ਪਰਕਾਸ਼ ਸਿੰਘ ਬਾਦਲ ਦੀ ਤਬੀਅਤ ਖ਼ਰਾਬ, ਨਹੀਂ ਹੋਣਗੇ ਜਾਂਚ ਟੀਮ ਅੱਗੇ ਪੇਸ਼

ਸਿਹਤ ਠੀਕ ਹੋਣ ’ਤੇ ਘਰੋਂ ਹੀ ਜਾਂਚ ’ਚ ਸ਼ਾਮਲ ਹੋਣ ਦਾ ਦਿੱਤਾ ਭਰੋਸਾ

  •  16 ਜੂਨ ਲਈ ਮੁਹਾਲੀ ਵਿਖੇ ਪੇਸ਼ ਹੋਣ ਲਈ ਜਾਰੀ ਹੋਏ ਸਨ ਸੰਮਨ

ਅਸ਼ਵਨੀ ਚਾਵਲਾ, ਚੰਡੀਗੜ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਦੀ ਪੁਲਿਸ ਸਪੈਸ਼ਲ ਜਾਂਚ ਟੀਮ ਅੱਗੇ ਪਰਕਾਸ਼ ਸਿੰਘ ਬਾਦਲ 16 ਜੂਨ ਨੂੰ ਪੇਸ਼ ਨਹੀਂ ਹੋਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਤਬੀਅਤ ਅਚਾਨਕ ਹੀ ਵਿਗੜ ਗਈ ਹੈ। ਉਨ੍ਹਾਂ ਵੱਲੋਂ ਜਾਂਚ ਟੀਮ ਦੇ ਮੁੱਖੀ ਨੂੰ ਲਿਖਤ ਰੂਪ ਵਿੱਚ ਭੇਜ ਦਿੱਤਾ ਗਿਆ ਹੈ ਕਿ ਉਹ ਪੇਸ਼ ਹੋਣ ਲਈ ਨਹੀਂ ਆਉਣਗੇ। ਪਰਕਾਸ਼ ਸਿੰਘ ਬਾਦਲ ਨੇ ਇਹ ਵੀ ਲਿਖਿਆ ਕਿ ਜਲਦ ਹੀ ਸਿਹਤਮੰਦ ਹੋਣ ਮਗਰੋਂ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਪਰ ਉਹ ਆਪਣੇ ਚੰਡੀਗੜ ਸਥਿਤ ਫਲੈਟ ਤੋਂ ਹੀ ਜਾਂਚ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ 8 ਜੂਨ ਨੂੰ ਹੋਏ ਮੈਡੀਕਲ ਦਾ ਸਰਟੀਫਿਕੇਟ ਵੀ ਜਾਂਚ ਟੀਮ ਨੂੰ ਭੇਜਿਆ ਗਿਆ ਹੈ। ਹੁਣ ਇਸ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਨੇ ਫੈਸਲਾ ਲੈਣਾ ਹੈ ਕਿ ਉਹ ਮੁੜ ਤੋਂ ਸੰਮਨ ਜਾਰੀ ਕਰੇਗੀ ਜਾਂ ਫਿਰ ਪਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਹੋਣ ਤੱਕ ਇੰਤਜ਼ਾਰ ਕਰੇਗੀ।

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀਂ ਸਪੈਸ਼ਲ ਜਾਂਚ ਟੀਮ ਵੱਲੋਂ ਬੀਤੇ ਦਿਨੀਂ ਜਾਂਚ ਲਈ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ 16 ਜੂਨ ਲਈ ਸੰਮਨ ਕੀਤੇ ਗਏ ਸਨ। ਪਰਕਾਸ਼ ਸਿੰਘ ਬਾਦਲ ਵੱਲੋਂ ਸੋਮਵਾਰ ਨੂੰ ਲਿਖੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਹ ਹਮੇਸ਼ਾ ਹੀ ਕਾਨੂੰਨ ਦਾ ਸਤਿਕਾਰ ਕਰਦੇ ਆਏ ਹਨ ਅਤੇ ਉਹ ਹਰ ਤਰ੍ਹਾਂ ਦੀ ਚੱਲ ਰਹੀ ਜਾਂਚ ਵਿੱਚ ਸਹਿਯੋਗ ਕਰਨ ਲਈ ਵੀ ਤਿਆਰ ਹਨ ਪਰ ਇਸ ਸਮੇਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਸਿਹਤ ਠੀਕ ਹੋਣ ’ਤੇ ਜਾਂਚ ਟੀਮ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸਰਕਾਰੀ ਫਲੈਟ ’ਤੇ ਆ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।