ਹੁਣ ਬਾਂਦਰ ਕਿੱਲਾ ਤੇ ਲੰਗੜੀ ਟੰਗ ਖੇਡਣਗੇ ਵਿਦਿਆਰਥੀ

Students, Bandar, Qila, Langi, Tang

ਸਿੱਖਿਆ ਵਿਭਾਗ ਨੇ ਜਾਰੀ ਕੀਤੀ ਖੇਡੋ ਪੰਜਾਬ ਪਾਲਿਸੀ

  • ਸਰਕਾਰੀ ਸਕੂਲਾਂ ‘ਚ 33 ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਖੇਡਣਗੇ ਸ਼ਹਿਰੀ ਤੇ ਪੇਂਡੂ ਵਿਦਿਆਰਥੀ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਮੇਂ ਦੇ ਦੌਰ ‘ਚ ਅਲੋਪ ਹੋ ਚੁੱਕੀਆਂ ਤੇ ਪੁਰਾਣੇ ਸਮੇਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ ਉਨ੍ਹਾਂ 33 ਵਿਰਾਸਤੀ ਖੇਡਾਂ ਦੀ ਦਮਦਾਰ ਵਾਪਸੀ ਹੋਣ ਜਾ ਰਹੀ ਹੈ, ਜਿਨ੍ਹਾਂ ਨੂੰ ਅੱਜ ਦੇ ਦੌਰ ਵਿੱਚ ਨਾ ਸਿਰਫ਼ ਖੇਡਣਾ ਬੰਦ ਕਰ ਦਿੱਤਾ ਗਿਆ ਹੈ, ਸਗੋਂ ਉਨ੍ਹਾਂ ਬਾਰੇ ਚਰਚਾ ਤੱਕ ਨਹੀਂ ਕੀਤੀ ਜਾਂਦੀ ਪਰ ਸਿੱਖਿਆ ਵਿਭਾਗ ਨੇ ਇਨ੍ਹਾਂ 33 ਖੇਡਾਂ ਨੂੰ ਸਰਕਾਰੀ ਸਕੂਲਾਂ ਵਿੱਚ ਖੇਡਣਾ ਜ਼ਰੂਰੀ ਕਰ ਦਿੱਤਾ ਹੈ।

ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਮੁੜ ਤੋਂ ਵਿਰਾਸਤੀ ਖੇਡਾਂ ਦੇ ਮੇਲੇ ਸਕੂਲਾਂ ਵਿੱਚ ਲੱਗਣਗੇ। ਹੁਣ ਸ਼ਹਿਰ ਦਾ ਸਕੂਲ ਹੋਵੇ ਜਾਂ ਫਿਰ ਪਿੰਡ ਦਾ ਸਕੂਲ ਹੋਵੇ, ਸਾਰੇ ਸਕੂਲਾਂ ਦੇ ਵਿਦਿਆਰਥੀ ਬਾਂਦਰ ਕਿੱਲਾ, ਊਚ-ਨੀਚ, ਚਮਚ ਦੌੜ, ਖੂੰਜਾ ਨੱਪਣਾ, ਗੀਟੇ ਖੇਡਣਾ, ਪੀਚੋ ਬੱਕਰੀ, ਪੀਠੂ ਗਰਮ ਅਤੇ ਮਸੌਲਾ ਘੋੜੀ ਸਣੇ ਕਬੱਡੀ ਖੇਡਦੇ ਨਜ਼ਰ ਆਉਣਗੇ।

ਸਿੱਖਿਆ ਵਿਭਾਗ ਵੱਲੋਂ ਬੁੱਧਵਾਰ ਨੂੰ ਪੜ੍ਹੋ ਪੰਜਾਬ ਤੋਂ ਬਾਅਦ ਹੁਣ ਖੇਡੋ ਪੰਜਾਬ ਪਾਲਿਸੀ ਜਾਰੀ ਕਰਦੇ ਹੋਏ ਪੰਜਾਬ ਦੇ ਪ੍ਰਾਇਮਰੀ ਸਕੂਲ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਖੇਡਣ ਦਾ ਇੱਕ ਟੇਬਲ ਬਣਾ ਦਿੱਤਾ ਹੈ,  ਜਿਸ ਰਾਹੀਂ ਹਰ ਵਿਦਿਆਰਥੀ ਕੋਈ ਨਾ ਕੋਈ ਵਿਰਾਸਤੀ ਖੇਡ ਖੇਡਦੇ ਹੋਏ ਨਾ ਸਿਰਫ਼ ਆਪਣੇ ਪੁਰਾਣੇ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਵੱਲ ਜਾਵੇਗਾ, ਸਗੋਂ ਆਪਣੀ ਧਰਤੀ ਦੀ ਮਿੱਟੀ ਨੂੰ ਛੱਡ ਕੇ ਮੋਬਾਇਲ ਖੇਡਾਂ ਛੱਡਣ ਦਾ ਚੰਗਾ ਮੌਕਾ ਵੀ ਮਿਲ ਸਕੇਗਾ।

ਇਨ੍ਹਾਂ ਖੇਡਾਂ ਦੀ ਦਮਦਾਰ ਵਾਪਸੀ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀ ਆਪਣੀ ਵਿਰਾਸਤੀ ਖੇਡਾਂ ਨੂੰ ਖੇਡਦੇ ਹੋਏ ਨਾ ਸਿਰਫ਼ ਨਸ਼ੇ ਤੋਂ ਦੂਰੀ ਬਣਾ ਕੇ ਰੱਖਣ, ਸਗੋਂ ਆਪਣੇ ਖੇਡਾਂ ਦੇ ਅਲੋਪ ਹੋ ਰਹੇ ਵਿਰਸੇ ਨੂੰ ਸਾਂਭੀ ਰੱਖਣ ਖੇਡ ਵਿਭਾਗ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ 1 ਜੁਲਾਈ ਤੋਂ ਹੀ ਬਾਲ ਸੁੱਟਣਾ, ਰੱਸੀ ਟੱਪਣਾ, ਰੁਮਾਲ ਚੁੱਕਣਾ, ਛੂਹਣ-ਛੂਹਾਈ, ਕੋਟਲਾ ਛਪਾਕੀ, ਲੀਡਰ ਲੱਭਣਾ, ਬਿੱਲੀ ਚੂਹਾ, ਕੁੰਜ ਉਤਾਰਨਾ, ਮਸੌਲਾ ਘੋੜੀ, ਪਹਾੜ ਨੂੰ ਅੱਗ ਲੱਗੀ ਦੌੜੋ ਦੌੜੋ, ਚੱਕਰ ਵਾਲੀ ਖੋ-ਖੋ, ਪਿੱਠੂ ਗਰਮ, ਸਟਾਪੂ, ਪੀਚੋ ਬੱਕਰੀ, ਲੰਗੜੀ ਟੰਗ, ਲੂਡੋ, ਗੀਟੇ ਖੇਡਣਾ, ਖੂੰਜਾ ਨੱਪਣਾ, ਟਾਇਰ ਦੌੜ, ਚਿੜੀ ਉੱਡ ਕਾਂ ਉੱਡ, ਬਾਦਲ ਦੌੜ, ਬੋਰੀ ਛਾਲ ਦੌੜ, ਚਮਜ ਦੌੜ, ਚਾਟੀ/ਸੇਬ ਦੌੜ, ਖਿੱਦੋ ਖੂੰਡੀ, ਬਾਂਦਰ ਕਿੱਲਾ, ਉੂਚ ਨੀਚ, ਕਬੱਡੀ ਅਤੇ ਲਾਟੂ ਘੁਮਾਉਣਾ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਦੀ ਵਿਰਾਸਤ ਨਾਲ ਮਿਲਣਗੇ ਮੈਡਲ : ਕ੍ਰਿਸ਼ਨ ਕੁਮਾਰ

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅੱਜ-ਕੱਲ੍ਹ ਕੁਝ ਖੇਡਾਂ ਵੱਲ ਹੀ ਹਰ ਕਿਸੇ ਦਾ ਫੋਕਸ ਰਹਿ ਗਿਆ ਹੈ, ਜਿਸ ਕਾਰਨ ਖਿਡਾਰੀ ਜ਼ਿਆਦਾ ਹੁੰਦੇ ਹਨ ਅਤੇ ਮੈਡਲ ਘੱਟ ਆਉਂਦੇ ਹਨ। ਜਦੋਂ ਕਿ ਵਿਰਾਸਤੀ ਖੇਡਾਂ ਨੂੰ ਸਿੱਖਦੇ ਹੋਏ ਨਾ ਸਿਰਫ਼ ਪੰਜਾਬ ਦੇ ਵਿਦਿਆਰਥੀ ਆਪਣੀ ਵਿਰਾਸਤ ਨੂੰ ਯਾਦ ਕਰ ਸਕਣਗੇ, ਸਗੋਂ ਇਨ੍ਹਾਂ ਵਿਰਾਸਤੀ ਖੇਡਾਂ ਰਾਹੀਂ ਜ਼ਿਆਦਾ ਤੋਂ ਜਿਆਦਾ ਮੈਡਲ ਲੈ ਕੇ ਆ ਸਕਣਗੇ। ਇਸ ਲਈ ਇਨ੍ਹਾਂ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ।