ਭਿਆਨਕ ਸੜਕ ਹਾਦਸੇ ’ਚ ਇੱਕ ਦੀ ਮੌਤ, ਤਿੰਨ ਜਖਮੀ

Road-Accident
ਜਗਰਾਓਂ : ਹਾਦਸੇ ਤੋਂ ਬਾਅਦ ਜਖਮੀਆਂ ਨੂੰ ਬਾਹਰ ਕੱਢਣ ’ਚ ਲੱਗੇ ਪਿੰਡ ਵਾਸੀ ’ਤੇ ਰਾਹਗੀਰ। 

(ਜਸਵੰਤ ਰਾਏ) ਜਗਰਾਓਂ। ਨੇੜਲੇ ਪਿੰਡ ਡੱਲਾ-ਦੇਹੜਕਾ ਵਾਲੀ ਸੜਕ ’ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਪਰਿਵਾਰ ਦੇ ਤਿੰਨ ਮੈਂਬਰ ਜਿੰਨ੍ਹਾਂ ਵਿੱਚ ਇੱਕ ਔਰਤ ਸਮੇਤ ਦੋ ਮਾਸੂਮ ਬੱਚੇ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਡੱਲਾ ਵਾਸੀ ਸੁਖਦੇਵ ਸਿੰਘ ਪੁੱਤਰ ਭੋਲਾ ਸਿੰਘ ਜੋ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਕੰਮ ਲਈ ਆਪਣੀ ਅਲਟੋ ਕਾਰ ਵਿੱਚ ਪਿੰਡ ਮਾਣੁੂੰਕੇ ਨੂੰ ਜਾ ਰਿਹਾ ਸੀ, ਜਦ ਉਹ ਪਿੰਡ ਦੇਹੜਕਾ ਦੇ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਕਬਾੜ ਦੇ ਸਾਮਾਨ ਨਾਲ ਭਰੇ ਇੱਕ ਤੇਜ਼ ਰਫਤਾਰ ਕੈਂਟਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਇਨੀਂ ਭਿਆਨਕ ਸੀ ਕਿ ਕਾਰ ਕੈਂਟਰ ਦੇ ਥੱਲੇ ਜਾ ਵੜੀ, ਜਿਸ ਨਾਲ ਕੈਂਟਰ ਅਤੇ ਕਾਰ ਪਲਟ ਕੇ ਨਾਲ ਦੇ ਖੇਤਾਂ ਵਿੱਚ ਜਾ ਡਿੱਗੇ ਜਿਸ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। (Road Accident)

ਇਹ ਵੀ ਪਡ਼੍ਹੋ : ਤੇਜ਼ ਰਫਤਾਰ ਕਾਰ ਯੂਨੀਪੋਲ ’ਚ ਵੱਜੀ, ਦੋ ਦੀ ਮੌਤ, ਦੋ ਜਖ਼ਮੀ

ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਬੜੀ ਹੀ ਮੁਸ਼ੱਕਤ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਜਗਰਾਓਂ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਕਾਰ ਚਾਲਕ ਸੁਖਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਖਮੀ ਹੋਏ ਪਰਿਵਾਰ ਦੇ ਬਾਕੀ ਮੈਂਬਰਾਂ ਜਿੰਨ੍ਹਾਂ ਵਿੱਚ ਇੱਕ ਔਰਤ ਅਤੇ ਦੋ ਮਾਸੂਮ ਬੱਚੇ ਸਨ, ਦੀ ਮਲ੍ਹਮ ਪੱਟੀ ਤੋਂ ਬਾਅਦ ਡਾਕਟਰਾਂ ਵੱਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਮੌਕੇ ’ਤੇ ਪੁੱਜੇ ਥਾਣਾ ਹਠੂਰ ਦੇ ਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।