![Punjab-Political-News Punjab Political News](https://sachkahoonpunjabi.com/wp-content/uploads/2025/02/Punjab-Political-News-696x406.jpg)
Punjab Political News: ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਤੁੂਫਾਨ, ਵਿਰੋਧੀਆਂ ਦੇ ਨਿਸ਼ਾਨੇ ’ਤੇ ‘ਆਪ’
- Punjab Political News | ਭਗਵੰਤ ਮਾਨ ਨੂੰ ਕਮਜ਼ੋਰ ਕਰਨ ਅਤੇ ਹਟਾਉਣ ਦਾ ਵਿਰੋਧੀਆਂ ਵੱਲੋਂ ਦੋਸ਼, ‘ਆਪ’ ਵੱਲੋਂ ਸਾਫ਼ ਇਨਕਾਰ
Punjab Political News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿੱਲੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਤੁੂਫ਼ਾਨ ਆ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਤੱਕ ਦੀ ਸਾਜਿਸ਼ ਕਰਾਰ ਦੇ ਦਿੱਤਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਅਰਵਿੰਦ ਕੇਜਰੀਵਾਲ ’ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ ਕਿ ਦਿੱਲੀ ਵਿਖੇ ਹਾਰ ਤੋਂ ਬਾਅਦ ਉਹ ਪੰਜਾਬ ਵਿੱਚ ਜ਼ਿਆਦਾ ਦਖ਼ਲ ਅੰਦਾਜ਼ੀ ਕਰਨ ਜਾ ਰਹੇ ਹਨ, ਇਸ ਲਈ ਹੀ ਦਿੱਲੀ ਵਿਖੇ ਮੀਟਿੰਗ ਸੱਦ ਕੇ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ।
ਭਾਜਪਾ ਨੇ ਇਥੇ ਤੱਕ ਕਹਿ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੀ ਕੁਰਸੀ ਦੇ ਬਿਨਾਂ ਨਹੀਂ ਰਹਿ ਸਕਦੇ ਹਨ, ਜਿਸ ਕਾਰਨ ਹੀ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਤਿਆਰੀ ਕਰ ਰਹੇ ਹਨ। Punjab Political News
ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕਜੁੱਟ ਕਰਨ ਵਿੱਚ ਲੱਗੇ ਹੋਏ ਅਰਵਿੰਦ ਕੇਜਰੀਵਾਲ ਵੱਲੋਂ ਮੰਗਲਵਾਰ ਨੂੰ ਦਿੱਲੀ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਅੱਜ 11 ਫਰਵਰੀ ਨੂੰ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਗ ਲੈਣਾ ਹੈ। ਇਸ ਮੀਟਿੰਗ ਕਰਨ ਦਾ ਐਲਾਨ ਕਰਨ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।
Punjab Political News
ਦਿੱਲੀ ਤੋਂ ਵਿਧਾਇਕ ਅਤੇ ਭਾਜਪਾ ਆਗੂ ਮਨਜਿੰਦਰ ਸਰਸਾ ਨੇ ਕਿਹਾ ਕਿ ਦਿੱਲੀ ਤੋਂ ਬੇਦਖ਼ਲ ਹੋ ਕੇ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਸ਼ ਕਰ ਰਹੇ ਹਨ ਤੇ ਪੰਜਾਬੀ ਕਦੇ ਵੀ ਇਸ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਸੱਦ ਕੇ ਮੀਟਿੰਗ ਕਰਨ ਤੋਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਸਰਕਾਰ ਵਿੱਚ ਆਪਣੀ ਦਖਲਅੰਦਾਜ਼ੀ ਵਧਾਉਂਦੇ ਹੋਏ ਭਗਵੰਤ ਮਾਨ ਨੂੰ ਕਮਜ਼ੋਰ ਕਰਨਗੇ।
ਇਥੇ ਹੀ ਪੰਜਾਬ ਭਾਜਪਾ ਦੇ ਆਗੂ ਫਤਹਿਜੰਗ ਬਾਜਵਾ ਨੇ ਕਿਹਾ ਕਿ ਕਪੂਰਥਲਾ ਹਾਊੁਸ ਦਿੱਲੀ ਵਿਖੇ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ, ਇਸ ਲਈ ਅਰਵਿੰਦ ਕੇਜਰੀਵਾਲ ਦਾ ਕਪੂਰਥਲਾ ਹਾਊੁਸ ਵਿੱਚ ਮੀਟਿੰਗ ਸੱਦਣ ਦਾ ਮਤਲਬ ਵੀ ਪੈਦਾ ਨਹੀਂ ਹੋਣਾ ਚਾਹੀਦਾ ਹੈ, ਇਸ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ’ਤੇ ਅਰਵਿੰਦ ਕੇਜਰੀਵਾਲ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 10 ਫਰਵਰੀ ਨੂੰ ਹੋਣ ਵਾਲੀ ਸੀ ਤਾਂ ਇਸ ਨੂੰ ਰੱਦ ਵੀ ਅਰਵਿੰਦ ਕੇਜਰੀਵਾਲ ਨੇ ਹੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੋਈ ਪਾਵਰ ਹੀ ਨਹੀਂ ਹੈ ਅਤੇ ਸਾਰੀ ਪਾਵਰ ਦਿੱਲੀ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਵਲੋਂ ਅਗਲੇ ਸਮੇਂ ਦੌਰਾਨ ਪੰਜਾਬ ਵਿੱਚ ਹੋਰ ਜ਼ਿਆਦਾ ਦਖ਼ਲ ਦਿੱਤਾ ਜਾਵੇਗਾ।
30 ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ, ਪੰਜਾਬ ਵਿੱਚ ਟੁੱਟੇਗੀ ਸਰਕਾਰ : ਕਾਂਗਰਸ
ਪੰਜਾਬ ਕਾਂਗਰਸ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ 30 ਵਿਧਾਇਕ ਇਸ ਸਮੇਂ ਕਾਂਗਰਸ ਦੇ ਸੰਪਰਕ ਵਿੱਚ ਹਨ ਅਤੇ ਪੰਜਾਬ ਵਿੱਚ ਕਿਸੇ ਵੀ ਸਮੇਂ ਸਰਕਾਰ ਡਿੱਗ ਸਕਦੀ ਹੈ। ਕਾਂਗਰਸ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਇਹ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰੇਗੀ ਅਤੇ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਦੀ ਚੋਣਾਂ ਪੰਜਾਬ ਵਿੱਚ ਆਉਣ ਵਾਲੀਆਂ ਹਨ।