ਫਿਰ ਫਰਜ਼ੀ ਬਿਲ ਮਾਮਲਾ ਆਇਆ ਸਾਹਮਣੇ
ਝੋਨੇ ਦੀ ਖਰੀਦ ‘ਚ ਫਰਜ਼ੀ ਬਿਲਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਾਰਤ ਭੂਸ਼ਨ ਆਸ਼ੂ
ਖਰੀਦ ਵਿੱਚ ਬੇਨਿਯਮੀਆਂ ਦੇ ਦੋਸ਼ ‘ਚ ਪੱਟੀ ਮੰਡੀ ਵਿੱਚ ਦੋ ਖਰੀਦ ਇੰਸਪੈਕਟਰ ਮੁਅੱਤਲ
ਰਾਜਨ ਮਾਨ, ਅੰਮ੍ਰਿਤਸਰ
ਪੰਜਾਬ ਵਿੱਚ ਝੋਨੇ ਦੀ ਘਪਲੇਬਾਜ਼ੀ ਅੱਜੇ ਵੀ ਜਾਰੀ ਹੈ ਅਤੇ ਇੱਕ ਤੋਂ ਬਾਅਦ ਇੱਕ ਝੋਨੇ ਦੀ ਫਰਜੀ ਬਿਲਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਹੁਣ ਤਾਜਾ ਮਾਮਲੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਦੀ ਅਨਾਜ ਮੰਡੀ ‘ਚ ਝੋਨੇ ਦੀ ਬੋਗਸ ਮਿਲਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਕਈ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਇਸ ਮੰਡੀ ‘ਚ ਖਰੀਦ ਲਈ ਜ਼ਿੰਮੇਵਾਰ ਮਾਰਕਫੈਡ ਤੇ ਪਨਗਰੇਨ ਦੇ ਖਰੀਦ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ
ਇਸ ਤੋਂ ਇਲਾਵਾ ਪੱਟੀ ਮੰਡੀ ‘ਚ ਮਾਰਕਫੈਡ ਤੇ ਪਨਗਰੇਨ ਨੂੰ ਖਰੀਦ ਤੋਂ ਰੋਕ ਦਿੱਤਾ ਗਿਆ ਹੈ ਤੇ ਹੁਣ ਇਸ ਮੰਡੀ ‘ਚ ਪੰਜਾਬ ਐਗਰੋ ਤੇ ਪਨਸਪ ਵੱਲੋਂ ਹੀ ਖਰੀਦ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਇਸ ਮੰਡੀ ‘ਚ ਖਰੀਦ ‘ਚ ਬੇਨਿਯਮੀਆਂ ਸਬੰਧੀ ਸ਼ਿਕਾਇਤਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲੀਆਂ ਸਨ, ਜਿਨ੍ਹਾਂ ਨੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਜਾਂਚ ਲਈ ਕਿਹਾ ਸੀ ਡਾਇਰੈਕਟਰ ਨੇ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਟੀਮ ਗਠਿਤ ਕਰਕੇ ਮੌਕੇ ‘ਤੇ ਭੇਜੀ
ਇਸ ਟੀਮ ਨੇ ਖਰੀਦ ‘ਚ ਕਈ ਊਣਤਾਈਆਂ ਪਾਈਆਂ, ਜਿਵੇਂ ਕਿ ਪਨਗਰੇਨ ਦੇ ਨਿਰੀਖਕ ਨੇ ਤੈਅ ਖਰੀਦ ਹੱਦ 25 ਫੀਸਦੀ ਨਾਲੋਂ ਵੱਧ 44 ਫੀਸਦੀ ਖਰੀਦ ਕੀਤੀ, ਪੱਟੀ ਮੰਡੀ ਵਿੱਚ ਵੱਖ ਵੱਖ ਏਜੰਸੀਆਂ ਵਿਚਾਲੇ ਫੜਾਂ ਦੀ ਵੰਡ ਵੀ ਨਹੀਂ ਕੀਤੀ ਗਈ ਸੀ ਤੇ ਇੱਥੇ ਖਰੀਦ ਰਜਿਸਟਰ ਵੀ ਨਹੀਂ ਲਾਇਆ ਗਿਆ ਸੀ ਮੰਡੀ ਵਿੱਚ ਇਸ ਨਿਰੀਖਕ ਨੇ 22 ਅਕਤੂਬਰ ਤੋਂ 31 ਅਕਤੂਬਰ 2018 ਵਿਚਾਲੇ ਕੋਈ ਖ਼ਰੀਦ ਨਹੀਂ ਕੀਤੀ, ਜਦੋਂ ਕਿ ਨਿਰੀਖਕ ਨੇ ਬਿਨਾਂ ਖਰੀਦ ਲਿਖੇ 28,653 ਬੋਰੀਆਂ ਝੋਨਾ ਚੁਕਵਾ ਦਿੱਤਾ, ਜਿਸ ਦੀ ਖ਼ਰੀਦ ਬਾਅਦ ‘ਚ ਪਹਿਲੀ ਤੇ ਦੋ ਨਵੰਬਰ ਨੂੰ ਇਕੱਠੀ ਪਾਈ ਗਈ
ਦੱਸਣਯੋਗ ਹੈ ਕਿ ਵਿਭਾਗ ਨੇ ਖਰੀਦ ਊਣਤਾਈਆਂ ਰੋਕਣ ਲਈ ਸਤੰਬਰ ਤੋਂ ਹੀ ਜਾਂਚ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸਤੰਬਰ ਦੇ ਅਖੀਰਲੇ ਹਫ਼ਤੇ ਫਿਰੋਜ਼ਪੁਰ ਦੇ ਵੱਖ-ਵੱਖ ਸ਼ੈਲਰਾਂ ਤੋਂ ਦੋ ਲੱਖ ਬੋਰੀਆਂ ਝੋਨੇ ਦੀਆਂ ਫੜ੍ਹੀਆਂ ਗਈਆਂ ਇਸੇ ਦੌਰਾਨ ਜਲੰਧਰ ਤੇ ਮੋਗਾ ਜ਼ਿਲ੍ਹਿਆਂ ‘ਚ 25 ਹਜ਼ਾਰ ਬੋਰੀਆਂ ਚੌਲਾਂ ਦੀਆਂ ਫੜੀਆਂ ਗਈਆਂ, ਅਕਤੂਬਰ ਵਿੱਚ ਸੰਗਰੂਰ ਵਿੱਚ 15 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ, ਸ਼ੰਭੂ ਤੋਂ ਟਰੱਕਾਂ ਵਿੱਚ 14 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ, ਜੋ ਦੂਜੇ ਰਾਜਾਂ ਤੋਂ ਸਸਤੇ ਭਾਅ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਂਦਾ ਸੀ ਖੰਨਾ ਵਿੱਚ ਵੀ 5 ਹਜ਼ਾਰ ਬੋਰੀ ਝੋਨਾ ਫੜਿਆ ਗਿਆ, ਜੋ ਬਿਹਾਰ ਤੋਂ ਖਰੀਦਿਆ ਗਿਆ ਸੀ
ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਫਰਜ਼ੀ ਬਿਲਿੰਗ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੱਟੀ ਮੰਡੀ ‘ਚ ਹੁਣ ਸਿਰਫ਼ 2000 ਮੀਟਰਕ ਟਨ ਝੋਨਾ ਹੋਰ ਆਉਣ ਦਾ ਅਨੁਮਾਨ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














