Nature Conservation: ਕੁਦਰਤ ਤੋਂ ਦੂਰੀ ਵਧੀ ਤਾਂ ਸੰਕਟ ਹੋਰ ਡੂੰਘਾ ਹੋਵੇਗਾ

ਕੁਦਰਤ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਤੇ ਡੂੰਘਾ ਰਿਹਾ ਹੈ

Khushdeep Singh Picture
Published On

Nature Conservation: ਕੁਦਰਤ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਤੇ ਡੂੰਘਾ ਰਿਹਾ ਹੈ। ਮਨੁੱਖੀ ਸੱਭਿਆਚਾਰ ਦਾ ਵਿਕਾਸ ਨਦੀਆਂ, ਜੰਗਲਾਂ, ਪਹਾੜਾਂ ਤੇ ਉਪਜਾਊ ਧਰਤੀ ਦੇ ਸਹਾਰੇ ਹੀ ਸੰਭਵ ਹੋਇਆ। ਪ੍ਰਿਥਵੀ ’ਤੇ ਜੀਵਨ ਦਾ ਸੰਤੁਲਨ ਕਿਸੇ ਇੱਕ ਤੱਤ ਤੋਂ ਨਹੀਂ, ਸਗੋਂ ਅਣਗਿਣਤ ਜੀਵ-ਜੰਤੂਆਂ, ਵਨਸਪਤੀਆਂ, ਜਲ ਸਰੋਤਾਂ ਅਤੇ ਕੁਦਰਤੀ ਵਿਸਥਾਵਾਂ ਦੇ ਸਮੂਹਿਕ ਸਹਿਯੋਗ ਨਾਲ ਬਣਿਆ ਰਹਿੰਦਾ ਹੈ। ਇਹੀ ਜੈਵਿਕ ਵਿਭਿੰਨਤਾ ਪ੍ਰਿਥਵੀ ਨੂੰ ਜੀਵਤ ਬਣਾਈ ਰੱਖਦੀ ਹੈ। ਅੱਜ ਦੁਨੀਆਂ ਜਿਸ ਪੌਣਪਾਣੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉਸ ਦੇ ਪਿੱਛੇ ਕੁਦਰਤ ਨਾਲ ਲਗਾਤਾਰ ਵਧਦੀ ਦਖਲਅੰਦਾਜ਼ੀ ਵੱਡਾ ਕਾਰਨ ਹੈ। ਵਧਦਾ ਤਾਪਮਾਨ, ਬੇਰੁੱਤੀ ਬਾਰਿਸ਼, ਸਮੁੰਦਰੀ ਤੂਫਾਨ, ਸੋਕਾ, ਹੜ੍ਹ ਅਤੇ ਜੰਗਲਾਂ ’ਚ ਅੱਗ ਦੀਆਂ ਵਧਦੀਆਂ ਘਟਨਾਵਾਂ ਸਪੱਸ਼ਟ ਸੰਕੇਤ ਦਿੰਦੀਆਂ ਹਨ ਕਿ ਪ੍ਰਿਥਵੀ ਦਾ ਕੁਦਰਤੀ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਹੈ।

ਵਿਗਿਆਨ ਤੇ ਵਾਤਾਵਰਨ ਨਾਲ ਜੁੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਰਿਪੋਰਟਾਂ ਵੀ ਸਥਿਤੀ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੀਆਂ ਹਨ। ਸਾਲ 2019 ਵਿੱਚ ਜਾਰੀ ਵਿਸ਼ਵ ਮੁਲਾਂਕਣ ਰਿਪੋਰਟ ਵਿੱਚ ਦੱਸਿਆ ਗਿਆ ਕਿ ਦੁਨੀਆਂ ਦੀਆਂ ਲਗਭਗ ਦਸ ਲੱਖ ਪ੍ਰਜਾਤੀਆਂ ਵਿਲੁਪਤ ਹੋਣ ਦੇ ਖਤਰੇ ’ਚ ਹਨ। ਇਹ ਆਮ ਕੁਦਰਤੀ ਪ੍ਰਕਿਰਿਆ ਨਹੀਂ, ਸਗੋਂ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਪ੍ਰਦੂਸ਼ਣ, ਬਿਨ ਯੋਜਨਾ ਸ਼ਹਿਰੀਕਰਨ ਤੇ ਕੁਦਰਤੀ ਸਰੋਤਾਂ ਦਾ ਅਤਿਅੰਤ ਖਾਤਮੇ ਨੇ ਜੀਵ-ਜੰਤੂਆਂ ਤੇ ਵਨਸਪਤੀਆਂ ਦੀ ਹੋਂਦ ਨੂੰ ਸੰਕਟ ’ਚ ਪਾ ਦਿੱਤਾ ਹੈ। ਵਿਸ਼ਵ ਵਣਜੀਵ ਕੋਸ਼ ਦੀ 2022 ਦੀ ਰਿਪੋਰਟ ਵਿੱਚ ਵੀ ਇਹ ਸਾਹਮਣੇ ਆਇਆ ਕਿ ਪਿਛਲੇ ਲਗਭਗ ਪੰਜਾਹ ਸਾਲਾਂ ਵਿੱਚ ਦੁਨੀਆਂ ਭਰ ’ਚ ਵਣਜੀਵਾਂ ਦੀ ਗਿਣਤੀ ਵਿੱਚ ਔਸਤਨ 69 ਫੀਸਦੀ ਗਿਰਾਵਟ ਦਰਜ ਕੀਤੀ ਗਈ।

Read Also : Moga News: ਨਸ਼ੇ ਚ ਧੁੱਤ ਲੜਕੇ ਲੜਕੀ ਦੀ ਵੀਡੀਓ ਵਾਇਰਲ

ਇਹ ਗਿਰਾਵਟ ਸਿਰਫ਼ ਜੀਵਾਂ ਦੀ ਗਿਣਤੀ ਘੱਟ ਹੋਣ ਦਾ ਸੰਕੇਤ ਨਹੀਂ, ਸਗੋਂ ਪੂਰੇ ਤੰਤਰ ਦੇ ਕਮਜ਼ੋਰ ਪੈਣ ਦੀ ਚਿਤਾਵਨੀ ਹੈ। ਭਾਰਤ ਦੇ ਸੰਦਰਭ ’ਚ ਇਹ ਵਿਸ਼ਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਜੈਵਿਕ ਵਿਭਿੰਨਤਾ ਬਹੁਤ ਜ਼ਿਆਦਾ ਹੈ। ਦੁਨੀਆਂ ਦੇ ਕੁੱਲ ਭੂ-ਭਾਗ ਦਾ ਛੋਟਾ ਹਿੱਸਾ ਹੋਣ ਦੇ ਬਾਵਜੂਦ ਇੱਥੇ ਹਜ਼ਾਰਾਂ ਕਿਸਮਾਂ ਦੀਆਂ ਵਨਸਪਤੀਆਂ, ਪਸ਼ੂ-ਪੰਛੀ ਤੇ ਸੂਖਮ ਜੀਵ ਪਾਏ ਜਾਂਦੇ ਹਨ। ਹਿਮਾਲਿਆਂ ਦੀਆਂ ਪਰਬਤ ਲੜੀਆਂ, ਪੱਛਮੀ ਘਾਟ, ਸੁੰਦਰਬਨ, ਅੰਡਮਾਨ-ਨਿਕੋਬਾਰ ਟਾਪੂ ਸਮੂਹ ਅਤੇ ਥਾਰ ਮਾਰੂੁਥਲ ਵਰਗੀਆਂ ਭੂਗੋਲਿਕ ਰਚਨਾਵਾਂ ਕੁਦਰਤ ਦੀ ਅਨਮੋਲ ਵਿਰਾਸਤ ਹਨ। ਪਰ ਬਦਕਿਸਮਤੀ ਵਿਕਾਸ ਦੇ ਨਾਂਅ ’ਤੇ ਇਨ੍ਹਾਂ ਕੁਦਰਤੀ ਖੇਤਰਾਂ ’ਤੇ ਦਬਾਅ ਲਗਾਤਾਰ ਵਧ ਰਿਹਾ ਹੈ। ਤੇਜ਼ੀ ਨਾਲ ਫੈਲਦੇ ਸ਼ਹਿਰ, ਸੜਕਾਂ ਅਤੇ ਇਮਾਰਤਾਂ ਦਾ ਵਿਸਥਾਰ, ਗੈਰ ਕਾਨੂੰਨੀ ਮਾਇਨਿੰਗ ਅਤੇ ਜੰਗਲਾਂ ਦੀ ਕਟਾਈ ਨੇ ਜੈਵਿਕ ਵਿਭਿੰਨਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਰਾਜਸਥਾਨ ਦਾ ਗੋਡਾਵਣ ਇਸ ਦੀ ਵੱਡੀ ਉਦਾਹਰਨ ਹੈ।

ਇੱਕ ਵਾਰ ਰੇਗਿਸਤਾਨੀ ਖੇਤਰ ਦੀ ਪਛਾਣ ਮੰਨਿਆ ਜਾਣ ਵਾਲਾ ਇਹ ਪੰਛੀ ਅੱਜ ਅਲੋਪ ਹੋਣ ਦੇ ਕਗਾਰ ’ਤੇ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ ਗੰਗਾ ਡਾਲਫਿਨ, ਹਿਮ ਤਿੰਦੂਆ ਅਤੇ ਕਈ ਹੋਰ ਦੁਰਲੱਭ ਪ੍ਰਜਾਤੀਆਂ ਵੀ ਆਪਣੀ ਹੋਂਦ ਬਚਾਉਣ ਦੇ ਸੰਘਰਸ਼ ਵਿੱਚ ਹਨ। ਜੇਕਰ ਸਮਾਂ ਰਹਿੰਦੇ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਵਿੱਚ ਬਹੁਤੀਆਂ ਪ੍ਰਜਾਤੀਆਂ ਹਮੇਸ਼ਾ ਲਈ ਪ੍ਰਿਥਵੀ ਤੋਂ ਖਤਮ ਹੋ ਸਕਦੀਆਂ ਹਨ। ਪੌਣ-ਪਾਣੀ ਬਦਲਾਅ ਨੇ ਇਸ ਸੰਕਟ ਨੂੰ ਹੋਰ ਡੂੰਘਾ ਬਣਾ ਦਿੱਤਾ ਹੈ। ਤਾਪਮਾਨ ਵਧਣ ਨਾਲ ਜੀਵਾਂ ਦੀ ਕੁਦਰਤੀ ਰਿਹਾਇਸ਼ ਪ੍ਰਭਾਵਿਤ ਹੋ ਰਹੇ ਹਨ। ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਜੀਵ ਉੱਚੀਆਂ ਥਾਵਾਂ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ, ਜਦਕਿ ਸਮੁੰਦਰੀ ਜੀਵ ਪ੍ਰਦੂਸ਼ਣ ਅਤੇ ਸਮੁੰਦਰ ਦੇ ਵਧਦੇ ਤਾਪਮਾਨ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸ ਦਾ ਅਸਰ ਸਿਰਫ਼ ਵਣਜੀਵ ਤੱਕ ਸੀਮਤ ਨਹੀਂ ਰਹਿੰਦਾ।

ਖੇਤੀ, ਜਲ ਸਰੋਤ ਅਤੇ ਖੁਰਾਕ ਸੁਰੱਖਿਆ ਵੀ ਇਸ ਤੋਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦੀ ਹੈ। ਖੁਰਾਕ ਤੇ ਖੇਤੀਬਾੜੀ ਸੰਸਥਾ ਅਨੁਸਾਰ ਦੁਨੀਆਂ ਦੀਆਂ ਜ਼ਿਆਦਾਤਰ ਖੁਰਾਕੀ ਫਸਲਾਂ ਪਰਾਗਣ ਕਰਨ ਵਾਲੇ ਜੀਵਾਂ ’ਤੇ ਨਿਰਭਰ ਹਨ। ਮਧੂ ਮੱਖੀਆਂ ਅਤੇ ਹੋਰ ਪਰਾਗਣਕਾਰੀ ਜੀਵਾਂ ਦੀ ਗਿਣਤੀ ਘਟਣ ਦਾ ਮਤਲਬ ਹੈ ਖੇਤੀ ਉਤਪਾਦਨ ਵਿੱਚ ਕਮੀ ਅਤੇ ਭਵਿੱਖ ਵਿੱਚ ਖੁਰਾਕੀ ਸੰਕਟ ਦਾ ਖਤਰਾ।  ਅੱਜ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਵਿਕਾਸ ਅਤੇ ਵਾਤਾਵਰਨ ਵਿਚਾਲੇ ਸੰਤੁਲਨ ਦੀ ਚਰਚਾ ਤਾਂ ਲਗਾਤਾਰ ਹੁੰਦੀ ਹੈ, ਪਰ ਵਿਵਹਾਰ ਵਿੱਚ ਆਰਥਿਕ ਲਾਭ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਜੰਗਲਾਂ ਨੂੰ ਲੱਕੜ ਅਤੇ ਧਰਤੀ ਦਾ ਸਰੋਤ, ਨਦੀਆਂ ਨੂੰ ਜਲ ਭੰਡਾਰ ਅਤੇ ਪਹਾੜਾਂ ਨੂੰ ਖਣਿਜ ਸੰਪਦਾ ਮੰਨਣ ਵਾਲੀ ਸੋਚ ਨੇ ਕੁਦਰਤ ਨੂੰ ਡੂੰਘੀ ਚੋਟ ਪਹੁੰਚਾਈ ਹੈ। ਮਨੁੱਖ ਇਹ ਭੁੱਲਦਾ ਜਾ ਰਿਹਾ ਹੈ ਕਿ ਕੁਦਰਤ ਦੀ ਹੋਂਦ ਕਮਜ਼ੋਰ ਹੋਇਆ।

ਤਾਂ ਉਸ ਦਾ ਪ੍ਰਭਾਵ ਸਭ ਤੋਂ ਪਹਿਲਾਂ ਮਨੁੱਖੀ ਜੀਵਨ ’ਤੇ ਹੀ ਪਵੇਗਾ। ਪ੍ਰਦੂਸ਼ਿਤ ਨਦੀਆਂ, ਘੱਟਦੇ ਜੰਗਲ ਅਤੇ ਵਿਗੜਦਾ ਮੌਸਮ ਅੰਤ ਵਿੱਚ ਸਮਾਜ ਅਤੇ ਅਰਥਵਿਵਸਥਾ ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ। ਅਸਲ ’ਚ ਵਿਕਾਸ ਉਸੇ ਨੂੰ ਮੰਨਿਆ ਜਾਣਾ ਚਾਹੀਦਾ ਹੈ, ਜਿਸ ਵਿੱਚ ਕੁਦਰਤ ਅਤੇ ਮਨੁੱਖ ਦੋਵਾਂ ਦਾ ਹਿਤ ਸੁਰੱਖਿਅਤ ਰਹੇ। ਚੌੜੀਆਂ ਸੜਕਾਂ, ਉੱਚੀਆਂ ਇਮਾਰਤਾਂ ਅਤੇ ਉਦਯੋਗਿਕ ਵਿਸਥਾਰ ਤਰੱਕੀ ਦੇ ਸੰਕੇਤ ਹੋ ਸਕਦੇ ਹਨ, ਪਰ ਜੇਕਰ ਇਨ੍ਹਾਂ ਕਾਰਨਾਂ ਕਰਕੇ ਵਾਤਾਵਰਨ ਨਾਸ਼ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਤਰੱਕੀ ਟਿਕਾਊ ਨਹੀਂ ਕਿਹਾ ਜਾ ਸਕਦਾ। ਪ੍ਰਿਥਵੀ ਸਿਰਫ਼ ਮੌਜੂਦਾ ਪੀੜ੍ਹੀ ਦੀ ਜਾਇਦਾਦ ਨਹੀਂ ਹੈ। ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਇਸ ’ਤੇ ਬਰਾਬਰ ਹੱਕ ਹੈ।

ਇਸ ਲਈ ਅੱਜ ਇਹ ਲੋੜੀਂਦਾ ਹੋ ਗਿਆ ਹੈ ਕਿ ਵਿਕਾਸ ਦੀਆਂ ਯੋਜਨਾਵਾਂ ਵਿੱਚ ਵਾਤਾਵਰਨ ਸੁਰੱਖਿਆ ਨੂੰ ਕੇਂਦਰ ਵਿੱਚ ਰੱਖਿਆ ਜਾਵੇ। ਜੈਵਿਕ ਵਿਭਿੰਨਤਾ ਦੀ ਰੱਖਿਆ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਸਮਾਜ ਅਤੇ ਹਰ ਵਿਅਕਤੀ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਜਲ, ਜੰਗਲ ਅਤੇ ਧਰਤੀ ਦੇ ਸੰਭਾਲ ਲਈ ਜਾਗਰੂਕਤਾ ਵਧਾਉਣ ਦੀ ਲੋੜ ਹੈ। ਕੁਦਰਤੀ ਸਰੋਤਾਂ ਦੀ ਵਿਵੇਕਪੂਰਣ ਵਰਤੋਂ, ਰੁੱਖ-ਬੂਟਿਆਂ ਦੀ ਸੰਭਾਲ ਅਤੇ ਪ੍ਰਦੂਸ਼ਣ ਘਟਾਉਣ ਵੱਲ ਸਮੂਹਿਕ ਯਤਨ ਹੀ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹਨ।  ਜੇਕਰ ਅੱਜ ਵੀ ਕੁਦਰਤ ਪ੍ਰਤੀ ਜ਼ਿੰਮੇਵਾਰੀ ਨਾ ਸਮਝੀ ਗਈ ਤਾਂ ਆਉਣ ਵਾਲਾ ਸਮਾਂ ਮਨੁੱਖੀ ਸਭਿਆਚਾਰ ਲਈ ਗੰਭੀਰ ਸੰਕਟ ਲੈ ਕੇ ਆ ਸਕਦਾ ਹੈ। ਇਸ ਲਈ ਇਹ ਸਮਾਂ ਚਿਤਾਵਨੀ ਨੂੰ ਸਮਝਣ ਅਤੇ ਕੁਦਰਤ ਨਾਲ ਸੰਤੁਲਿਤ ਰਿਸ਼ਤਾ ਸਥਾਪਤ ਕਰਨ ਦਾ ਹੈ, ਕਿਉਂਕਿ ਜੈਵਿਕ ਵਿਭਿੰਨਤਾ ਹੀ ਜੀਵਨ ਦਾ ਅਸਲ ਆਧਾਰ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਦੇਵੇਂਦਰਰਾਜ ਸੁਥਾਰ

About The Author

Related Posts