ਐੱਸਐੱਸਪੀ ਖਿਲਾਫ ਪਰਚਾ ਦਰਜ ਕਰਨ ਤੇ ਬੇਟਾ-ਬੇਟੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ
ਮੇਵਾ ਸਿੰਘ, ਮਲੋਟ:ਜ਼ਿਲ੍ਹਾ ਫਾਜਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਵਿਚ ਬਤੌਰ ਮੁੱਖ ਮੁਨਸ਼ੀ ਰਹੇ ਸੁਰਜੀਤ ਸਿੰਘ ਵਾਸੀ ਸਰਾਵਾਂ ਬੋਦਲਾ ਨੇ ਬੀਤੀ ਰਾਤ ਟਰੱਕ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਫਾਜ਼ਿਲਕਾ ਦੇ ਐੱਸਐੱਸਪੀ ‘ਤੇ ਸੁਰਜੀਤ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਉਂਦਿਆਂ ਲਾਸ਼ ਮਲੋਟ-ਅਬੋਹਰ ਮੁੱਖ ਮਾਰਗ ‘ਤੇ ਰੱਖਕੇ ਰੋਸ ਧਰਨਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਖਿਲਾਫ ਪਰਚਾ ਦਰਜ ਕਰਨ ਤੇ ਮ੍ਰਿਤਕ ਦੇ ਬੇਟਾ-ਬੇਟੀ ਨੂੰ ਸਰਕਾਰੀ ਨੌਕਰੀ ਮਿਲਣ ਦੀ ਮੰਗ ਕਰਦਿਆਂ ਮੰਗਾਂ ਪੂਰੇ ਜਾਣ ਤੱਕ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ
ਮਾਲਖਾਨੇ ‘ਚ ਛੇੜਛਾੜ ਕਰਕੇ ਮ੍ਰਿਤਕ ਦਰਜ਼ ਸੀ ਪਰਚਾ
ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਅਤੇ ਮੇਜਰ ਸਿੰਘ ਇੰਚਾਰਜ਼ ਐਨ.ਡੀ. ਮਾਲਖਾਨਾ ਫਾਜਿਲਕਾ ਤੇ 2 ਹੋਰ ਪੁਲਿਸ ਮੁਲਾਜ਼ਮਾਂ ‘ਤੇ ਮਾਲਖਾਨੇ ‘ਚ ਛੇੜਛਾੜ ਕਰਨ ਦੇ ਦੋਸ਼ ‘ਚ ਪਰਚਾ ਦਰਜ ਹੋਇਆ ਸੀ ਮ੍ਰਿਤਕ ਸੁਰਜੀਤ ਸਿੰਘ ਦੇ ਬੇਟੇ ਖੁਸ਼ਦੀਪ ਸ਼ਰਮਾ ਨੇ ਦੱਸਿਆ ਕਿ ਫਾਜਿਲਕਾ ਪੁਲਿਸ ਨੇ ਉਸ ਦੇ ਪਿਤਾ ਦਾ ਮਾਨਯੋਗ ਅਦਾਲਤ ‘ਚੋਂ ਪਹਿਲੇ 2 ਦਿਨ, ਫਿਰ 3 ਦਿਨ ਤੇ ਮੁੜ 2 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ, ਪਰੰਤੂ ਪੁਲਿਸ ਨੂੰ ਉਸ ਕੋਲੋਂ ਕੋਈ ਰਿਕਵਰੀ ਨਹੀਂ ਹੋਈ।
ਅਦਾਲਤ ਤੋਂ ਮਿਲ ਚੁੱਕੀ ਸੀ ਜ਼ਮਾਨਤ
ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਨੇ ਮਾਨਯੋਗ ਸੈਸ਼ਨ ਅਦਾਲਤ ‘ਚ ਜ਼ਮਾਨਤ ਲਈ ਅਰਜ਼ੀ ਲਾਈ ਜਿਸ ‘ਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਖੁਸ਼ਦੀਪ ਸ਼ਰਮਾ ਨੇ ਦੱਸਿਆ ਕਿ ਜਦੋਂ ਫਾਜਿਲਕਾ ਪੁਲਿਸ ਨੇ ਐਨਡੀ ਮਾਲਖਾਨਾ ਇੰਚਾਰਜ਼ ਮੇਜਰ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਉਸ ਦੇ ਪਿਤਾ ਸੁਰਜੀਤ ਸਿੰਘ ਨੂੰ ਦੁਆਰ ਤੋਂ ਫਿਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕਿ ਪੁਲਿਸ ਨੂੰ ਇਹ ਵੀ ਪਤਾ ਸੀ ਕਿ ਉਸ ਨੇ ਅਦਾਲਤ ਵਿੱਚੋਂ ਜਮਾਨਤ ਲੈ ਰੱਖੀ ਹੈ, ਦੇ ਬਾਵਜੂਦ ਪੁਲਿਸ ਉਸ ਨੂੰ, ਉਸ ਦੀ ਮਾਤਾ ਕਮਲਦੀਪ ਕੌਰ ਪਤਨੀ ਸੁਰਜੀਤ ਸਿੰਘ ਜੋ ਕਿ ਡਿਸਕ ਹਿੱਲਣ ਕਾਰਨ ਬੈੱਡ ‘ਤੇ ਹੈ ਨੂੰ ਵੀ ਥਾਣੇ ਬੁਲਾਕੇ ਬੇਇੱਜਤ ਕੀਤਾ ਤੇ ਉਸ ਨੂੰ ਵੀ ਗੈਰਕਾਨੂੰਨੀ ਤੌਰ ‘ਤੇ ਟਾਰਚਰ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਪੁਲਿਸ ਗੈਰ ਕਾਨੂੰਨੀ ਤੌਰ ‘ਤੇ ਤੰਗ ਪਰੇਸ਼ਾਨ ਕਰਦੀ ਰਹੀ। ਖੁਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਸੁਰਜੀਤ ਸਿੰਘ ਪੁਲਿਸ ਦੀ ਇਸ ਹਰਾਸ਼ਮੈਂਟ ਤੋਂ ਐਨੇ ਤੰਗ ਆ ਗਏ ਉਨ੍ਹਾਂ ਨੇ ਹਰਿਆਣਾ ਵਿਚ ਪਿੰਡ ਲਾਡਲਾ ਜਿਥੇ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਹੈ, ਬੀਤੀ ਰਾਤ ਟਰੱਕ ਥੱਲੇ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਰਿਵਾਰ ਮੰਗਾਂ ਪੂਰੀਆਂ ਹੋਣ ਤੱਕ ਨਹੀਂ ਕਰੇਗਾ ਮ੍ਰਿਤਕ ਦਾ ਅੰਤਿਮ ਸੰਸਕਾਰ
ਖੁਸ਼ਦੀਪ ਸ਼ਰਮਾ ਸਮੇਤ ਰੋਸ ਧਰਨੇ ‘ਤੇ ਬੈਠੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਮੌਕੇ ‘ਤੇ ਪੁੱਜੇ ਸ੍ਰੀ ਦੀਪਕ ਪਾਰਿਕ (ਆਈ.ਪੀ.ਐਸ.) ਏਐਸਪੀ ਮਲੋਟ ਤੋਂ ਜ਼ਿਲ੍ਹੇ ਦੇ ਐਸਐਸਪੀ ‘ਤੇ ਸੁਰਜੀਤ ਸਿੰਘ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ‘ਚ ਪਰਚਾ ਦਰਜ ਹੋਵੇ ਅਤੇ ਸੁਰਜੀਤ ਸਿੰਘ ਦੇ ਬੇਟੇ ਤੇ ਬੇਟੀ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਦੀ ਮੰਗ ਕੀਤੀ
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨਾਂ ਚਿਰ ਉਹ ਮ੍ਰਿਤਕ ਸੁਰਜੀਤ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ‘ਤੇ ਏਐਸਪੀ ਮਲੋਟ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਲਈ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਗੱਲ ਕਰਨਗੇ। ਇਸ ਵਕਤ ਥਾਣਾ ਸਿਟੀ ਮਲੋਟ ਦੇ ਐਸਐਚਓ ਬੂਟਾ ਸਿੰਘ, ਐਸ ਐਚ ਓ ਸਦਰ ਮਲੋਟ ਪਰਮਜੀਤ ਸਿੰਘ ਤੇ ਹੋਰ ਵੀ ਪੁਲਿਸ ਅਧਿਕਾਰੀ ਮੌਜੂਦ ਸਨ। ਜਦ ਇਸ ਸਾਰੇ ਮਾਮਲੇ ਸਬੰਧੀ ਜ਼ਿਲ੍ਹਾ ਫਾਜਿਲਕਾ ਦੇ ਐਸ ਐਸ ਪੀ ਨਾਲ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।