ਵਿਰੋਧੀ ਧਿਰ ਦੇ ਨੇਤਾ ਖਹਿਰਾ ਦਾ ਨਾਭਾ ‘ਚ ਹੋਇਆ ਵਿਰੋਧ

Opposition, Khaira, Opposition, Nabha

ਨਾਭਾ, (ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਰਿਆਸਤੀ ਸ਼ਹਿਰ ਨਾਭਾ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਪਿੰਡ ਮੈਹਸ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਨਾਭਾ ਹਲਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਸਬੰਧ ਰੱਖਦਾ ਹੈ ਤੇ ਅੱਜ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨਾਭਾ ਦੇ ਪਿੰਡ ਮੈਹਸ ਵਿਖੇ ਪਿੰਡ ਵਾਸੀਆਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਪਹੁੰਚੇ ਤਾਂ ਕਾਂਗਰਸੀਆਂ ਨੇ ਇਸ ਮੌਕੇ ਇਕੱਤਰ ਹੋ ਕੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆ। (Sukhpal Singh Khaira)

ਇਸ ਤੋਂ ਬਾਦ ਪਿੰਡ ਵਿੱਚ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਜਿਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਨਸ਼ੇ ਦੇ ਖਾਤਮੇ ਲਈ ਕਿੰਨੀ ਕੁ ਗੰਭੀਰ ਹੈ। ਇੱਕ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕਹਿ ਰਹੇ ਹਨ ਕਿ ਨਸ਼ੇ ਨਾ ਮਿਲਣ ਕਾਰਨ ਹੀ ਨੌਜਵਾਨ ਮਰ ਰਹੇ ਹਨ। (Sukhpal Singh Khaira)

ਜਦਕਿ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਪਹਾੜਾਂ ‘ਚ ਘੁੰਮ ਰਿਹਾ ਹੈ ਖਹਿਰਾ ਨੇ ਕਿਹਾ ਕਿ ਜਾਖੜ ਨੂੰ ਬਿਆਨ ਜਾਰੀ ਕਰਨ ਤੋਂ ਪਹਿਲਾਂ ਸਹੀ ਜਾਣਕਾਰੀ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਡੇ ਮਗਰਮੱਛਾਂ ਨੂੰ ਫੜ੍ਹੇ ਤਾਂ ਨਸ਼ੇ ‘ਤੇ ਠੱਲ੍ਹ ਪਵੇਗੀ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਵੱਲੋਂ ਦਿਖਾਈਆਂ ਕਾਲੀਆਂ ਝੰਡੀਆਂ ਬਾਰੇ ਕਿਹਾ ਕਿ ਇਹ ਸਭ ਕੈਬਨਿਟ ਮੰਤਰੀ ਧਰਮਸੋਤ ਦੇ ਬੰਦੇ ਹਨ ਅਤੇ ਉਹ ਇਨ੍ਹਾਂ ਤੋਂ ਨਹੀਂ ਡਰਦੇ ਹਨ। ਇਸ ਤੋਂ ਬਾਅਦ ਖਹਿਰਾ ਨੇ ਨਾਭਾ ਦੇ ਰੈਸਟ ਹਾਊਸ ਵਿਖੇ ਆਮ ਆਦਮੀ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਵੀ ਮੁਲਾਕਾਤ ਕੀਤੀ। (Sukhpal Singh Khaira)