ਹਰਮਨਪ੍ਰੀਤ ਦਾ ਸੁਪਨਾ ਸੀ ਸੈਫ ਬਣਨ ਦਾ, ਬ੍ਰੈਨ ਹੈਮਰੇਜ਼ ਕਾਰਨ ਕੌਮਾ ‘ਚ ਰਹੀ, ਘਰ ਵਿਕ ਗਿਆ, ਪਤੀ ਦੀ ਨੌਕਰੀ ਗਈ
ਔਰਤ ਦਿਵਸ਼ ਤੇ ਹਰਮਨਪ੍ਰੀਤ ਕੌਰ ਦੇ ਹੌਸਲੇ ਅਤੇ ਜ਼ਜਬੇ ਨੂੰ ਸਲਾਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੈਫ ਜਾਂ ਡਾਕਟਰ ਬਣਨਾ ਉਸਦਾ ਸੁਫਨਾ ਸੀ, ਪਰ ਜਿੰਦਗੀ ਦੀਆਂ ਘੁੰਮਣਘੇਰੀਆਂ ਉਸਦੇ ਸੁਪਨੇ ਨੂੰ ਸੱਚ ਬਣਾਉਣ ਲਈ ਅੜਿੱਕੇ ਲਾਉਣ ‘ਤੇ ਤੁਲੀਆਂ ਹੋਈਆਂ ਸਨ। ਫਿਰ ਉਸਨੇ ਸੋਚਿਆ ਕਿ ਉਹ ਇਹ ਸੁਫਨਾ ਆਪਣੀਆਂ ਬੇਟੀਆਂ ਰਾਹੀਂ ਪੂਰਾ ਕਰੇਗੀ ਪਰ ਜਿੰਦਗੀ ਨੇ ਅਜੇ ਹੋਰ ਇਮਤਿਹਾਨ ਲੈਣੇ ਸਨ। ਬ੍ਰੇਨ ਹੈਮਰੇਜ਼ ਨੇ ਜੀਵਨ ਦੀ ਤੰਦ ਨੂੰ ਰੋਕਣ ਦਾ ਯਤਨ ਕੀਤਾ, 19 ਦਿਨ ਕੌਮਾ ‘ਚ ਰਹੀ ਅਤੇ ਸੁਪਨੇ ਤਾਂ ਕੀ ਆਪਣਾ ਵੀ ਹੋਸ-ਹਵਾਸ ਨਾ ਰਿਹਾ।
ਘਰ ਵਿਕ ਗਿਆ, ਪਤੀ ਦੀ ਨੌਕਰੀ ਚਲੀ ਗਈ ਅਤੇ ਸੜਕ ‘ਤੇ ਆ ਗਏ। ਪਰ ਹੌਂਸਲਿਆਂ ਦੀ ਉਡਾਨ ਨਾ ਹਾਰੀ, ਠੀਕ ਹੋਣ ‘ਤੇ ਪੰਜ ਟਿਫਨਾਂ ਦੇ ਖਾਣੇ ਤੋਂ ਕੰਮ ਸ਼ੁਰੂ ਕੀਤਾ ਅਤੇ ਫਿਰ ਸੁਪਨੇ ਨੂੰ ਅਜਿਹਾ ਮੋੜਾ ਪਿਆ ਕਿ ਉਹ ਸਟਾਰ ਪਲੱਸ ਚੈਨਲ ਦੇ ‘ਮਾਸਟਰ ਸੈਫ ਇੰਡੀਆ ਪ੍ਰੋਗਰਾਮ ‘ਚ ਬੰਬੇ ਜਾ ਪੁੱਜੀ ਅਤੇ ਅੰਤਿਮ 20 ‘ਚ ਆਪਣੀ ਜਗਾ ਬਣਾਈ। ਜੀ ਹਾਂ, ਇਹ ਕਲਪਨਾ ਨਹੀਂ ਸਗੋਂ ਜਾਗਦੀਆਂ ਅੱਖਾਂ ਨਾਲ ਲਏ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਸਿਰੜੀ, ਜੁਝਾਰੂ ਅਤੇ ਹੌਂਸਲੇ ਵਾਲੀ ਔਰਤ ਹਰਮਨਪ੍ਰੀਤ ਕੌਰ (44) ਦੀ ਗੱਲ ਕਰ ਰਹੇ ਹਾਂ।
ਹਰਮਨਪ੍ਰੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਰੋਜ ਐਵਨਿਯੂ ਆਫਿਸਰ ਕਨੌਲੀ ਨੇ ਦੱਸਿਆ ਕਿ ਉਸਦਾ ਬਚਪਨ ਵਿੱਚ ਸੈਫ ਅਤੇ ਡਾਕਟਰ ਬਣਨ ਦਾ ਸੁਪਨਾ ਸੀ। ਪਰਿਵਾਰ ਨੇ ਛੋਟੀ ਉਮਰ ‘ਚ ਵਿਆਹ ਕਰ ਦਿੱਤਾ ਅਤੇ ਉਸਦੇ ਸੁਪਨਿਆਂ ਨੂੰ ਪੂਰਾ ਹੋਣ ਤੋਂ ਪਹਿਲਾ ਹੀ ਜਿਵੇਂ ਵਿਰਾਮ ਲੱਗ ਗਿਆ।
ਉਸ ਦੇ ਦੋ ਬੇਟੀਆਂ ਰਪੇਸ਼ਵਰ ਅਤੇ ਜੋਤੇਸ਼ਵਰ ਪੈਦਾ ਹੋਈਆਂ। ਉਸ ਨੇ ਠਾਣ ਲਿਆ ਕਿ ਉਹ ਆਪਣੇ ਸੈਫ ਅਤੇ ਡਾਕਟਰ ਵਾਲੇ ਅਧੂਰੇ ਸੁਪਨਿਆਂ ਨੂੰ ਆਪਣੀਆਂ ਬੇਟੀਆਂ ਰਾਹੀਂ ਪੂਰਾ ਕਰੇਗੀ। ਕੁਝ ਸਮਾਂ ਜਿੰਦਗੀ ਚਲਦੀ ਗਈ। ਹਰਮਨਪ੍ਰੀਤ ਨੇ ਦੱਸਿਆ ਕਿ ਸਾਲ 2011 ‘ਚ ਉਸ ਨੂੰ ਅਚਾਨਕ ਬ੍ਰੈਨ ਹੈਮਰੇਜ਼ ਦਾ ਅਟੈਕ ਹੋ ਗਿਆ। ਉਹ 19 ਦਿਨ ਹਸਪਤਾਲ ਦੇ ਬੈੱਡ ‘ਤੇ ਕੌਮਾ ਵਿੱਚ ਰਹੀ ਅਤੇ ਪਰਿਵਾਰ ਫਿਕਰਾਂ ‘ਚ। ਇਸ ਦੌਰਾਨ ਉਨ੍ਹਾਂ ਦਾ ਘਰ ਵਿਕ ਗਿਆ ਅਤੇ ਪਤੀ ਸੁਰਿੰਦਰ ਸਿੰਘ ਜੋ ਕਿ ਬਹਾਦਰਗੜ੍ਹ ਵਿਖੇ ਲਿਮ: ਫੈਕਟਰੀ ਵਿੱਚ ਨੌਕਰੀ ‘ਤੇ ਲੱਗਿਆ ਹੋਇਆ ਸੀ, ਉਹ ਵੀ ਛੁੱਟ ਗਈ ਅਤੇ ਉਹ ਪੈਸੇ ਪੱਖੋਂ ਮੁਥਾਜ ਹੋ ਗਏ।
ਲਗਭਗ ਛੇ ਮਹੀਨਿਆਂ ਬਾਅਦ ਉਹ ਮੁੜ ਚੱਲਣ ਫਿਰਨ ਲੱਗੀ। ਕੰਮ ਨਾ ਹੋਣ ਕਾਰਨ ਉਸਨੇ ਆਪਣੇ ਪਤੀ ਨਾਲ ਖਾਣੇ ਦੇ ਪੰਜ ਟਿਫਨ ਵਜੋਂ ਕੰਮ ਸ਼ੁਰੂ ਕੀਤਾ ਅਤੇ ਫਿਰ ਹੌਲੀ ਹੌਲੀ ਰਾਜੇ ਦੇ ਮੋਤੀ ਮਹਿਲਾਂ ਪਿੱਛੇ ਖਾਣੇ ਦੀ ਵੈਨ ਲਗਾਈ। ਇਸ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ ਦੇ ਸਾਹਮਣੇ ਰੈਸਟੋਰੈਂਟ ਬਣਾਇਆ, ਪਰ ਇੱਥੇ ਦਿੱਕਤ ਇਹ ਪੈਦਾ ਹੋਈ ਕਿ ਕਾਲਜ਼ ਨੂੰ ਛੁੱਟੀਆਂ ਦੌਰਾਨ ਉਨ੍ਹਾਂ ਦਾ ਕੰਪ ਠੱਪ ਰਹਿੰਦਾ। ਇਸ ਤੋਂ ਬਾਅਦ ਛੋਟੀ ਬਰਾਂਦਾਰੀ ਵਿਖੇ ‘ਆਪ ਕੀ ਰਸੋਈ’ ਨਾਮ ਦੀ ਦੁਕਾਨ ਚਲਾਈ। ਇਸੇ ਦੌਰਾਨ ਹੀ ਸਾਲ 2019 ‘ਚ ਸਟਾਰ ਪਲੱਸ ‘ਤੇ ਮਾਸਟਰ ਸੈਫ ਇੰਡੀਆ ਸੀਜ਼ਨ-6 ਸ਼ੁਰੂ ਹੋਇਆ।
ਉਸਨੇ ਆਪਣੇ ਸੁਪਨੇ ਨੂੰ ਆਪਣੀ ਬੇਟੀ ਜੋਤੇਸ਼ਵਰ ਜਰੀਏ ਖੰਭ ਲਾਉਣ ਦੀ ਉਡਾਨ ਭਰੀ ਅਤੇ ਮਾਂ ਧੀ ਨਾਲ ਬੰਬਈ ਵਿਖੇ ਮਾਸਟਰ ਸੈਫ ਦੇ ਅਡੀਸ਼ਨ ਦੇਣ ਗਈ। ਇਸ ਦੌਰਾਨ ਲਗਭਗ ਢਾਈ ਲੱਖ ਦੀ ਰਜਿਸ਼ਟਰ੍ਰੇਸ਼ਨ ਚੋਂ ਦੋਵੇਂ ਮਾਂ-ਧੀ ਸਲੈਕਟ ਹੋ ਗਈਆਂ। ਹਰਮਨਪ੍ਰੀਤ ਨੇ ਦੱਸਿਆ ਕਿ ਉਸਦੀ ਧੀ ਦੇ ਪੇਪਰ ਆ ਗਏ। ਧੀ ਨੇ ਮਾਂ ਨੂੰ ਪ੍ਰੇਰਨਾ ਦਿੱਤੀ ਕਿ ਮਾਂ ਸੈਫ ਬਣਨ ਦਾ ਤੇਰਾ ਸੁਪਨਾ ਸੀ, ਤੂੰ ਆਪਣਾ ਸੁਪਨਾ ਪੂਰਾ ਕਰ। ਉਸ ਨੇ ਦੱਸਿਆ ਕਿ ਉਹ ਡੇਢ ਮਹੀਨਾ ਬੰਬਈ ਰਹੀ ਅਤੇ ਉੱਥੇ ਮਿਸਲਨ ਸਟਾਰ ਸੈਫ ਅਵਾਰਡੀ ਵਿਕਾਸ ਖੰਨਾ, ਵਿਨਿਤ ਭਾਟੀਆ ਅਤੇ ਰਣਬੀਰ ਬਰਾੜ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੇ ਕੁਕਿੰਗ ਸਿਖਾਈ ਅਤੇ ਉਸ ਦਾ ਸੁਪਨਾ ਸੱਚ ਹੋਇਆ।
ਇੱਥੋਂ ਤੱਕ ਕਿ ਉਹ ਸਟਾਰ ਪਲੱਸ ਵੱਲੋਂ ਹੀ ਕਈ ਵਾਰ ਫਲਾਈਟ ‘ਤੇ ਪਟਿਆਲਾ ਆਈ ਅਤੇ ਬੰਬੇ ਗਈ, ਜੋ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਇਸ ਪ੍ਰੋਗਰਾਮ ਵਿੱਚ ਉਸਨੇ ਅਤਿੰਮ 20 ‘ਚ ਆਪਣੀ ਥਾਂ ਬਣਾਈ, ਜੋ ਉਸ ਲਈ ਮਾਣ ਸੀ। ਉਸਨੇ ਦੱਸਿਆ ਕਿ ਅਜਿਹਾ ਕੋਈ ਖਾਣਾ ਜਾਂ ਡਿਸ ਨਹੀਂ, ਜੋ ਉਹ ਨਾ ਬਣਾ ਸਕਦੀ ਹੋਵੇ। ਉਸਨੇ ਕਿਹਾ ਕਿ ਇਹ ਸਭ ਉਸਦੀ ਮਿਹਨਤ, ਜ਼ਜਬੇ, ਹੌਸਲੇ ਅਤੇ ਪ੍ਰਮਾਤਮਾਂ ਦੀ ਕ੍ਰਿਪਾ ਨਾਲ ਹੀ ਸੰਭਵ ਹੋਇਆ ਹੈ। ਉਸਨੇ ਕਿਹਾ ਕਿ ਉਸਦੇ ਪਤੀ ਸੁਰਿੰਦਰ ਸਿੰਘ ਨੇ ਉਸਦਾ ਸਭ ਤੋਂ ਵੱਧ ਸਾਥ ਦਿੱਤਾ ਅਤੇ ਬਾਅਦ ਵਿੱਚ ਦੁਕਾਨ ਦਾ ਖਾਣਾ ਬਣਾਉਣ ਦਾ ਕੰਮ ਉਨ੍ਹਾਂ ਖੁਦ ਹੀ ਕੀਤਾ।
ਇੱਕ ਬੇਟੀ ਨੂੰ ਬਣਾਇਆ ਡਾਕਟਰ ਤੇ ਇੱਕ ਨੂੰ ਸੈਫ
ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਸੈਫ ਅਤੇ ਡਾਕਟਰ ਦੇ ਸੁਪਨੇ ਨੂੰ ਆਪਣੀਆਂ ਬੇਟੀਆਂ ਰਾਹੀਂ ਪੂਰਾ ਕੀਤਾ। ਉਸਦੀ ਵੱਡੀ ਬੇਟੀ ਰਪੇਸ਼ਵਰ ਨੇ ਐਮਬੀਬੀਐਸ ਕਰਕੇ ਡਾਕਟਰ ਬਣ ਗਈ ਹੈ ਜਦਕਿ ਛੋਟੀ ਬੇਟੀ ਜੋਤੇਸ਼ਵਰ ਬੀ.ਐਸ.ਈ. ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਕੇ ਸੈਫ ਬਣ ਗਈ ਹੈ। ਹਰਮਨਪ੍ਰੀਤ ਕਹਿੰਦੀ ਹੈ ਕਿ ਉਸ ਦੀਆਂ ਬੇਟੀਆਂ ਹੀ ਉਸਦੇ ਬੇਟੇ ਹਨ। ਉਸ ਨੇ ਕਿਹਾ ਕਿ ਜੇਕਰ ਉਸਦੀ ਮਾਂ ਨੇ ਉਸਨੂੰ ਗਰਭ ਵਿੱਚ ਮਾਰ ਦਿੱਤਾ ਹੁੰਦਾ ਤਾਂ ਉਹ ਇੱਥੋਂ ਤੱਕ ਨਾ ਪੁੱਜਦੀ। ਉਨ੍ਹਾਂ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਬੇਟੀਆਂ ਭਾਰ ਨਹੀਂ ਸਗੋਂ ਸੁਪਨਿਆਂ ਦੀ ਉਡਾਨ ਹਨ।
ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਵੀ ਦਿੱਤੀ ਵਧਾਈ
ਹਰਮਨਪ੍ਰੀਤ ਕੌਰ ਨੂੰ ਛੋਟੀ ਜਿਹੀ ਦੁਕਾਨ ਚੋਂ ਉੱਠ ਕੇ ਮਾਸਟਰ ਸੈਫ ਇੰਡੀਆ ‘ਚ ਪੁੱਜਣ ‘ਤੇ ਵਧਾਈਆਂ ਦੇਣ ਵਾਲਿਆਂ ਤਾਂਤਾ ਲੱਗਿਆ ਰਿਹਾ। ਇੱਥੋਂ ਤੱਕ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਵੀ ਉਸਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਮੁਬਾਰਕਬਾਦ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।