ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼

Organic Wheat

Organic Wheat

ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਨੂੰ ਮੁੱਖ ਫਸਲ ਵਜੋਂ ਮੰਨਿਆ ਜਾਂਦਾ ਹੈ ਕਿਉਕਿ ਇਹ ਫਸਲ ਕਿਸਾਨਾਂ ਦੇ ਪਸ਼ੂਆਂ ਤੋਂ ਲੈ ਕੇ ਘਰੇਲੂ ਖਾਣ ਦੇ ਕੰਮ ਆਉਦੀ ਹੈ ਹੁਣ ਕਣਕ ਦੀ ਫਸਲ ਦੀਆਂ ਕਈ ਕਿਸਮਾਂ ਹਰਿਆਣਾ, ਰਾਜਸਥਾਨ, ਯੂ.ਪੀ. ਮਹਾਂਰਾਸ਼ਟਰ ਆਦਿ ਵਰਗੇ ਕਈ ਹੋਰ ਰਾਜਾਂ ਵਿੱਚ ਵੀ ਪੈਦਾ ਹੋ ਰਹੀਆਂ ਹਨ। ਕਣਕ ਦੀ ਬਿਜਾਈ ਲਈ ਕਿਸਮਾਂ ਦੀ ਚੋਣ ਤੇ ਘੱਟ ਖਰਚ ਨਾਲ ਫਸਲ ਨੂੰ ਪਕਾਉਣ ਜਾਂ ਨਦੀਨਾਂ ਦੀ ਰੋਕਥਾਮ ਬਿਨਾਂ ਜ਼ਹਿਰਾਂ ਤੋਂ ਕਰਨ ਅਤੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਰਗੈਨਿਕ ਕਣਕ (Organic Wheat) ਦੀ ਕਾਸ਼ਤ ਕਰਨ ਵਰਗੇ ਕਈ ਮਸਲੇ ਕਾਸ਼ਤਕਾਰ ਕਿਸਾਨਾਂ ਅਤੇ ਲੋਕਾਂ ਦੇ ਸਾਹਮਣੇ ਖੜੇ੍ਹ ਹਨ। ਸੋ ਇਸ ਲੇਖ ਵਿੱਚ ਅਜਿਹੀਆਂ ਹੀ ਸਮੱਸਿਆਵਾਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ।

ਕਣਕ ਦੀ ਬਿਜਾਈ: | Organic Wheat

ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਕਣਕ ਦੀ ਬਿਜਾਈ ਤਕਰੀਬਨ ਪੂਰਾ ਨਵੰਬਰ ਮਹੀਨਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੋਣ ਵਾਲੀ ਕਣਕ ਦੀ ਬਿਜਾਈ ਨੂੰ ਪਛੇਤੀ ਹੀ ਮੰਨਿਆ ਜਾਂਦਾ ਹੈ। ਹੁਣ ਤੋਂ 4 ਦਹਾਕੇ ਪਿੱਛੇ ਵਾਲੀ ਕਣਕ ਦੀ ਬਿਜਾਈ ਤੇ ਮੌਜੂਦਾ ਦੌਰ ਵਾਲੀ ਬਿਜਾਈ ਵਿੱਚ ਜਮੀਨ/ਅਸਮਾਨ ਦਾ ਫਰਕ ਹੈ।

ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਦੀ ਪਰਖ:

ਕਣਕ ਦੇ ਬੀਜ ਦਾ ਫੁਟਾਰਾ ਵੇਖਣ ਲਈ ਦੋ-ਤਿੰਨ ਅਸਾਨ ਜਿਹੇ ਤਰੀਕੇ ਲੱਭੇ ਗਏ ਹਨ। ਪਹਿਲਾ ਤਰੀਕਾ ਤਾਂ ਇਹ ਹੈ ਕਿ ਜਿਹੜੀ ਕਣਕ ਦਾ ਬੀਜ ਕਿਸਾਨ ਬੀਜਣਾ ਚਾਹੰੁਦਾ ਹੈ ਉਸ ਕਣਕ ਦੇ 100 ਕੁ ਦਾਣੇ 40 ਕਿੱਲੋ ਵਿੱਚੋਂ (ਛਾਂਟ ਕੇ ਨਹੀਂ) ਅੰਦਾਜੇ ਨਾਲ ਲੈ ਲਵੋ ਤੇ ਉਨ੍ਹਾਂ ਨੂੰ ਮਿਟੀ ਦੇ ਭਾਂਡੇ ਵਿੱਚ ਇੱਕ ਹਫਤਾ ਪਹਿਲਾਂ ਬੀਜੋ ਤੇ ਫਿਰ ਉਨ੍ਹਾਂ ਦੇ ਫੁਟਾਰੇ ਵਾਲੇ ਬੀਜਾਂ ਦੀ ਗਿਣਤੀ ਕਰੋ। ਜੇਕਰ 100 ਵਿੱਚੋਂ 95 ਬੀਜ ਉੱਗ ਆਏ ਹਨ ਤਾਂ ਤੁਹਾਡਾ ਕਣਕ ਦਾ ਬੀਜ ਸਫਲ ਹੈ। ਜੇਕਰ ਉੱਗਣ ਵਾਲੇ ਬੀਜਾਂ ਦੀ ਮਾਤਰਾ 65-70 ਹੈ ਤਾਂ ਤੁਹਾਡੇ ਕਣਕ ਦੇ ਬੀਜ ਦਾ ਫੁਟਾਰਾ ਬਹੁਤਾ ਹੋਣ ਵਾਲਾ ਨਹੀਂ ਹੈ।

ਕਿਤੇ ਨਾ ਕਿਤੇ ਦੁਸਹਿਰਾ ਮਨਾਉਣ ਪਿੱਛੇ ਵੀ ਸਾਡੇ ਬਜੁਰਗਾਂ ਦੀ ਅਜਿਹੀ ਹੀ ਕਾਢ ਕੰਮ ਕਰ ਰਹੀ ਸੀ। ਕਿਉਕਿ ਬਰਾਨੀ ਧਰਤੀ ਹੋਣ ਕਰਕੇ ਜੌਂ ਦੇ ਬੀਜਾਂ ਦਾ ਛੱਟਾ ਹੀ ਦਿੱਤਾ ਜਾਂਦਾ ਸੀ। ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਵੀ ਬੀਜ ਵਿੱਚ ਤਾਕਤ ਹੋਣ ਕਰਕੇ ਟਿੱਬਿਆਂ ’ਚ ਫਸਲ ਹੋ ਜਾਂਦੀ ਸੀ ਪਰ ਪੰਜਾਬ ਵਿੱਚ ਜੌਂਆਂ ਦੀ ਫਸਲ ਦੀ ਕਾਸ਼ਤ ਖਤਮ ਹੋਣ ਤੋਂ ਬਾਅਦ ਵੀ ਅਸੀਂ ਦੁਸਹਿਰੇ ਦੇ ਰੂਪ ਵਿੱਚ ਜੌਂ ਬੀਜਣ ਦਾ ਤਜ਼ਰਬਾ ਕਰ ਰਹੇ ਹਾਂ। ਜਿਵੇਂ ਕਿਸਾਨ ਭਰਾਵਾਂ ਨੂੰ ਉੱਪਰ ਦੱਸਿਆ ਗਿਆ ਹੈ ਕਿ ਜਿੰਨੇ ਏਕੜ ’ਚ ਬੀਜ ਪਾਉਣਾ ਹੋਵੇ। ਉਨੇ ਹੀ ਏਕੜ ਦੇ ਹਿਸਾਬ ਨਾਲ ਭਾਂਡਿਆਂ ਜਾਂ ਕਿਆਰੀਆਂ ’ਚ ਬੀਜ ਦੀ ਪਰਖ ਕਰਨੀ ਪਵੇਗੀ। ਇਸ ਤਰ੍ਹਾਂ ਜੌਂ ਅਤੇ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਸ਼ੁੱਧ ਅਤੇ ਵਧੀਆ ਬੀਜ ਦੀ ਕਿਸਾਨ ਵੀਰ ਸਸਤੇ ਅਤੇ ਸੌਖੇ ਢੰਗ ਨਾਲ ਪਰਖ ਕਰ ਸਕਦੇ ਹਨ।

ਜ਼ਮੀਨ ਦੀ ਮਿੱਟੀ ਪਰਖ:

ਖੇਤ ਵਿੱਚ ਕੋਈ ਵੀ ਫਸਲ ਬੀਜਣੀ ਹੋਵੇ ਤਾਂ ਸਾਲ ਵਿੱਚ ਇੱਕ ਵਾਰੀ ਮਿੱਟੀ ਪਰਖ ਜਰੂਰ ਕਰਵਾਓ ਕਿਉਕਿ ਮਿੱਟੀ ਪਰਖ ਕਰਵਾਉਣ ਨਾਲ ਬੇਲੋੜੀਆਂ ਖਾਦਾਂ ਤੇ ਹੋਰ ਤੱਤਾਂ ਨੂੰ ਜਮੀਨ ਵਿੱਚ ਪਾਉਣ ਤੋਂ ਬਚਾਅ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਪੈਸੇ ਦੀ ਬੱਚਤ ਹੰੁਦੀ ਹੈ ਦੂਸਰੀ ਜਮੀਨ ਦੀ ਸਿਹਤ ਵੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਖਾਦਾਂ ਦੀ ਗੱਲ ਆਉਦੀ ਹੈ ਕਈ ਵਾਰ ਝੋਨੇ ਤੋਂ ਬਾਅਦ ਕਣਕ ਜਾਂ ਕਣਕ ਤੋਂ ਬਾਅਦ ਝੋਨੇ ਦੀ ਫਸਲ ’ਚ ਖਾਦਾਂ ਦੀ ਜਰੂਰਤ ਨਹੀਂ ਹੰੁਦੀ।

ਖੇਤ ਦੀ ਮਿੱਟੀ ਪਰਖ ਕਰਵਾਉਣ ਸਮੇਂ ਕਦੇ ਵੀ ਖੇਤ ਦੀਆਂ ਵੱਟਾਂ ਕੋਲੋਂ ਮਿੱਟੀ ਦੇ ਨਮੂਨੇ ਨਾ ਭਰੋ ਕਿਉਕਿ ਵੱਟਾਂ ਕੋਲ ਪਸ਼ੂਆਂ ਦੀ ਚਰਾਂਦ ਹੋਣ ਕਰਕੇ ਖਾਦ ਬਗੈਰਾ ਪਈ ਰਹਿੰਦੀ ਹੈ। ਇਸ ਕਰਕੇ ਮਿੱਟੀ ਦੇ ਨਮੂਨੇ ਘੱਟੋ-ਘੱਟ ਚਾਰ ਥਾਵਾਂ ਤੋਂ ਜ਼ਮੀਨ ਦੀ ਫਸਲ ਜਿੰਨੀ ਡੂੰਘਾਈ ਤੋਂ ਲਏ ਜਾਣ ਤੇ ਚਾਰੇ ਥਾਵਾਂ ਦੀ ਮਿੱਟੀ ਨੂੰ ਆਪਸ ਵਿੱਚ ਮਿਲਾ ਕੇ ਉਸ ਵਿੱਚੋਂ ਥੋੜ੍ਹੀ ਜਿਹੀ ਮਿੱਟੀ ਦਾ ਨਮੂਨਾ ਲੈ ਕੇ ਜਾਓ ਤੇ ਮਿੱਟੀ ਪਰਖ ਦੇ ਮੁਤਾਬਿਕ ਖਾਦਾਂ ਅਤੇ ਹੋਰ ਲੋੜੀਂਦੇ ਤੱਤਾਂ ਦੀ ਵਰਤੋਂ ਕਰੋ।

ਪਾਣੀ ਅਤੇ ਖਾਦ:

ਕਣਕ ਦੀ ਬਿਜਾਈ ਕਰਨ ਸਮੇਂ ਪ੍ਰਤੀ ਏਕੜ 40 ਕਿੱਲੋ ਬੀਜ ਅਤੇ ਇੱਕ ਥੈਲਾ ਡੀ.ਏ.ਪੀ. ਖਾਦ ਪਾਇਆ ਜਾਂਦਾ ਹੈ। ਉਸ ਤੋਂ 26-30 ਦਿਨਾਂ ਬਾਅਦ ਪਹਿਲਾ ਪਾਣੀ ਲਾਇਆ ਜਾਂਦਾ ਹੈ ਤੇ ਇੱਕ ਥੈਲਾ ਯੂਰੀਆ ਖਾਦ ਪਾਈ ਜਾਂਦੀ ਹੈ। ਪਾਣੀ ਲਾਉਣ ਦਾ ਇਹ ਸਮਾਂ ਮੌਸਮ ਅਤੇ ਜਮੀਨ ਮੁਤਾਬਿਕ ਬਦਲਿਆ ਵੀ ਜਾ ਸਕਦਾ ਹੈ। ਪਾਣੀ ਲਾਉਣ ਤੋਂ ਬਾਅਦ ਜਮੀਨ ਵੱਤਰ ਹੋ ਜਾਣ ’ਤੇ ਨਦੀਨ-ਨਾਸ਼ਕ ਤੇ ਇੱਕ ਥੈਲਾ ਯੂਰੀਆ ਖਾਦ ਦਾ ਇੱਕ ਥੈਲਾ ਦੂਸਰੇ ਪਾਣੀ ਨਾਲ ਪਾਇਆ ਜਾਂਦਾ ਹੈ। ਹੁਣ ਨਵੀਆਂ ਖੋਜਾਂ ਹੋਣ ਕਰਕੇ ਸਪਰੇਅ ਵਾਲਾ ਯੂਰੀਆ ਵੀ ਆ ਰਿਹਾ ਹੈ। ਜਿਸ ਦੀ ਫਸਲ ’ਤੇ ਸਪਰੇਅ ਕੀਤੀ ਜਾ ਸਕਦੀ ਹੈ।

ਜੇਕਰ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਵਾਹੀ ਹੋਵੇ ਤਾਂ ਇੱਕ ਹੈਕਟੇਅਰ ਵਿੱਚ ਅੰਦਾਜ਼ਨ 30 ਕਿਲੋ ਨਾਈਟੋ੍ਰਜਨ, 13 ਕਿਲੋ ਫਾਸਫੋਰਸ, 30 ਕਿਲੋ ਪੋਟਾਸ਼, 6 ਕਿਲੋ ਸਲਫਰ, 2400 ਕਿਲੋ ਕਾਰਬਨ ਤਿਆਰ ਹੋ ਜਾਂਦੇ ਹਨ। ਜਮੀਨੀ ਪੱਧਰ ’ਤੇ ਤਜਰਬਾ ਕਰਨ ਵਾਲੇ ਕਿਸਾਨਾਂ ਦਾ ਮੰਨਣਾ ਹੈ ਕਿ ਪਰਾਲੀ ਜਮੀਨ ਵਿੱਚ ਗਾਲਣ ਜਾਂ ਰੱਖਣ ਤੋਂ ਬਾਅਦ ਵੀ ਖਾਦ ਆਮ ਨਾਲੋਂ ਜ਼ਿਆਦਾ ਪਾਉਣੀ ਪੈਂਦੀ ਹੈ ਅਤੇ ਜੀਰੋ ਡਰਿੱਲ ਰਾਹੀਂ ਕਣਕ ਦੀ ਕੀਤੀ ਗਈ ਬਿਜਾਈ ਕਾਰਨ ਜਮੀਨ ਵਿੱਚ ਪਰਾਲੀ ਜਿਆਦਾ ਹੋਣ ਕਰਕੇ ਕਣਕ ਦੇ ਖੇਤ ਵਿੱਚ ਚੂਹੇ ਖੁੱਡਾਂ ਬਣਾ ਲੈਂਦੇ ਹਨ। ਜਿਸ ਕਰਕੇ ਕਣਕ ਦੇ ਬੀਜ ਦਾ ਨੁਕਸਾਨ ਹੰੁਦਾ ਹੈ।

ਨਦੀਨਾਂ ਦੀ ਮਾਰ ਤੇ ਬਚਾਅ:

ਕਣਕ ਦੀ ਫਸਲ ਵਿੱਚ ਨਦੀਨ ਬਹੁਤ ਵੱਡੀ ਗਿਣਤੀ ’ਚ ਹੋ ਜਾਂਦੇ ਹਨ। ਜਿਨ੍ਹਾਂ ਵਿੱਚ ਗੁੱਲੀ ਡੰਡਾ, ਚੌੜੇ ਪੱਤਿਆਂ ਵਾਲਾ ਪਾਲਕ, ਖੰਡਾ, ਬੂਈਂ ਆਦਿ ਵਰਗੇ ਨਦੀਨ ਸ਼ਾਮਲ ਹਨ। ਹੋ ਸਕਦਾ ਹੈ ਕਿ ਕੁਝ ਇਲਾਕਿਆਂ ਵਿੱਚ ਇਨ੍ਹਾਂ ਨਦੀਨਾਂ ਨੂੰ ਕਿਸੇ ਹੋਰ ਨਾਂਅ ਨਾਲ ਜਾਣਿਆ ਜਾਂਦਾ ਹੋਵੇ। ਇਨ੍ਹਾਂ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਦਵਾਈਆਂ ਮਿਲਦੀਆਂ ਹਨ ਤੁਸੀਂ ਫਸਲ ਵਿੱਚ ਉੱਗੇ ਹੋਏ ਨਦੀਨਾਂ ਦੀ ਫੋਟੋ ਆਪਣੇ ਮੋਬਾਇਲ ’ਚ ਸਕੈਨ ਕਰਕੇ ਲੋੜੀਂਦੀ ਦਵਾਈ ਦਾ ਪਤਾ ਕਰ ਸਕਦੇ ਹੋ ਜਾਂ ਫਿਰ ਖੇਤੀ ਦੇ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ।

ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ: | Organic Wheat

ਜੇਕਰ ਕਿਸਾਨ ਵਪਾਰਕ ਤੌਰ ’ਤੇ ਆਰਗੈਨਿਕ ਫਸਲ ਨਹੀਂ ਬੀਜਣੀ ਚਾਹੰੁਦੇ ਤਾਂ ਆਪਣੇ ਪਰਿਵਾਰ ਦੇ ਖਾਣ ਵਾਸਤੇ 1-2 ਏਕੜ ਆਰਗੈਨਿਕ ਕਣਕ ਦੀ ਬਿਜਾਈ ਕਰ ਸਕਦੇ ਹਨ। ਕਣਕ ਦੀ ਬਿਜਾਈ ਤੋਂ ਪਹਿਲਾਂ 4 ਟਰਾਲੀਆਂ ਰੂੜੀ ਪ੍ਰਤੀ ਏਕੜ ਪਾਈ ਜਾ ਸਕਦੀ ਹੈ। ਪਰ ਰੂੜੀ ਦੀ ਖਾਦ 2-3 ਤਿੰਨ ਸਾਲ ਪੁਰਾਣੀ ਹੋਣੀ ਚਾਹੀਦੀ ਹੈ। ਜਾਂ ਫਿਰ ਆਰਗੈਨਿਕ ਜੀਵਾਣੂ ਖਾਦ ਵੀ ਪਾ ਸਕਦੇ ਹੋ। ਗੁੜ ਨੂੰ 10 ਦਿਨਾਂ ਤੱਕ ਪਾਣੀ ’ਚ ਰੱਖਣ ਤੋਂ ਬਾਅਦ ਫਸਲ ’ਤੇ ਉਸ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਿਸਾਨ ਆਰਗੈਨਿਕ ਕਣਕ ਦੀ ਫਸਲ ਵੀ ਪੈਦਾ ਕਰ ਸਕਦੇ ਹਨ।

ਘਰੇਲੂ ਪੱਧਰ ’ਤੇ ਕਣਕ ਦਾ ਬੀਜ ਰੱਖਣਾ:

ਜਦੋਂ ਬਜਾਰ ਵਿੱਚ ਬੀਜ ਕੰਪਨੀਆਂ ਦਾ ਕਬਜ਼ਾ ਨਹੀਂ ਸੀ ਉਸ ਵੇਲੇ ਕਿਸਾਨ ਹਰ ਫਸਲ ਦਾ ਬੀਜ ਆਪ ਰੱਖਦੇ ਸਨ। ਬੀਜ ਕੰਪਨੀਆਂ ਕੋਲੋਂ ਖਰੀਦਿਆ ਗਿਆ ਬੀਜ ਵੀ ਕਿਸਾਨ ਦੇ ਖੇਤ ਵਿੱਚੋਂ ਹੀ ਪੈਦਾ ਹੋ ਕੇ ਆਉਦਾ ਹੈ। ਕਿਸਾਨ ਵੀ ਆਪਣੇ ਖੇਤ ਵਿੱਚੋਂ ਸਭ ਤੋਂ ਵਧੀਆ ਫਸਲ ਵਾਲਾ ਖੇਤ ਚੁਣ ਕੇ ਉਸ ਦਾ ਬੀਜ ਰੱਖ ਸਕਦੇ ਹਨ। ਕਣਕ ਦੀ ਜਾਂ ਹੋਰ ਕਿਸੇ ਵੀ ਫਸਲ ਲਈ ਜ਼ਿਆਦਾ ਜਾਣਕਾਰੀ ਲੈਣ ਲਈ ਖੇਤੀ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ।

ਬਿ੍ਰਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਇਹ ਵੀ ਪੜ੍ਹੋ : ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦਾ ਭੰਡਾਰਾ 23 ਨੂੰ,  ਸਮਾਂ ਸਵੇਰੇ 11 ਵਜੇ