ਪਟਿਆਲਾ ‘ਚ਼ ਧਰਨੇ ਨੇ ਹਿੰਸਕ ਰੂਪ ਧਾਰਿਆ, ਪੁਲਿਸ ਵੱਲੋਂ ਲਾਠੀਚਾਰਜ

Patiala, Police, Lathi Charge, Dharna, Murder Case

ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਨੇ ਲਾਇਆ ਸੀ ਧਰਨਾ

ਖੁਸ਼ਵੀਰ ਸਿੰਘ ਤੂਰ,ਪਟਿਆਲਾ: ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਇਆ ਗਿਆ ਧਰਨਾ ਹਿੰਸਕ ਰੂਪ ਧਾਰ ਗਿਆ। ਧਰਨਾਕਾਰੀਆਂ ਵੱਲੋਂ ਦੁਕਾਨਾਂ, ਰੇਹੜੀਆਂ, ਬੱਸਾਂ, ਮੋਟਰਸਾਇਕਲ ਆਦਿ ਵਾਹਨਾਂ ਦੀ ਭਾਰੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਧੀਰੂ ਕੀ ਮਾਜ਼ਰੀ ਦੇ ਨੌਜਵਾਨ ਪਾਰਸ ਦਾ ਕੁਝ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦਕਿ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ। ਇਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਪਾਰਸ ਦੀ ਮੌਤ ਹੋ ਜਾਣ ਤੋਂ ਬਾਅਦ ਉੱਥੇ ਮੌਜ਼ੂਦ ਨੌਜਵਾਨਾਂ ਨੇ ਐਮਰਜੰਸੀ ਵਾਰਡ ਦੀ ਭੰਨਤੋੜ ਕੀਤੀ। ਕਤਲ ਕੀਤੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਉੱਪਰ ਕਥਿਤ ਦੋਸ਼ ਲਾਏ ਗਏ ਕਿ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਜਿਸਦੇ ਰੋਸ਼ ਵਜੋਂ ਅੱਜ ਉਨ੍ਹਾਂ ਸਵੇਰੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅੱਗੇ ਮੁੱਖ ਮਾਰਗ ‘ਤੇ ਧਰਨਾ ਠੋਕ ਕੇ ਆਵਾਜਾਈ ਠੱਪ ਕਰ ਦਿੱਤੀ।

ਇਸ ਮੌਕੇ ਭਾਰੀ ਗਿਣਤੀ ‘ਚ ਪਹੁੰਚੀ ਪੁਲਿਸ ਵੱਲੋਂ ਉਨ੍ਹਾਂ ਨੂੰ ਭਰੋਸਾ ਦੇ ਕੇ ਧਰਨਾ ਚੁਕਾਉਣ ਦਾ ਯਤਨ ਕੀਤਾ ਗਿਆ , ਪਰ ਉਨ੍ਹਾਂ ਵੱਲੋਂ ਗ੍ਰਿਫਤਾਰੀ ਤੱਕ ਧਰਨਾ ਨਾ ਚੁੱਕਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਨੇ ਇੱਕ ਘੰਟੇ ਦਾ ਅਲਟੀਮੇਟਮ ਦਿੰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ। ਜਦੋਂ ਇੱਕ ਘੰਟੇ ਤੋਂ ਬਾਅਦ ਕੋਈ ਕਾਰਵਾਈ ਨਾ ਹੋਈ ਤਾਂ ਉਕਤ ਪ੍ਰਦਰਸ਼ਨਕਾਰੀਆਂ ਨੇ ਫੁਹਾਰਾ ਚੌਕ ਦੀ ਤਰਫ਼ ਚਾਲੇ ਪਾ ਦਿੱਤੇ ਅਤੇ ਇੱਥੇ ਪੁੱਜ ਕੇ ਅੱਗੇ ਤੋਂ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਅਤੇ ਇੱਕ ਪ੍ਰਾਈਵੇਟ ਭੰਨਤੋੜ ਕਰਕੇ ਸ਼ੀਸੇ ਆਦਿ ਤੋੜ ਦਿੱਤੇ। ਇਸ ਤੋਂ ਇਲਾਵਾ ਫੁਹਾਰਾ ਚੌਕ ‘ਤੇ ਸਥਿਤ ਗੋਪਾਲ ਸਵੀਟਸ, ਰਣਜੀਤ ਹੋਟਲ, ਪਰਾਂਠਾ ਹਾਊਸ ਸਮੇਤ ਦੁਕਾਨਾਂ ਅੱਗੇ ਖੜ੍ਹੇ ਮੋਟਰਸਾਇਕਲਾਂ, ਸਕੂਟਰੀਆਂ ਤੇ ਰੇਹੜੀਆਂ ਆਦਿ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਧਰਨਾਕਾਰੀਆਂ ਨੂੰ ਰੋਕਣ ਲਈ ਲਾਠੀਚਾਰਜ ਕਰ ਦਿੱਤਾ ਅਤੇ ਭੰਨਤੋੜ ਕਰ ਰਹੇ ਵਿਅਕਤੀਆਂ ਨੂੰ ਭਜਾ-ਭਜਾ ਕੇ ਕੁੱਟਿਆ।