ਆਨਲਾਈਨ ਪੜ੍ਹਾਈ (online Studying)

ਆਨਲਾਈਨ ਪੜ੍ਹਾਈ

ਪ੍ਰਾਇਮਰੀ ਸੈਕੰਡਰੀ ਸਕੂਲ ਕੋਰੋਨਾ ਕਾਰਨ ਹੋ ਗਏ ਬੰਦ,
ਆਨਲਾਈਨ ਪੜ੍ਹਨ ਦਾ ਆਇਆ ਵੱਖਰਾ ਇੱਕ ਆਨੰਦ।
ਦੇਸ਼ ਵਿਦੇਸ਼ ਫ਼ੈਲਾਈ ਕੋਰੋਨਾ ਵਾਇਰਸ ਨੇ ਬਿਮਾਰੀ,
ਠੱਪ ਹੋ ਗਈ ਇਸਦੇ ਕਰਕੇ ਵਿੱਦਿਅਕ ਕਾਰਗ਼ੁਜ਼ਾਰੀ
ਘਰ ਵਿਚ ਬਹੀਏ, ਬਚ ਕੇ ਰਹੀਏ,
ਸਭ ਹੋ ਗਏ ਰਜ਼ਾਮੰਦ।
ਆਨਲਾਈਨ ਪੜ੍ਹਨ ਦਾ….

ਕਹਿੰਦੇ ਲੰਮੀ ਚੱਲਣੀ ਹੈ ਅਜੇ ਕੋਰੋਨਾ ਨਾਲ ਲੜਾਈ,
ਲੜਦੇ ਲੜਦੇ ਪਿੱਛੇ ਰਹਿ ਨਾ ਜਾਵੇ ਕਿਤੇ ਪੜ੍ਹਾਈ
ਮੋਬਾਇਲਾਂ ਉਤੇ ਪੜ੍ਹਾਉਣ ਦਾ,
ਕੀਤਾ ਟੀਚਰਾਂ ਨੇ ਪ੍ਰਬੰਧ।
ਆਨਲਾਈਨ ਪੜ੍ਹਨ ਦਾ….

ਪੜ੍ਹਣ-ਪੜ੍ਹਾਵਣ ਵਾਲਿਆਂ ਵਿਚ ਜੋ ਪੈਣ ਲੱਗੀ ਸੀ ਦੂਰੀ,
ਆਧੁਨਿਕ ਢੰਗ ਤਰੀਕੇ ਦੇ ਨਾਲ ਕਰ ਲਈ ਹੈ ਉਹ ਪੂਰੀ
ਅਕਲਮੰਦੀ ਨਾਲ ਢਾਹਤੀ,
ਉੱਸਰਣ ਲੱਗੀ ਸੀ ਜੋ ਕੰਧ।
ਆਨਲਾਈਨ ਪੜ੍ਹਨ ਦਾ….

ਸਾਇੰਸ, ਸਮਾਜਿਕ, ਗਣਿਤ, ਅੰਗਰੇਜੀ, ਹਿੰਦੀ ਅਤੇ ਪੰਜਾਬੀ,
ਵਟਸਐਪ ‘ਤੇ ਇਨ੍ਹਾਂ ਵਿਸ਼ਿਆਂ ਦੀ ਭਰੀ ਜਾਂਦੀ ਹੈ ਚਾਬੀ
ਸਰ ਤੇ ਮੈਡਮਾਂ ਇੱਕ-ਦੂਜੇ ਤੋਂ,
ਅੱਗੇ ਰਹੇ ਨੇ ਲੰਘ।
ਆਨਲਾਈਨ ਪੜ੍ਹਨ ਦਾ….

ਜੋ ਕੁੱਝ ਸਾਨੂੰ ਸਮਝ ਨਾ ਆਵੇ ਜਾਂਦਾ ਉਹ ਸਮਝਾਇਆ,
ਕਰਕੇ ਸਰਲ ਉਹ ਜਾਵੇ ਅਕਲ ਦੇ ਖ਼ਾਨੇ ਦੇ ਵਿਚ ਪਾਇਆ
ਵਿਅਰਥ ਜਾ ਰਿਹਾ ਵਕਤ,
ਬਣਾ ਕੇ ਰੱਖ’ਤਾ ਲਾਹੇਵੰਦ।
ਆਨਲਾਈਨ ਪੜ੍ਹਨ ਦਾ….

ਵਿਭਾਗ ਮੁਕਾਈ ਜਾਂਦਾ ਬੇਸ਼ੱਕ ਹੈ ਵਿੱਦਿਆ ਦੀ ਵਾਟ,
ਖੁੱਲ੍ਹੇ ਦਰਸ਼ਨ ਦੀ ‘ਚੋਹਲੇ’ ਵਾਲਿਆ ਬਣੀ ਰਹੇ ਪਰ ਘਾਟ
ਰਾਤ ਅਮਾਵਸ ਵਾਲੀ ‘ਬੱਗਿਆ’,
ਨਜ਼ਰ ਨਾ ਆਉਂਦੈ ਚੰਦ।
ਆਨਲਾਈਨ ਪੜ੍ਹਨ ਦਾ….

ਰਮੇਸ਼ ਬੱਗਾ ਚੋਹਲਾ,

ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋ. 94631-32719

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।