ਸਕੂਲ ਦਾ ਸਾਲਾਨਾ ਸਮਾਗਮ ਵੀ ਵਿਆਹ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਨੇੜਲੇ ਪਿੰਡ ਭਾਨਰੀ ਦੇ ਸਰਕਾਰੀ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਪਿੰਡ ਦੇ ਕਾਂਗਰਸੀ ਸਰਪੰਚ ਵੱਲੋਂ ਵਿਵਾਦਿਤ ਗੀਤ ‘ਤੇ ਨੱਚਣ-ਟੱਪਣ ਵਾਇਰਲ ਹੋਈ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਰਪੰਚ ਸਕੂਲ ਦੀਆਂ ਕੁਝ ਅਧਿਆਪਕਾਵਾਂ ਨੂੰ ਨੱਚਣ ਬਾਰੇ ਕਹਿ ਰਿਹਾ ਹੈ ਅਤੇ ਕੁਝ ਅਧਿਆਪਕਾਵਾਂ ਵੀ ਗੀਤਾਂ ‘ਤੇ ਨੱਚ ਰਹੀਆਂ ਹਨ। ਸਕੂਲ ‘ਚ ਹੋਏ ਇਸ ਨਾਚ ਗਾਣੇ ‘ਤੇ ਬੁੱਧੀਜੀਵੀਆਂ ਵਿੱਚ ਹੈਰਾਨੀ ਪਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਲੰਘੇ ਕੱਲ੍ਹ ਇਸ ਮਾਮਲੇ ਦੀ ਵਾਇਰਲ ਵੀਡੀਓ ‘ਚ ਸਰਪੰਚ ਵਿਵਾਦਿਤ ਗਾਣੇ ਦੌਰਾਨ ਵਿਦਿਆਰਥੀਆਂ ਨਾਲ ਨੱਚ ਰਿਹਾ ਸੀ। ‘ਲੈ ਲੈ ਤੂੰ ਸਰਪੰਚੀ ਵੇ, ਸਰਕਾਰੀ ਪੈਸਾ ਖਾਵਾਂਗੇ’ ਦੇ ਗੀਤ ਦੇ ਬੋਲਾਂ ‘ਤੇ ਸਰਪੰਚ ਤੇ ਉਸਦੀ ਘਰਵਾਲੀ ਵੀ ਸਟੇਜ ‘ਤੇ ਭੰਗੜਾ ਪਾਉਂਦੀ ਵਿਖਾਈ ਦੇ ਰਹੀ ਹੈ। ਉਧਰ ਇਸ ਮਾਮਲੇ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ ‘ਸੈਕੰਡਰੀ’ ਕੁਲਭੂਸ਼ਣ ਸਿੰਘ ਬਾਜਵਾ ਵੱਲੋਂ ਉਪਜੇ ਮਾਮਲੇ ਦੀ ਪੜਤਾਲ ਮੁਕੰਮਲ ਕਰ ਲਈ ਹੈ ਤੇ ਭਲਕੇ ਉਚ ਅਥਾਰਟੀ ਨੂੰ ਭੇਜੀ ਜਾ ਰਹੀ ਹੈ।
ਡੀ.ਈ.ਓ. ਮੁਤਾਬਿਕ ਉਪਜੇ ਮਾਮਲੇ ‘ਤੇ ਅਗਲੀ ਕਾਰਵਾਈ ਉਚ ਅਥਾਰਟੀ ਕੀ ਫੈਸਲਾ ਲੈਂਦੀ ਹੈ, ਇਹ ਉਚ ਅਥਾਰਟੀ ਹੀ ਦੱਸ ਸਕਦੀ ਹੈ। ਪਿਛਲੇ ਦਿਨੀਂ ਉਨ੍ਹਾਂ ਕਿਹਾ ਸੀ ਕਿ ਪ੍ਰੋਗਰਾਮ ਦੇ ਸਮਾਪਤੀ ਵੇਲੇ ਪਿੰਡ ਦਾ ਸਰਪੰਚ ਜਦੋਂ ਜ਼ਿਆਦਾ ਹੀ ਗੀਤਾਂ ‘ਤੇ ਭੰਗੜੇ ਪਾਉਣ ਲੱਗ ਗਿਆ ਤਾਂ ਸਟਾਫ਼ ਨੇ ਸਪੀਕਰ ਤੋਂ ਗਾਣੇ ਬੰਦ ਕਰਵਾ ਦਿੱਤੇ ਸਨ। ਪ੍ਰੰਤੂ ਅੱਜ ਦੂਜੇ ਦਿਨ ਵਾਇਰਲ ਹੋਈ ਵੱਖਰੀ ਵੀਡੀਓ ‘ਚ ਸਰਪੰਚ ਬਕਾਇਦਾ ਸਕੂਲ ਦੀਆਂ ਕੁਝ ਅਧਿਆਪਕਾਵਾਂ ਨਾਲ ਨੱਚਦਾ ਵੀ ਵੇਖਿਆ ਜਾ ਰਿਹਾ ਹੈ ।
ਸਕੂਲੀ ਵਿਦਿਆਰਥੀ ਵੀ ਅਜਿਹੇ ਮਾਹੌਲ ‘ਚ ਠੁਮਕੇ ਲਾਉਣੋਂ ਨਹੀਂ ਰੁਕ ਰਹੇ। ਸਕੂਲ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਕਿਸੇ ਵਿਆਹ ਨਾਲੋਂ ਘੱਟ ਨਹੀਂ ਨਜਰ ਆ ਰਿਹਾ। ਦੱਸਣਯੋਗ ਹੈ ਕਿ ਇਸ ਸਮਾਗਮ ਚ ਡੀ.ਈ.ਓ. ਸੈਕੰਡਰੀ ਵੀ ਬਤੌਰ ਮਹਿਮਾਨ ਗਏ ਸਨ, ਜਿਸ ‘ਤੇ ਡੀ.ਈ.ਓ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਵਾਪਸ ਪਰਤ ਆਏ ਸਨ।
ਭਖ਼ੇ ਮਾਮਲੇ ਦੀ ਵਾਇਰਲ ਹੋਈ ਦੂਜੀ ਵੀਡੀਓ ਸਬੰਧੀ ਡੀ.ਈ.ਓ.ਦਾ ਇਹ ਵੀ ਕਹਿਣਾ ਸੀ ਕਿ ਸਰਪੰਚ ਸਟਾਫ਼ ‘ਤੇ ਭੰਗੜੇ ਪਾਉਣ ਦਾ ਜੋਰ ਜ਼ਿਆਦਾ ਹੀ ਪਾ ਰਿਹਾ ਸੀ, ਮੈਡਮਾਂ ਵੀ ਕੀ ਕਰਦੀਆਂ, ਹਾਰ ਕੇ ਸਟਾਫ਼ ਵੱਲੋਂ ਸਪੀਕਰ ਹੀ ਬੰਦ ਕਰਵਾਉਣਾ ਪਿਆ। ਉਧਰ ਪਿੰਡ ਦੇ ਸਰਪੰਚ ਐਚ.ਐਸ.ਗੋਲਡੀ ਨੇ ਅੱਜ ਭਖ਼ੇ ਮਾਮਲੇ ‘ਤੇ ਪੱਖ਼ ਵਜੋਂ ਵੀਡੀਓ ਵਾਇਰਲ ਕਰਦਿਆਂ ਦੱਸਿਆ ਹੈ ਕਿ ਅਸਲ ‘ਚ ਵਿਰੋਧੀ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਨੂੰ ਸਕੂਲ ‘ਚ ਸ਼ਾਨਦਾਰ ਤਰੀਕੇ ਹੋ ਨਿਬੜਿਆ ਸਾਲਾਨਾ ਸਮਾਗਮ ਹਜ਼ਮ ਨਹੀ ਹੋਇਆ ਤੇ ਵਾਧੂ ਦੇ ਇਲਜ਼ਾਮ ਲਗਾਏ ਜਾਣ ਲੱਗੇ ਹਨ। ਸਰਪੰਚ ਨੇ ਕਿਹਾ ਕਿ ਪ੍ਰੋਗਰਾਮ ਦੇ ਅਖੀਰ ‘ਚ ਜਦੋਂ ਉਹ ਧੰਨਵਾਦ ਕਰਨ ਲਈ ਸਟੇਜ ‘ਤੇ ਚੜ੍ਹੇ ਤਾਂ ਕਿਸੇ ਸ਼ਰਾਰਤੀ ਅਨਸਰ ਨੇ ਵੀਡੀਓ ਵਾਇਰਲ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।