ਕਵਿਤਾਵਾਂ: ਰੁੱਖ

Poems: Punjabi, Litrature

ਰੁੱਖ

ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰੁੱਖਾਂ ਉੱਤੇ ਪੰਛੀ ਆਉਣਗੇ,
ਮਿੱਠੇ-ਮਿੱਠੇ ਗੀਤ ਸੁਣਾਉਣਗੇ,
ਪੰਛੀਆਂ ਦੀ ਰਲ ਹੋਂਦ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਫ਼ਲ ਫ਼ੁੱਲ ਤੇ ਦਿੰਦੇ ਜੀਵਨ ਦਾਨ,
ਬਿਮਾਰੀਆਂ ਦਾ ਕਰਦੇ ਸਮਾਧਾਨ,
ਠੰਢੀਆਂ ਛਾਵਾਂ ਰਲ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਲੋੜਾਂ ਸਭ ਦੀਆਂ ਪੂਰੀਆਂ ਕਰਦੇ,
ਸਾਡੇ ਨਾਲ ਹਮੇਸ਼ਾ ਰੁੱਖ ਹੀ ਮਰਦੇ,
ਪ੍ਰਦੂਸ਼ਣ ਆਪਾਂ ਦੂਰ ਭਜਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਰੁੱਖ ਕਾਗਜ਼ ਬਣਦੇ ਬੇਸ਼ੁਮਾਰ,
ਰੁੱਖਾਂ ਸਦਕਾ ਮਿਲਦਾ ਸਤਿਕਾਰ,
ਅੱਖਰ ਗਿਆਨ ਸਭ ਨੂੰ ਸਿਖਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਰੁੱਖਾਂ ਨਾਲ ਹੀ ਜੱਗ ਉੱਤੇ ਬਹਾਰ,
ਚਿਹਰੇ ਖਿੜੇ ਰਹਿਣ ਜਿਵੇਂ ਗੁਲਜ਼ਾਰ,
‘ਬੂਟੇ’ ਘਰ-ਘਰ ਜਾ ਕੇ ਸਮਝਾਈਏ,
ਜ਼ਿੰਦਗੀ ‘ਚ ਦੋ-ਦੋ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਬੂਟਾ ਖ਼ਾਨ ਸੁੱਖੀ, ਘੁੜੈਲੀ, ਜੋਗਾ
ਮੋ. 98789-98577

ਲਾਲਚ ਬੁਰੀ ਬਲਾ

ਬੱਚਿਓ ਸੱਚੀ ਗੱਲ ਸੁਣਾਵਾਂ, ਸੁਣਿਓ ਮਨ ਚਿੱਤ ਲਾ ਕੇ
ਘਰ ਦਾ ਖਾਣਾ ਕਦੇ ਨਾ ਨਿੰਦੀਏ, ਇੱਕ ਦਿਨ ਪੀਜਾ ਖਾ ਕੇ।
ਰੋਜ਼ ਸ਼ਾਮ ਨੂੰ ਸਾਡੇ ਘਰ ਇੱਕ ਭੂਰਾ ਕੁੱਤਾ ਆਉਂਦਾ,
ਬੜਾ ਕੱਦਾਵਰ ਸੋਹਣਾ ਲੱਗੇ, ਜਦ ਉਹ ਪੂਛ ਹਿਲਾਉਂਦਾ।
ਇੱਕ ਦੋ ਦਿਨ ਜਦ ਰੋਟੀ ਪਾਈ ਉਹ ਤਾਂ ਪੱਕਾ ਗਿੱਝ ਗਿਆ,
ਰੱਬ ਦਾ ਜੀ ਦਰਵੇਸ਼ ਸਮਝਕੇ ਸਾਡਾ ਮਨ ਵੀ ਧਿਜ ਗਿਆ।
ਆਏ ਗੁਆਢੋਂ ਵਿਆਹ ਦੇ ਲੱਡੂ ਕਰੜੇ-ਕਰੜੇ ਲੱਗੇ,
ਕਹਿਣ ਦੀ ਦੇਰ ਸੀ ਭਾਗਵਾਨ ਨੇ ਸੁੱਟਤੇ ਭੂਰੂ ਅੱਗੇ।
ਤਿੱਖੇ-ਤਿੱਖੇ ਦੰਦਾਂ ਦੇ ਨਾਲ ਲਾ ਚਟਕਾਰੇ ਖਾ ਗਿਆ,
ਦੂਜੇ ਦਿਨ ਹੀ ਫੇਰ ਸ਼ਾਮ ਨੂੰ ਭੱਜਾ-ਭੱਜਾ ਆ ਗਿਆ।
ਬੜੇ ਪ੍ਰੇਮ ਨਾਲ ਰੋਟੀ ਪਾਈ ਸੁੰਘ ਕੇ ਸਿਰ ਹਿਲਾਵੇ,
ਅੱਜ ਖਾਣ ਦਾ ਨਾਂਅ ਨਾ ਲੈਂਦਾ ਪਿੱਛੇ ਹਟਦਾ ਜਾਵੇ।
ਭਲਿਆ ਮਾਨਸਾ ਰੋਜ਼ ਤੈਨੂੰ ਦੱਸ ਲੱਡੂ ਕਿੱਥੋਂ ਖਵਾਈਏ ,
ਜੋ ਵੀ ਮਿਲਜੇ ਛਕ ਲਈਦਾ ਲਾਲਚ ਵਿੱਚ ਨਾ ਆਈਏ।
ਤੇਰੀ ਮਰਜੀ ਜੇ ਨਹੀਂ ਖਾਂਦਾ ਭੁੱਖਾ ਮਰਨਾ ਪੈਣਾ,
ਲਾਲਚ ਬੁਰੀ ਬਲਾ ਹੈ ਬੱਚਿਓ ਸੱਚ ਸਿਆਣਿਆਂ ਦਾ ਕਹਿਣਾ।
ਪਰਮਜੀਤ ਪੱਪੂ ਕੋਟਦੁੱਨਾਂ,
ਧਨੌਲਾ (ਬਰਨਾਲਾ)
ਮੋ. 94172-42430

ਮੀਂਹ

ਵੇਖੋ ਕਾਲੀ ਘਟਾ ਛਾਈ,
ਮੀਂਹ ਨੇ ਹੈ ਛਹਿਬਰ ਲਾਈ
ਗਰਮੀ ਤੋਂ ਕੁਝ ਮਿਲੀ ਰਾਹਤ,
ਮੌਸਮ ਹੋ ਗਿਆ ਸੁਖਦਾਈ
ਰੁੱਖ਼, ਪੌਦੇ ਸਭ ਨਿੱਖਰ ਪਏ,
ਸੜਕਾਂ ਦੀ ਵੀ ਹੋਈ ਧੁਲਾਈ
ਨਦੀਆਂ, ਟੋਭੇ ਭਰੇ ਤਲਾਅ,
ਜੀਵ ਜੰਤਾਂ ਨੇ ਖ਼ੁਸ਼ੀ ਮਨਾਈ
ਡੱਡੂ ਖੂਬ ਬੋਲ ਰਹੇ,
ਟਰ-ਟਰ ਦੀ ਹੈ ਰਟ ਲਗਾਈ
ਨਿੱਕੇ ਬਾਲ ਪਾਣੀ ਵਿਚ ਖੇਡਣ,
ਕਿਸੇ ਨੇ ਹੈ ਨਾਵ ਤੈਰਾਈ
ਖੀਰ ਪੂੜੇ ਬਣ ਰਹੇ ਨੇ,
ਮਿੱਠੀ-ਮਿੱਠੀ ਮਹਿਕ ਹੈ ਆਈ
ਆਓ ਬੱਚਿਓ, ਖਾ ਲਓ ਪੂੜੇ,
ਨਾਨੀ ਮਾਂ ‘ਵਾਜ ਲਗਾਈ
ਹਰਿੰਦਰ ਸਿੰਘ ਗੋਗਨਾ, 
ਪੰਜਾਬੀ ਯੂਨੀਵਰਸਿਟੀ
ਪਟਿਆਲਾ

ਗੁੱਡੀ ਰਾਣੀ

ਗੁੱਡੀ ਰਾਣੀ ਬੜੀ ਸਿਆਣੀ,
ਮਾਤਾ-ਪਿਤਾ ਦੇ ਦਿਲ ਦੀ ਰਾਣੀ
ਉੱਠ ਸਕੂਲੇ ਪੜ੍ਹਨੇ ਜਾਂਦੀ,
ਚੰਗੀਆਂ ਗੱਲਾਂ ਸਿੱਖ ਕੇ ਆਂਦੀ
ਘਰ ਵਿੱਚ ਬੜਾ ਹਸਾਈ ਜਾਵੇ,
ਸਭ ਦੇ ਬੋਲ ਪੁਗਾਈ ਜਾਵੇ
ਮੰਮੀ ਦੇ ਨਾਲ ਹੱਥ ਵਟਾਵੇ,
ਸਭ ਦਾ ਚੰਗਾ ਪਿਆਰ ਉਹ ਪਾਵੇ
ਦਾਦਾ-ਦਾਦੀ ਕੋਲ ਹੈ ਜਾਵੇ,
ਚੰਗੀਆਂ ਗੱਲਾਂ ਖਾਨੇ ‘ਚ ਪਾਵੇ
ਘਰ ਵਿੱਚ ਜਦ ਕੋਈ ਮੰਗੇ ਪਾਣੀ,
ਉੱਠ ਫੜਾਵੇ ਗੁੱਡੀ ਰਾਣੀ
ਦਾਦਾ ਜੀ ਜਦ ਕੋਲ ਬੁਲਾਵੇ,
ਕੰਮਾਂ ਨੂੰ ਛੱਡ ਭੱਜੀ ਜਾਵੇ
ਦਾਦੀ ਮਾਂ ਦੀ ਰਾਜ-ਦੁਲਾਰੀ,
ਸਭ ਦੇ ਮਨ ਨੂੰ ਲੱਗਦੀ ਪਿਆਰੀ
ਮੰਮੀ-ਪਾਪਾ ਦੀ ਗੁੱਡੀ ਰਾਣੀ,
ਸੱਚਮੁੱਚ ਇਹ ਤਾਂ ਬੜੀ ਸਿਆਣੀ
ਪ੍ਰਗਟ ਸਿੰਘ ਮਹਿਤਾ,ਧਰਮਗੜ੍ਹ (ਸੰਗਰੂਰ)
ਮੋ. 98784-88796  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।