ਨਰਸਿੰਗ, ਪੈਰਾ-ਮੈਡੀਕਲ ਤੇ ਦਰਜਾ-4 ਕਰਮਚਾਰੀਆਂ ਨੇ ਕੀਤੀ ਰੋਸ ਰੈਲੀ

Medical Workers Protest Sachkahoon

ਮੰਤਰੀਆਂ, ਵਿਧਾਇਕਾਂ ਤੇ ਅਫਸਾਹੀ ਨਾਲ ਮੀਟਿੰਗਾਂ ਕਰਨ ਉਪਰੰਤ ਵੀ ਪਰਨਾਲਾ ਉੱਥੇ ਦਾ ਉੱਥੇ : ਆਗੂ

2 ਸਤੰਬਰ ਨੂੰ ਸਮੂਹ ਕੋਰੋਨਾ ਯੋਧੇ ਪੀ ਪੀ ਈ ਕਿੱਟਾਂ ਪਾ ਕੇ ਸ਼ਹਿਰ ’ਚ ਕਰਨਗੇ ਰੋਸ਼ ਮਾਰਚ : ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮੈਡੀਕਲ ਕਾਲਜ, ਡੈਟਲ ਕਾਲਜ, ਰਾਜਿੰਦਰਾ ਹਸਪਤਾਲ ਅਤੇ ਟੀ ਬੀ ਹਸਪਤਾਲ ਦੇ ਕਰਮਚਾਰੀ ਸਮੇਤ ਕੰਟੈਕਟ-ਆਊਟਸੋਰਸ,ਮਲਟੀਟਾਸਕ ਅਤੇ ਕੋਰੋਨਾ ਯੋਧੇ (ਨਰਸਿੰਗ,ਪੈਰਾ-ਮੈਡੀਕਲ ਤੇ ਦਰਜਾ-4) ਪਿਛਲੇ ਲੰਮੇ ਸਮੇਂ ਤੋਂ ਪੜਾਅ ਵਾਰ ਸੰਘਰਸ ਕਰ ਰਹੇ ਹਨ, ਪ੍ਰੰਤੂ ਇਸ ਸੰਘਰਸ ਦੌਰਾਨ ਉਠਾਈਆਂ ਜਾ ਰਹੀਆਂ ਮੰਗਾਂ ’ਤੇ ਨਾ ਤਾਂ ਪੰਜਾਬ ਸਰਕਾਰ ਸੰਜੀਦਾ, ਨਾ ਵਿਭਾਗੀ ਅਫਸਰਸਾਹੀ ਸੰਜੀਦਾ ਅਤੇ ਨਾ ਹੀ ਪਟਿਆਲਾ ਦੇ ਸਿਆਸੀ ਆਕਾ ਸੰਜੀਦਾ ਹਨ।

ਅੱਜ ਹੰਗਾਮੀ ਮੀਟਿੰਗ ਕਰਨ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਰਮਚਾਰੀਆਂ ਦੀ ਚੱਲ ਰਹੀ ਕੰਮ ਛੋਡ ਹੜਤਾਲ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ ਅਤੇ ਰਾਮ ਕਿ੍ਰਸਨ ਨੇ ਕਿਹਾ ਕਿ ਵਿਭਾਗ ਦੇ ਮੰਤਰੀ ਓਪੀ ਸੋਨੀ ਨਾਲ ਤਿੰਨ ਵਾਰ ਮੁਲਾਜ਼ਮ ਮੰਗਾਂ ਤੇ ਗਲਬਾਤ ਹੋ ਚੁੱਕੀ ਹੈ, ਪਹਿਲੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਅਤੇ ਮੌਜੂਦਾ ਪ੍ਰਮੁੱਖ ਸਕੱਤਰ ਅਲੌਕ ਸੇਖਰ ਉਪਰੰਤ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਸ਼ਰਮਾ ਨਾਲ ਫਿਰ ਮੇਅਰ ਰਾਹੀਂ ਬੀਬਾ ਜੈਇੰਦਰ ਕੌਰ ਅਨੇਕਾਂ ਵਾਰ ਡਾਇਰੈਕਟਰ ਪਿ੍ਰੰਸੀਪਲ ਮੈਡੀਕਲ ਕਾਲਜ ਤੇ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਸਮੇਤ ਡਾਇਰੈਕਟਰ ਖੌਜ ਅਤੇ ਮੈਡੀਕਲ ਸਿੱਖਿਆ ਮੀਟਿੰਗਾਂ ਹੋਣ ਉਪਰੰਤ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ।

ਉਨ੍ਹਾਂ ਕਿਹਾ ਕਿ ਕੰਟਰੈਕਟ-ਆਊਟਸੋਰਸ (ਨਰਸਿੰਗ,ਪੈਰਾ-ਮੈਡੀਕਲ ਤੇ ਦਰਜਾ-4) ਕਾਮਿਆਂ ਨੂੰ ਪਿਛਲੇ ਦੋ ਸਾਲਾਂ ਤੋਂ ਘੱਟੋ-ਘੱਟ ਉਜਰਤਾਂ ਵਿਚ ਵਾਧਾ ਨਹੀਂ ਦਿੱਤਾ ਗਿਆ, ਸਮੂਹ ਕੋਰੋਨਾ-ਯੋਧਿਆਂ ਨੂੰ ਵਿਭਾਗ ਵਿੱਚ ਖਪਾਉਣ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਨਿਯਮਤ ਕਰਨ ਦੇ ਸਿਰਫ ਲਾਰੇ ਲੱਪੇ ਹੀ ਲਾਏ ਜਾ ਰਹੇ ਹਨ, ਤਰਸ ਆਧਾਰਿਤ ਕੇਸਾਂ ਨੂੰ ਲੰਮੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ ਤਰਸ ਆਧਾਰਿਤ ਨੌਕਰੀਆਂ ਨਹੀਂ ਦਿਤੀਆਂ ਜਾ ਰਹੀਆਂ। ਇਸ ਤਰ੍ਹਾਂ ਅਨੇਕਾਂ ਹੋਰ ਮੰਗਾਂ ਲਮਕਾ ਅਵਸਥਾ ਵਿੱਚ ਚੱਲ ਰਹੀਆਂ ਹਨ।

ਇਸ ਮੌਕੇ ਆਗੂਆਂ ਨੇ ਅਗਲੇ ਐਕਸਨ ਪ੍ਰੋਗਰਾਮਾਂ ਦਾ ਐਲਾਨ ਕਰਦਿਆਂ ਕਿਹਾ ਕਿ 2 ਸਤੰਬਰ ਨੂੰ ਸਮੂਹ ਕੋਰੋਨਾ ਯੋਧੇ ਪੀਪੀਈ ਕਿੱਟਾਂ ਪਾ ਕੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਨਾਲ ਲੈਕੇ ਸ਼ਹਿਰ ’ਚ ਰੋਸ ਮਾਰਚ ਕਰਦਿਆਂ ਮਾਤਾ ਕੁਸੱਲਿਆ ਹਸਪਤਾਲ ਕੰਪਲੈਕਸ ਅਤੇ ਸਿਵਲ ਸਰਜਨ ਦਫਤਰ ਸਾਹਮਣੇ ਰੈਲੀ ਕਰਨਗੇ ਅਤੇ ਕੰਮ ਛੋਡ ਹੜਤਾਲ ਨੂੰ ਜਾਰੀ ਰੱਖਦਿਆਂ ਅਗਲੇ ਐਕਸਨ ਵਜੋਂ 3 ਸਤੰਬਰ ਨੂੰ ਰੋਸ ਵਜੋਂ ਵਿਧਾਨ ਸਭਾ ਦੇ ਸੈਸਨ ਮੌਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਇਸ ਮੌਕੇ ਰਤਨ ਕੁਮਾਰ, ਅਰੁਣ ਕੁਮਾਰ, ਰਾਜੇਸ ਕੁਮਾਰ ਗੋਲੂ,ਅਜੈ ਕੁਮਾਰ ਸੀਪਾ, ਅਮਨ ਕੁਮਾਰ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਕਿਸੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ