ਮੋਰਚੇ ਦੇ ਅਖੀਰਲੇ ਦਿਨ ਮੋਤੀ ਮਹਿਲ ਨੇੜੇ ਗੱਜੇ ਹਜ਼ਾਰਾਂ ਪੇਂਡੂ ਤੇ ਖੇਤ ਮਜ਼ਦੂਰ

ਭਾਰੀ ਗਿਣਤੀ ਪੁਲਿਸ ਵੱਲੋਂ ਮਜ਼ਦੂਰਾਂ ਨੂੰ ਵਾਈਪੀਐਸ ਚੌਂਕ ਵਿਖੇ ਰੋਕਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਤੀਜੇ ਦਿਨ ਅੱਜ ਹਜ਼ਾਰਾਂ ਮਜ਼ਦੂਰਾਂ ਅਤੇ ਔਰਤਾਂ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਮਜ਼ਦੂਰਾਂ ਦਾ ਕਾਫ਼ਲਾ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ ਸੀ। ਸ਼ਹਿਰ ਅੰਦਰ ਅੱਜ ਜਾਮ ਵਰਗੀ ਸਥਿਤੀ ਬਣੀ ਰਹੀ, ਜਿਸ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭਾਰੀ ਗਿਣਤੀ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਵਾਈਪੀਐਸ ਚੌਂਕ ਵਿਖੇ ਰੋਕ ਲਿਆ ਗਿਆ। ਜਾਣਕਾਰੀ ਅਨੁਸਾਰ ਪੁੱਡਾ ਗਰਾਉਂਡ ਵਿਖੇ ਅੱਜ ਸਵੇਰੇ ਮਜ਼ਦੂਰਾਂ ਵੱਲੋਂ ਰੈਲੀ ਕਰਨ ਤੋਂ ਬਾਅਦ ਦੁਪਹਿਰ ਮੌਕੇ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ ਗਏ। ਅਮਰਿੰਦਰ ਸਰਕਾਰ ਵੱਲੋਂ ਚੋਣਾ ਤੋਂ ਪਹਿਲਾ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਧਰਨਕਾਰੀਆਂ ਵਿੱਚ ਰੋਸ਼ ਦੀ ਲਹਿਰ ਸੀ।

ਇਸੇ ਦੌਰਾਨ ਭਾਰੀ ਪੁਲਿਸ ਫੋਰਸ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੇਂਡੂ ਅਤੇ ਖੇਤ ਮਜ਼ਦੂਰਾਂ ਨੂੰ ਵਾਈ ਪੀ ਐਸ ਚੌਂਕ ਵਿਖੇ ਰੋਕ ਲੈਣ ਤੋਂ ਰੋਹ ਵਿੱਚ ਆਏ ਮਜਦੂਰਾਂ ਵੱਲੋਂ ਉਥੇ ਹੀ ਧਰਨਾ ਦੇ ਕੇ ਕਾਂਗਰਸ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਆਗੂਆਂ ਕੁਲਵੰਤ ਸਿੰਘ ਸੇਲਬਰਾਹ, ਸੰਜੀਵ ਮਿੰਟੂ, ਲਛਮਣ ਸਿੰਘ ਸੇਵੇਵਾਲਾ, ਤਰਸੇਮ ਪੀਟਰ, ਗੁਰਨਾਮ ਸਿੰਘ ਦਾਊਦ , ਭਗਵੰਤ ਸਿੰਘ ਸਮਾਓ ਤੇ ਗੁਲਜਾਰ ਗੌਰੀਆ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਉਹ ਟਿਕ ਕੇ ਨਹੀਂ ਬੈਠਣਗੇ ਅਤੇ ਪੰਜਾਬ ਭਰ ’ਚ ਇੱਕ ਤੋਂ ਤਿੰਨ ਸਤੰਬਰ ਤੱਕ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਦਿਨ ਰਾਤ ਦੇ ਧਰਨੇ ਦੇਣਗੇ।

ਆਗੂਆਂ ਨੇ ਕਿਹਾ ਕਿ ਮਜਦੂਰਾਂ ਦੀ ਆਰਥਿਕ , ਸਮਾਜਿਕ ਬਰਾਬਰੀ ਤੇ ਮਾਨ ਸਨਮਾਨ ਦੀ ਬਹਾਲੀ ਲਈ ਜਮੀਨਾਂ ਦੀ ਕਾਣੀ ਵੰਡ ਖਤਮ ਕਰਾਉਣ ਲਈ ਵਿਸਾਲ , ਜੁਝਾਰੂ ਤੇ ਸਾਂਝੀ ਲਹਿਰ ਦੀ ਉਸਾਰੀ ਅੱਜ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਫਾਸੀਵਾਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨ ਮਜਦੂਰਾਂ ਦੇ ਰੁਜਗਾਰ ਹੋਰ ਉਜਾੜਨ,ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਤੇ ਖੁਰਾਕੀ ਵਸਤਾਂ ਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਗਲਬਾ ਕਰਾਉਣ ਰਾਹੀਂ ਮਜਦੂਰਾਂ ਨੂੰ ਹੋਰ ਵਧੇਰੇ ਭੁੱਖਮਰੀ ਦੇ ਜੁਬਾੜਿਆ ਚ ਧੱਕਣਗੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੜਾਈ ਮਜਦੂਰਾ ਲਈ ਬੇਹੱਦ ਅਹਿਮੀਅਤ ਰੱਖਦੀ ਹੈ।

ਇਸ ਮੌਕੇ ਸਟੇਜ ਤੋਂ ਮਤੇ ਪਾਸ ਕਰਕੇ ਯੂ ਏ ਪੀ ਏ ਸਮੇਤ ਸਮੁੱਚੇ ਕਾਲੇ ਕਾਨੂੰਨ ਰੱਦ ਕਰਨ, ਜੇਲਾਂ ਚ ਬੰਦ ਬੁੱਧੀਜੀਵੀਆਂ ਤੇ ਕਾਰਕੁੰਨਾ ਨੂੰ ਰਿਹਾਅ ਕਰਨ, ਰੁਜਗਾਰ ਮੰਗਦੇ ਬੇਰੁਜਗਾਰਾਂ ਤੇ ਠੇਕਾ ਕਾਮਿਆਂ ਤੇ ਆਏ ਦਿਨ ਕੀਤੇ ਜਾ ਰਹੇ ਜਬਰ ਨੂੰ ਬੰਦ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਨ, ਕਿਸਾਨ ਅੰਦੋਲਨ ਦੌਰਾਨ ਸਹੀਦ ਹੋਏ ਮਜਦੂਰਾਂ ਕਿਸਾਨਾਂ ਦੇ ਸਭਨਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ, ਦਲਿਤਾਂ ਦੀ ਆਬਾਦੀ ਦੇ ਅਨਪਾਤ ਅਨੁਸਾਰ ਬਜਟ ਰੱਖਿਆ ਜਾਵੇ ਅਤੇ ਭਲਾਈ ਸਕੀਮਾਂ ਲਈ ਰੱਖਿਆ ਬਜਟ ਪੂਰਾ ਖਰਚ ਕੀਤਾ ਜਾਵੇ। ਇਸ ਮੌਕੇ ਮਜਦੂਰ ਆਗੂ ਹਰਮੇਸ ਮਾਲੜੀ, ਕਸਮੀਰ ਸਿੰਘ ਘੁੱਗਸੋਰ, ਦਰਸਨ ਨਾਹਰ, ਲਖਵੀਰ ਸਿੰਘ, ਮੱਖਣ ਸਿੰਘ ਰਾਮਗੜ੍ਹ ਅਤੇ ਧਰਮਪਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਲ ਸਨ।

ਬ੍ਰਹਮ ਮਹਿੰਦਰਾ ਨਾਲ 18 ਦੀ ਮਿਲੀ ਮੀਟਿੰਗ

ਹਜਾਰਾਂ ਦੀ ਗਿਣਤੀ ਵਿੱਚ ਡਟੇ ਮਜਦੂਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਪਟਿਆਲਾ ਦੇ ਐਸਡੀਐਮ ਵੱਲੋਂ ਸਰਕਾਰ ਦੇ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਜਦੂਰ ਮੰਗਾਂ ਨਾਲ ਸਬੰਧਿਤ ਵਿਭਾਗਾਂ ਦੇ ਸਕੱਤਰਾਂ ਨਾਲ 18 ਅਗਸਤ ਨੂੰ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਸੌਂਪਿਆ ਗਿਆ, ਜਿਸ ਤੋਂ ਬਾਅਦ ਮਜ਼ਦੂਰਾਂ ਵੱਲੋਂ ਤਿੰਨ ਰੋਜਾ ਧਰਨਾ ਸਮਾਪਤ ਕਰਦਿਆ ਘਰਾਂ ਨੂੰ ਚਾਲੇ ਪਾ ਦਿੱਤੇ ਗਏ।

ਸਸਕਾਰ ਨਾ ਹੋ ਸਕਿਆ

ਇਸੇ ਦੌਰਾਨ ਧਰਨੇ ਦੇ ਪਹਿਲੇ ਦਿਨ ਸਹੀਦ ਹੋਈ ਮਾਤਾ ਗੁਰਤੇਜ ਕੌਰ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜ ਲੱਖ ਰੁਪਏ ਦਾ ਚੈਕ ਨਾ ਦੇਣ ਕਾਰਨ ਅੱਜ ਵੀ ਉਹਨਾਂ ਦਾ ਸਸਕਾਰ ਨਹੀਂ ਹੋ ਸਕਿਆ ਅਤੇ ਮਜਦੂਰ ਜਥੇਬੰਦੀਆਂ ਨੇ ਚੈਕ ਸੌਪਣ ਤੱਕ ਪੋਸਟਮਾਰਟਮ ਨਾਂ ਕਰਾਉਣ ਦਾ ਐਲਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ