ ਰਾਜਨੀਤੀ ਹੈ। ਜਦੋਂ ਕੋਈ ਆਗੂ ਚੋਣ ਜਿੱਤਦਾ ਹੈ ਤਾਂ ਸਾਰਾ ਪਰਿਵਾਰ ਹੀ ਆਪਣੇ-ਆਪ ਨੂੰ ਵਿਧਾਇਕ/ਸਾਂਸਦ ਮੰਨਣ ਲੱਗ ਪੈਂਦਾ ਹੈ ਪਰਿਵਾਰ ਦੀਆਂ ਪੰਜ ਸਾਲ ਲਈ ਮੌਜਾਂ ਲੱਗ ਜਾਂਦੀਆਂ ਹਨ। ਇਹ ਤਾਂ ਡਾ. ਰਾਜਿੰਦਰ ਪ੍ਰਸਾਦ ਵਰਗੇ ਹੀ ਮਹਾਨ ਆਗੂ ਸਨ।

ਜਿਨ੍ਹਾਂ ਨੇ ਦੋ ਵਾਰ ਰਾਸ਼ਟਰਪਤੀ ਬਣਨ ਦੇ ਬਾਵਜੂਦ ਆਪਣੇ ਪੁੱਤਰਾਂ ਨੂੰ ਆਪਣੀ ਪਛਾਣ ’ਤੇ ਕੋਈ ਰਾਜਨੀਤਿਕ ਫਾਇਦਾ ਨਾ ਲੈਣ ਦਿੱਤਾ। ਕਈ ਵਿਰਲੇ ਆਗੂ ਅੱਜ ਵੀ ਅਜਿਹੇ ਹਨ ਜੋ ਵਿਕਾਸ ਕਾਰਜਾਂ ’ਚ ਰੁੱਝੇ ਹੋਣ ਕਾਰਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੰਦੇ। ਮੌਲਾਨਾ ਅਬੁਲ ਕਲਾਮ ਵਰਗੇ ਆਗੂਆਂ ਨੇ ‘ਭਾਰਤ ਰਤਨ’ ਵਰਗਾ ਵੱਕਾਰੀ ਪੁਰਸਕਾਰ ਲੈਣ ਤੋਂ ਸਿਰਫ਼ ਇਸ ਕਰਕੇ ਨਾਂਹ ਕਰ ਦਿੱਤੀ ਸੀ ਕਿ ਉਹ ਪੁਰਸਕਾਰ ਕਮੇਟੀ ਦੇ ਮੈਂਬਰ ਸਨ।

ਆਖਰ ਕਲਾਮ ਸਾਹਿਬ ਨੂੰ ਦੇਹਾਂਤ ਮਗਰੋਂ ਇਹ ਪੁਰਸਕਾਰ ਦਿੱਤਾ ਗਿਆ ਪਰ ਇੱਥੇ ਤਾਂ ਇਹ ਹਾਲ ਹੈ ਕਿ ਜੋ ਵੀ ਹੈ ਆਉਣ ਦਿਓ ਤੇ ਜੋ ਨਹੀਂ ਵੀ ਲੈਣਾ ਬਣਦਾ ਉਸ ਲਈ ਵੀ ਹੱਥਕੰਡੇ ਵਰਤੇ ਜਾਂਦੇ ਹਨ। ਚੰਗੇ ਕੰਮਾਂ ’ਚ ਸਾਥ ਕੋਈ ਵੀ ਦੇ ਸਕਦਾ ਪਰ ਜਦੋਂ ਸਾਥ ਦੇਣ ਦਾ ਮਤਲਬ ਗੈਰ-ਕਾਨੂੰਨੀ ਤੌਰ ’ਤੇ ਪੈਸਾ ਕਮਾਉਣਾ ਹੋਵੇ ਤਾਂ ਉਹ ਰਿਸ਼ਤੇਦਾਰ ਆਗੂ ਨੂੰ ਲੈ ਬੈਠਦਾ ਹੈ ਭਾਣਜਿਆਂ ਭਤੀਜਿਆਂ ਦੇ ਡੰਗਿਆਂ ਨੇ ਪਾਣੀ ਨਹੀਂ ਮੰਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ