ਆਮ ਲੋਕਾਂ ਸੜਕਾਂ ਤੋਂ ਗਾਇਬ, ਤੇਂਦੂਆ ਘੁੰਮਦਾ ਨਜ਼ਰ ਆਇਆ, ਕੁੱਝ ਘੰਟੇ ਬਾਅਦ ਕਾਬੂ

ਪਿਛਲੇ ਦਿਨੀਂ ਬਾਰਾਂਸਿੰਗਾ ਵੀ ਘੁੰਮਦੇ ਆਏ ਸਨ ਨਜ਼ਰ, ਤੇਂਦੂਆ ਇਨ•ਾਂ ਦਿਨਾਂ ‘ਚ ਦੇਖਿਆ ਗਿਆ ਪਹਿਲੀਵਾਰ

ਚੰਡੀਗੜ (ਅਸ਼ਵਨੀ ਚਾਵਲਾ) ਲਾਕ ਡਾਊਨ ਦੇ ਚਲਦੇ ਪੂਰੇ ਦੇਸ਼ ਵਿੱਚ ਇਨਸਾਨ ਘਰਾਂ ਵਿੱਚ ਬੰਦ ਹੈ ਤਾਂ ਖੂੰਖਾਰ ਜਾਨਵਰ ਜੰਗਲਾ ਵਿੱਚੋਂ ਨਿਕਲ ਕੇ ਸੜਕਾਂ ‘ਤੇ ਆ ਗਏ ਹਨ। ਬੀਤੇ ਦਿਨੀਂ ਤੱਕ ਚੰਡੀਗੜ ਦੀਆਂ ਸੜਕਾਂ ‘ਤੇ ਬਾਰਾਂਸਿੰਗਾ ਦੇਖਣ ਤੋਂ ਬਾਅਦ ਹੁਣ ਸੋਮਵਾਰ ਨੂੰ ਤੇਂਦੂਆ ਚੰਡੀਗੜ ਦੀਆਂ ਸੜਕਾਂ ‘ਤੇ ਘੁੰਮਦਾ ਅਤੇ ਅਰਾਮ ਫਰਮਾਉਂਦਾ ਨਜ਼ਰ ਆਇਆ। ਚੰਡੀਗੜ ਦੇ ਰਿਹਾਇਸ਼ੀ ਇਲਾਕੇ ਵਿੱਚ ਤੇਂਦੂਆ ਦੇਖ ਕੇ ਆਮ ਲੋਕ ਇੰਨੇ ਜਿਆਦਾ ਘਬਰਾ ਗਏ ਕਿ ਆਪਣੀ ਛੱਤ ਤੋਂ ਵੀ ਹੇਠਾਂ ਨਹੀਂ ਦੇਖ ਰਹੇ ਸਨ। ਤੇਂਦੂਏ ਦੀ ਖ਼ਬਰ ਮਿਲਣ ਤੋਂ ਬਾਅਦ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੇ ਤੁਰੰਤ ਤੇਂਦੂਏ ਨੂੰ ਫੜਨ ਲਈ ਅਪਰੇਸ਼ਨ ਚਲਾਇਆ ਅਤੇ ਕੁਝ ਘੰਟੇ ਦੀ ਕੋਸ਼ਸ਼ ਤੋਂ ਬਾਅਦ ਤੇਂਦੂਏ ਨੂੰ ਕਾਬੂ ਕਰਦੇ ਹੋਏ ਆਪਣੇ ਨਾਲ ਲੈ ਗਏ ਹਨ।

ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਚੰਡੀਗੜ ਦੇ ਨੇੜੇ ਲਗਦੇ ਪਹਾੜੀ ਇਲਾਕੇ ਅਤੇ ਜੰਗਲ ਵਿੱਚੋਂ ਇੱਕ ਤੇਂਦੂਆ ਚੰਡੀਗੜ ਦੇ ਸੈਕਟਰ 5 ਵਿੱਚ ਘੁੰਮਦਾ ਨਜ਼ਰ ਆਇਆ। ਤੇਂਦੂਏ ਨੂੰ ਦੇਖਦੇ ਹੀ ਕਿਸੇ ਵਿਅਕਤੀ ਨੇ ਉਸ ਦੀ ਫੋਟੋ ਲੈਂਦੇ ਹੋਏ ਅਧਿਕਾਰੀਆਂ ਅਤੇ ਸੋਸ਼ਲ ਮੀਡੀਆ ‘ਤੇ ਭੇਜ ਦਿੱਤੀ।

ਜਿਸ ਤੋਂ ਤੁਰੰਤ ਬਾਅਦ ਹੀ ਚੰਡੀਗੜ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦੇ ਹੋਏ ਸਭ ਤੋਂ ਪਹਿਲਾਂ ਸੈਕਟਰ 5 ਦੇ ਇਲਾਕੇ ਵਿੱਚ ਅਨਾਉਂਸਮੈਂਟ ਕਰਦੇ ਹੋਏ ਹਰ ਕਿਸੇ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਅਤੇ ਇਸ ਦੌਰਾਨ ਜੰਗਲਾਤ ਵਿਭਾਗ ਦੀ ਟੀਮ ਨੇ ਆ ਕੇ ਤੇਂਦੂਏ ਨੂੰ ਫੜਨ ਲਈ ਆਪਣਾ ਜਾਲ ਵਿਛਾ ਲਿਆ।

ਇਸ ਦੌਰਾਨ ਤੇਂਦੂਆ ਭੱਜਣ ਦੀ ਕੋਸ਼ਸ਼ ਨਾ ਕਰੇ ਜਾਂ ਫਿਰ ਕਿਸੇ ਨੂੰ ਨੁਕਸਾਨ ਨਾ ਪਹੁੰਚਾਏ, ਇਸ ਲਈ ਤੇਂਦੂਏ ਨੂੰ ਬੇਹੋਸ਼ ਕਰਨ ਲਈ ਪਿਸਤੌਲ ਦੀ ਵਰਤੋਂ ਕੀਤੀ ਗਈ ਅਤੇ ਕੁਝ ਫਾਇਰ ਕਰਦੇ ਹੋਏ ਤੇਂਦੂਏ ਨੂੰ ਨਿਸ਼ਾਨਾ ਬਣਾਇਆ ਗਿਆ। ਜਦੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਸਾਫ਼ ਹੋ ਗਿਆ ਕਿ ਬੇਹੋਸ਼ੀ ਦੀ ਗੋਲੀ ਲੱਗਣ ਦੇ ਕਾਰਨ ਤੇਂਦੂਆ ਬੇਹੋਸ਼ ਹੋ ਗਿਆ ਹੈ ਤਾਂ ਉਸ ਨੂੰ ਫੜਦੇ ਹੋਏ ਜੰਗਲੇ ਵਿੱਚ ਪਾ ਕੇ ਆਪਣੇ ਨਾਲ ਲੈ ਗਏ।

ਇਸ ਦੌਰਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਅਤੇ ਕਰਫਿਊ ਵਿੱਚ ਢਿੱਲ ਮਿਲਣ ਦੇ ਬਾਵਜੂਦ ਵੀ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਹੀ ਨਹੀਂ ਆ ਰਹੇ ਸਨ। ਇਥੇ ਹੀ ਦੱਸਣਯੋਗ ਹੈ ਕਿ ਚੰਡੀਗੜ ਵਿਖੇ ਕੁਝ ਦਿਨਾਂ ਪਹਿਲਾਂ ਬਾਰਾਂਸਿੰਗਾ ਸਣੇ ਕੁਝ ਹੋਰ ਜੰਗਲੀ ਜਾਨਵਰ ਵੀ ਦੇਖੇ ਗਏ ਸਨ ਪਰ ਇਨਾ ਨਾਲ ਕੋਈ ਵੀ ਖਤਰਾ ਨਹੀਂ ਸੀ ਅਤੇ ਇਹ ਪਹਿਲਾਂ ਵੀ ਕਈ ਵਾਰ ਸ਼ਾਂਤ ਮਾਹੌਲ ਵਿੱਚ ਚੰਡੀਗੜ ਨੇੜੇ ਲਗਦੇ ਪਹਾੜੀ ਇਲਾਕੇ ਵਿੱਚੋਂ ਆਉਂਦੇ ਹੋਏ ਵਾਪਸ ਵੀ ਚਲੇ ਜਾਂਦੇ ਰਹੇ ਹਨ ਪਰ ਬੀਤੇ ਦਿਨਾਂ ਵਿੱਚ ਤੇਂਦੂਏ ਦੀ ਪਹਿਲੀ ਘਟਨਾ ਸਾਹਮਣੇ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।