ਕੇਜਰੀਵਾਲ ਨੂੰ ਸਿਲਾਖਾਂ ਪਿੱਛੇ ਡੱਕ ਕੇ ਸਾਡੀ ਆਵਾਜ਼ ਦਬਾਈ ਨਹੀਂ ਜਾ ਸਕਦੀ: ਧਾਲੀਵਾਲ

Dhaliwal

ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿਲਾਖਾਂ ਪਿੱਛੇ ਡੱਕ ਕੇ ਸਾਡੀ ਹੱਕ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਉਹਨਾਂ ਕਿਹਾ ਭਾਜਪਾ ਕੋਲ ਨਾ ਤਾਂ ਵਿਜਨ ਹੈ ਅਤੇ ਨਾ ਹੀ ਵਿਕਾਸ ਲਈ ਰੋਡ ਮੈਪ ਹੈ ਉਹਨਾਂ ਦਾ ਇੱਕੋ ਇੱਕ ਏਜੰਡਾ ਕਾਰਪੋਰੇਟ ਘਰਾਣਿਆਂ ਰਾਹੀਂ ਲੋਕਾਂ ਦੀ ਲੁੱਟ ਕਰਵਾਉਣਾ ਹੈ। (Dhaliwal)

ਧਾਲੀਵਾਲ ਅੱਜ ਪਿੰਡ ਮੱਖੀਵਿੰਡ ਵਿਖੇ ਸੱਚਖੰਡਵਾਸੀ ਮਹਾਂਪੁਰਖ ਬਾਬਾ ਅਜੈਬ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ। ਇਸ ਉਪਰੰਤ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਕੋ ਇੱਕ ਮਨੋਰਥ ਹੈ ਦੇਸ਼ ਨੂੰ ਬਰਬਾਦ ਕਰਨਾ। ਉਹਨਾਂ ਕਿਹਾ ਕਿ ਭਾਜਪਾ ਪਿਛਲੇ ਦਸ ਸਾਲਾਂ ਤੋਂ ਸੱਤਾ ਤੇ ਕਾਬਜ਼ ਹੈ ਅਤੇ ਇਸਨੇ ਦੇਸ਼ ਦਾ ਵਿਕਾਸ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕੀਤਾ ਹੈ।]

ਭਾਜਪਾ ਦਾ ਪੰਜਾਬ ਵਿੱਚ ਮਾੜਾ ਹਾਲ

ਉਹਨਾਂ ਕਿਹਾ ਕਿ ਭਾਜਪਾ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਡਰਾਵੇ ਦੇ ਰਹੀ ਹੈ। ਦੇਸ਼ ਦੇ ਲੋਕ ਭਾਜਪਾ ਦੇ ਦੇਸ਼ ਵਿਰੋਧੀ ਚਿਹਰੇ ਨੂੰ ਵੇਖ ਚੁੱਕੇ ਹਨ। ਉਹਨਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੈ ਕਿ ਇਸਨੂੰ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭ ਰਹੇ ਅਤੇ ਜਿਹੜੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਉਹਨਾਂ ਵਿਚੋਂ ਪੰਜ ਦੂਸਰੀਆਂ ਪਾਰਟੀਆਂ ਵਿਚੋਂ ਆਏ ਜਾਂ ਬਾਹਰੋਂ ਲਿਆਂਦੇ ਗਏ ਹਨ। (Dhaliwal)

ਧਾਲੀਵਾਲ ਨੇ ਕਿਹਾ ਕਿ ਭਾਜਪਾ ਨੂੰ ਪਿੰਡਾਂ ਵਿਚ ਇਹਨਾਂ ਦਾ ਝੋਲਾ ਫੜਨ ਵਾਲਾ ਨਹੀਂ ਲੱਭਣਾ। ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਖਾਸ ਕਰਕੇ ਇਸ ਗੁਰੂ ਨਗਰੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਉਹ ਇਸ ਪਵਿੱਤਰ ਸ਼ਹਿਰ ਲਈ ਪਾਰਲੀਮੈਂਟ ਵਿੱਚ ਜਾਕੇ ਹੱਕਾਂ ਦੀ ਲੜਾਈ ਲੜਨਗੇ।

Also Read : ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 25.25 ਲੱਖ ਰੁਪਏ ਦੀ ਧੋਖਾਧੜੀ

ਉਨ੍ਹਾਂ ਨੇ ਕਿਹਾ ਕੇ ਅੰਮ੍ਰਿਤਸਰ ਸਿਫ਼ਤੀਂ ਦਾ ਘਰ ਹੈ। ਉਹ ਅੰਮ੍ਰਿਤਸਰ ਦੇ ਵਿਕਾਸ, ਖੇਤੀ ਨੂੰ ਲਾਭਦਾਇਕ ਬਣਾਉਣ, ਇੱਥੋਂ ਦੀ ਇੰਡਸਟਰੀ, ਵਪਾਰਕ ਉੱਨਤੀ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਨੂੰ ਜ਼ਿੰਦਗੀ ‘ਚ ਸਫਲ ਬਣਾਉਣ ਲਈ ਯਤਨਸ਼ੀਲ ਰਹਿਣਗੇ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉੱਤਰਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸ਼ਹਿਰ ਲਈ ਕੇਂਦਰ ਤੋਂ ਸਪੈਸ਼ਲ ਪੈਕੇਜ ਦੀ ਮੰਗ ਕਰਾਂਗਾ ਅਤੇ ਅੰਮ੍ਰਿਤਸਰ ਵਿਚ ਅਜਿਹੀ ਵਿਵਸਥਾ ਤਿਆਰ ਕਰਾਂਗੇ ਕਿ ਕੋਈ ਵੀ ਬੇਰੁਜ਼ਗਾਰ ਨਾ ਰਹੇ। ਇਸ ਮੌਕੇ ਉਹਨਾਂ ਨਾਲ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ, ਹਲਕਾ ਇੰਚਾਰਜ ਮਜੀਠਾ ਜਗਵਿੰਦਰਪਾਲ ਸਿੰਘ ਜੱਗਾ ਅਤੇ ਰਾਜਾਸਾਂਸੀ ਤੋਂ ਸੀਨੀਅਰ ਆਗੂ ਗੁਰਸ਼ਰਨ ਸਿੰਘ ਛੀਨਾ ਸਨ।