ਪੁਲਿਸ ਨੇ ਫੜੀ 18 ਕਿਲੋ 600 ਗ੍ਰਾਮ ਚਾਂਦੀ ਦੀ ਵੱਡੀ ਖੇਪ

Police, Quantities, Silver

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਬਰਾਮਦ ਹੋਈ ਚਾਂਦੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ, 20 ਮਾਰਚ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਚਾਂਦੀ ਦੀ ਵੱਡੀ ਖੇਪ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਐਸ.ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੰਜਾਬ ਹਰਿਆਣਾ ਹੱਦ ‘ਤੇ ਲਗਾਏ ਗਏ ਅੰਤਰਰਾਜੀ ਨਾਕੇ ਦੌਰਾਨ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ‘ਤੇ ਪਿੰਡ ਢਾਬੀ ਗੁੱਜਰਾਂ ਕੋਲ ਲਗਾਏ ਗਏ ਨਾਕੇ ਉੱਤੇ ਅੱਜ ਸਵੇਰੇ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਰਵਾਣਾ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਵਿੱਚ ਲਈ ਜਾ ਰਹੀ ਤਲਾਸ਼ੀ ਦੌਰਾਨ ਇੱਕ ਵਿਅਕਤੀ ਕੋਲ ਮੌਜੂਦ ਬੈਗ ਵਿੱਚੋਂ ਚਾਂਦੀ ਦੇ ਬਿਸਕੁੱਟ ਬਰਾਮਦ ਹੋਏ ਉਸ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਉਸ ਵੱਲੋਂ ਪਾਈ ਗਈ ਜੈਕਟ ਵਿੱਚੋਂ ਵੀ ਬਿਸਕੁਟ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਚਾਂਦੀ ਦੇ ਮਿਲੇ ਇਨ੍ਹਾਂ ਬਿਸਕੁਟਾਂ ਦੀ ਕੁੱਲ ਗਿਣਤੀ 43 ਅਤੇ  ਵਜ਼ਨ 18 ਕਿਲੋ  600 ਗ੍ਰਾਮ ਹੈ। ਇਹ ਚਾਂਦੀ ਦੀ ਖੇਪ ਚਾਂਦੀ ਦੇ 43 ਬਿਸਕੁਟਾਂ ਦੇ ਰੂਪ ‘ਚ ਸੀ।

ਉਨ੍ਹਾਂ ਦੱਸਿਆ ਕਿ ਚਾਂਦੀ ਰੋਹਤਕ ਤੋਂ ਬੱਸ ਰਾਹੀਂ ਸੁਨਾਮ ਲਿਜਾਈ ਜਾ ਰਹੀ ਸੀ। ਫੜ੍ਹੇ ਗਏ ਵਿਅਕਤੀ ਦੀ ਪਛਾਣ ਸਾਗਰ ਨੇਕਮ ਮਹਾਂਦੇਵ ਪੁੱਤਰ ਮਹਾਂਦੇਵ ਪਿੰਡ ਮਗਰੂਲ ਥਾਣਾ ਬੀਟਾ ਜ਼ਿਲ੍ਹਾ ਸਾਂਗਲੀ (ਮਹਾਰਾਸ਼ਟਰ) ਵਜੋਂ ਹੋਈ ਹੈ। ਉਕਤ ਵਿਅਕਤੀ ਪਾਸੋਂ ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਉਹ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ।  ਇਸ ਦੌਰਾਨ ਡੀ.ਐਸ.ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਚਾਂਦੀ ਦੀ ਇਸ ਖੇਪ ਦੀ ਬਰਾਮਦਗੀ ਮਗਰੋਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਆਮਦਨ ਕਰ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਿਸ ਮਗਰੋਂ ਇਨ੍ਹਾਂ ਵਿਭਾਗਾਂ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।