‘ਅਫੀਮ ਹੈ ਸਾਰੇ ਨਸ਼ਿਆਂ ਦੀ ਮਾਂ’

Opium, Mother, All Drugs

ਕਿਸਾਨ ਆਗੂਆਂ, ਸਿਹਤ ਮਾਹਿਰਾਂ ਤੇ ਸਮਾਜ ਸੇਵੀਆਂ ਨੇ ਅਫੀਮ ਦੀ ਖੇਤੀ ਦਾ ਕੀਤਾ ਵਿਰੋਧ

ਅਸ਼ੋਕ ਵਰਮਾ, ਬਠਿੰਡਾ

ਪੰਜਾਬ ਦੀਆਂ ਕਿਸਾਨ , ਸਮਾਜ ਸੇਵੀ ਤੇ ਲੋਕਪੱਖੀ ਜਥੇਬੰਦੀਆਂ ਦੇ ਆਗੂਆਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਦੇ ਪੰਜਾਬ ‘ਚ ਅਫੀਮ ਦੀ ਖੇਤੀ ਦੇ ਸੁਝਾਵਾਂ ਦਾ ਸਖਤ ਵਿਰੋਧ ਕੀਤਾ ਹੈ ਵੱਖ-ਵੱਖ ਆਗੂਆਂ ਅਫੀਮ ਦੀ ਖੇਤੀ ਨੂੰ ਪੰਜਾਬੀਆਂ ਲਈ ਘਾਤਕ ਦੱਸਦਿਆਂ ਇਸ ਨੂੰ ਸਾਰਿਆਂ ਨਸ਼ਿਆਂ ਦੀ ਮਾਂ ਅਤੇ ਖੂਹ ‘ਚੋਂ ਕੱਢ ਕੇ ਖਾਤੇ ਪਾਉਣ ਬਰਾਬਰ ਕਿਹਾ ਹੈ

ਆਗੂਆਂ ਅਨੁਸਾਰ ਜਿਹੜਾ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਮਾਰ ਹੇਠ ਆਇਆ ਹੋਇਆ ਹੈ ਉਥੇ ਅਫੀਮ ਦੀ ਖੇਤੀ ਹੋਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਜਨਮ ਲੈਂਦਿਆਂ ਹੀ ਨਸ਼ਿਆਂ ਦੀ ਦਲਦਲ ਵਿੱਚ ਹੋਰ ਜਕੜੀਆਂ ਜਾਣਗੀਆਂ ਅਫੀਮ ਦੀ ਖੇਤੀ ਦੇ ਸੁਝਾਅ ਦੇਣ ਵਾਲਿਆਂ ਨੂੰ ਆਗੂਆਂ ਨੇ ਪੰਜਾਬ ਦੇ ਖ਼ਤਰਨਾਕ ਵੈਰੀ ਤੱਕ ਕਰਾਰ ਦਿੱਤਾ ਹੈ

ਸਿਹਤ ਵਿਭਾਗ ਦੇ ਇੱਕ ਸਾਬਕਾ ਸੀਨੀਅਰ ਅਧਿਕਾਰੀ ਦਾ ਵੀ ਤਰਕ ਸੀ ਕਿ ਜੇ ਪੰਜਾਬ ਵਿੱਚ ਕੁਦਰਤੀ ਨਸ਼ਿਆਂ ਦੀ ਖੇਤੀ ਸ਼ੁਰੂ ਹੋ ਜਾਵੇ ਤਾਂ  ਡਰਗ ਮਾਫੀਆ ਅਤੇ ਨਸ਼ਿਆਂ ਦੀ ਮੰਡੀ ਆਪਣੇ ਆਪ ਖਤਮ ਹੋ ਜਾਵੇਗੀ ਅਜਿਹੀਆਂ ਤਜਵੀਜ਼ਾਂ ਦੇ ਸਾਹਮਣੇ ਆਉਂਦਿਆਂ ਪੰਜਾਬ ਦੀਆਂ ਜ਼ਮਹੂਰੀ ਜਨਤਕ ਧਿਰਾਂ ਨੇ ਇਸ ਨਾਲ ਸਮਾਜਿਕ ਤਾਣਾ ਬਾਣਾ ਉੱਜੜਨ ਦੀ ਚਿਤਾਵਨੀ ਦਿੱਤੀ ਹੈ ਜਦੋਂਕਿ ਪੰਜਾਬ ਦੀ ਇੱਕ ਵੱਡੀ ਕਿਸਾਨ ਯੂਨੀਅਨ ਨੇ ਅਫੀਮ ਦੀ ਖੇਤੀ ਸ਼ੁਰੂ ਕਰਨ ਦਾ ਤਿੱਖਾ ਵਿਰੋਧ ਜਤਾਇਆ ਹੈ

ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਚਾਲ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ ) ਦੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਤਜਵੀਜ਼ ਨੂੰ ਮੁੱਢੋਂ ਰੱਦ ਕਰਦਿਆਂ ਇਸ ਨੂੰ ਸਾਮਰਾਜੀਆਂ ਦੀ ਪੰਜਾਬ ਨੂੰ ਤਬਾਹ ਕਰਨ ਅਤੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਚਾਲ ਕਰਾਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਅਫੀਮ ਦੀ ਖੇਤੀ ਨਾਲ ਜੋ ਨੌਜਵਾਨ ਨਸ਼ੇ ਦੀ ਲਾਅਨਤ ਤੋਂ ਬਚੇ ਹੋਏ ਹਨ, ਉਹ ਵੀ ਨਸ਼ਾ ਕਰਨ ਲੱਗ ਜਾਣਗੇ ਉਨ੍ਹਾਂ ਕਿਹਾ ਕਿ ਅਫੀਮ ਤੋਂ ਹੀ ਸਮੈਕ, ਹੈਰੋਇਨ ਤੇ ਚਿੱਟੇ ਅਤੇ ਟਰਾਮਾਡੋਲ ਤਿਆਰ ਹੁੰਦਾ ਹੈ ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਉਨ੍ਹਾਂ ਦੀ ਜੱਥੇਬੰਦੀ ਡਟ ਕੇ ਵਿਰੋਧ ਕਰੇਗੀ

ਪੰਜਾਬ ਲਈ ਅਤੀਅੰਤ ਘਾਤਕ

ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਵੀ ਅਫੀਮ ਦੀ ਖੇਤੀ ਨੂੰ ਪੰਜਾਬ ਲਈ ਅਤੀਅੰਤ ਘਾਤਕ ਦੱਸਿਆ ਹੈ ਉਨ੍ਹਾਂ ਕਿਹਾ ਕਿ ਭੁੱਕੀ ਅਤੇ ਅਫ਼ੀਮ ਨੇ ਘਰਾਂ ਦੀ ਬਰਕਤ ਹੀ ਖੋਹ ਲਈ ਹੈ ਅਤੇ ਆਧੁਨਿਕ ਨਸ਼ੇ ਪੰਜਾਬ ਦੀ ਜਵਾਨੀ ਨਿਗਲ ਗਏ ਹਨ ਉਨ੍ਹਾਂ ਕਿਹਾ ਕਿ ਅਫੀਮ ਨੂੰ ਲਾਹੇਵੰਦ ਕਰਾਰ ਦੇਣ ਵਾਲੇ ਇਹ ਭੁੱਲ ਗਏ ਹਨ ਕਿ ਇਸ ਕਾਲੇ ਧੰਦੇ ਨੇ ਪਤਾ ਨਹੀਂ ਕਿੰਨੇ ਮਹਿੰਦੀ ਵਾਲੇ ਹੱਥਾਂ ਦੇ ਰੰਗ ਫਿੱਕੇ ਕੀਤੇ ਹਨ ਸ੍ਰੀ ਸ਼ਰਮਾ ਨੇ ਸੁਝਾਅ ਦਿੱਤਾ ਕਿ ਪਾਣੀ, ਜਵਾਨੀ ਤੇ ਕ੍ਰਿਸਾਨੀ ਨੂੰ ਅਫੀਮ ਦੀ ਖੇਤੀ ਸ਼ੁਰੂ ਕਰਕੇ ਨਹੀਂ ਸਗੋਂ ਖੇਤੀ ਪੱਖੀ ਨੀਤੀਆਂ ‘ਤੇ ਫੈਸਲਿਆਂ ਨਾਲ ਹੀ ਬਚਾਇਆ ਜਾ ਸਕਦਾ ਹੈ

ਪੰਜਾਬ ਅਮਲੀਆਂ ਦਾ ਗੜ੍ਹ ਬਣ ਜਾਵੇਗਾ

ਸਿਵਲ ਹਸਪਤਾਲ ਬਠਿੰਡਾ ਦੇ ਸਾਬਕਾ ਮੈਡੀਕਲ ਅਫਸਰ ਡਾ. ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ  ਅਫੀਮ ਦੀ ਖੇਤੀ ਸ਼ੁਰੂ ਹੋਣ ਨਾਲ ਸਮਾਜ ‘ਚ ਅਰਾਜਕਤਾ ਫੈਲ ਜਾਏਗੀ ਤੇ ਪੰਜਾਬ ਅਮਲੀਆਂ ਦਾ ਗੜ੍ਹ ਬਣ ਜਾਵੇਗਾ ਅਫੀਮ ਸਾਰੇ ਨਸ਼ਿਆਂ ਦੀ ਮਾਂ ਹੈ ਇਸ ਨਾਲ ਸਰਕਾਰ ਨੂੰ ਮਾਲੀਆ ਮਿਲਣ ਲੱਗ ਜਾਵੇਗਾ ਪਰ ਮਾਨਵਤਾ ਦਾ ਭਲਾ ਨਹੀਂ ਹੋ ਸਕੇਗਾ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਦੁੱਧ ਦਹੀਂ ਤੇ ਲੱਸੀ ਵਰਗੀਆਂ ਖੁਰਾਕਾਂ ਦੀ ਜ਼ਰੂਰਤ ਹੈ ਪਰ ਅਫੀਮ ਕਦੇ ਵੀ ਖੁਰਾਕ ਦਾ ਬਦਲ ਨਹੀਂ ਬਣ ਸਕਦੀ ਉਨ੍ਹਾਂ ਕਿਹਾ ਕਿ ਪਹਿਲਾਂ ਸ਼ਰਾਬ ਨੇ ਸਮਾਜਿਕ ਤਾਣੇ-ਬਾਣੇ ਦਾ ਬੇੜਾ ਗਰਕ ਕੀਤਾ ਹੋਇਆ ਹੈ ਜਦੋਂਕਿ ਅਫੀਮ ਤਾਂ ਸਮਾਜ ਨੂੰ ਪਤਾਲਾਂ ‘ਚ ਧੱਕ ਦੇਵੇਗੀ ਜਿੱਥੋਂ ਮੁੜਨਾ ਅਸੰਭਵ ਹੀ ਨਹੀਂ ਨਾਮੁਮਕਿਨ ਹੋ ਜਾਣਾ ਹੈ

ਖੂਹ ‘ਚੋਂ ਕੱਢ ਕੇ ਖਾਤੇ ‘ਚ ਸੁੱਟਣ ਵਾਲੀ ਗੱਲ

ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਨੇ ਅਫੀਮ ਦੀ ਖੇਤੀ ਦੀ ਤਜਵੀਜ਼ ਦਾ ਜੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਹ ਤਾਂ ਖੂਹ ‘ਚੋਂ ਕੱਢ ਕੇ ਖਾਤੇ ‘ਚ ਸੁੱਟਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖੇਤੀ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਜੜ੍ਹ ਦਾ ਇਲਾਜ ਕਰਨਾ ਚਾਹੀਦਾ ਹੈ ਨਸ਼ੇ ਬੀਜ ਕੇ ਕਿਸਾਨ ਕਦੇ ਵੀ ਤਰੱਕੀ ਨਹੀਂ ਕਰ ਸਕਣਗੇ ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਖੇਤੀ ਹੁੰਦੀ ਹੈ ਉੱਥੇ ਵੀ ਆਮ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਧਨਾਢ ਲੋਕ ਹੀ ਲਾਹਾ ਖੱਟ ਰਹੇ ਹਨ  ਉਨ੍ਹਾਂ ਆਖਿਆ ਕਿ ਰਾਜਕਰਤਾ ਪਾਰਟੀਆਂ ਦੇ ਇਹ ਹੱਥਕੰਡੇ ਹਨ, ਜਿਨ੍ਹਾਂ ਨੂੰ ਅਸਲ ਮਸਲਿਆਂ ਤੋਂ ਪਾਸਾ ਵੱਟਣ ਲਈ ਵਰਤਿਆ ਜਾਂਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।