ਹੁਣ ਪਟਵਾਰੀਆਂ ਦੀ ਜਾਇਦਾਦ ਦੀ ਸਰਕਾਰ ਕਰੇਗੀ ‘ਗਿਣਤੀ-ਮਿਣਤੀ’, ਵਿਜੀਲੈਂਸ ਨੂੰ ‘ਕਲਮ’ ਚੁੱਕਣ ਦੇ ਆਦੇਸ਼

Patwari

ਸ਼ੱਕੀ ਪਟਵਾਰੀਆਂ (Patwari) ਦੀ ਸੂਚੀ ਤਿਆਰ, ਜਲਦ ਵਿਜੀਲੈਂਸ ਕਰੇਗੀ ਆਪਣਾ ਕੰਮ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੂਜਿਆਂ ਦੀ ਗਿਣਤੀ-ਮਿਣਤੀ ਕਰਕੇ ਖ਼ੁਦ ਦੀ ਮੋਟੀ ਜਾਇਦਾਦ ਬਣਾਉਣ ਵਾਲੇ ਪਟਵਾਰੀਆਂ ਦੀ ਹੁਣ ਖੈਰ ਨਹੀਂ ਹੈ, ਕਿਉਂਕਿ ਪੰਜਾਬ ਭਰ ਦੇ ਲਗਭਗ ਸਾਰੇ ਪਟਵਾਰੀਆਂ ਦੀ ਜਾਇਦਾਦ ਦੀ ਹੁਣ ਚੈਕਿੰਗ ਕਰਦੇ ਹੋਏ ਪੰਜਾਬ ਸਰਕਾਰ ਜਲਦ ਹੀ ਗਿਣਤੀ-ਮਿਣਤੀ ਕਰਵਾਉਣ ਜਾ ਰਹੀ ਹੈ। ਇਸ ਬਾਰੇ ਪੰਜਾਬ ਵਿਜੀਲੈਂਸ ਨੂੰ ਆਪਣੀ ਕਲਮ ਚੱੁਕਣ ਲਈ ਵੀ ਕਹਿ ਦਿੱਤਾ ਗਿਆ ਹੈ। ਇਸ ਗਿਣਤੀ-ਮਿਣਤੀ ਲਈ ਸ਼ੱਕੀ ਪਟਵਾਰੀਆਂ ਦੀ ਇੱਕ ਸੂਚੀ ਵੀ ਅੰਦਰ ਖਾਤੇ ਪੰਜਾਬ ਵਿਜੀਲੈਂਸ ਵੱਲੋਂ ਤਿਆਰ ਕਰ ਲਈ ਗਈ ਹੈ ਅਤੇ ਸ਼ੱਕ ਦੇ ਆਧਾਰ ’ਤੇ ਪਹਿਲਾਂ ਅੰਦਰਖਾਤੇ ਸਾਰੀ ਚੈਕਿੰਗ ਕੀਤੀ ਜਾਵੇਗੀ ਅਤੇ ਸਬੂਤ ਮਿਲਣ ’ਤੇ ਭਿ੍ਰਸ਼ਟਾਚਾਰ ਰਾਹੀਂ ਜਾਇਦਾਦ ਬਣਾਉਣ ਵਾਲੇ ਪਟਵਾਰੀ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। (Patwari)

ਬਲਕਾਰ ਸਿੰਘ Patwari ਦੀ ਜਾਇਦਾਦ ਤੋਂ ਬਾਅਦ ਸਰਕਾਰ ਨੇ ਲਿਆ ਫੈਸਲਾ

ਜਾਣਕਾਰੀ ਅਨੁਸਾਰ ਪਿਛਲੇ 15 ਦਿਨਾਂ ਤੋਂ ਪੰਜਾਬ ਵਿੱਚ ਪੰਜਾਬ ਸਰਕਾਰ ਅਤੇ ਪਟਵਾਰੀਆਂ ਵਿਚਕਾਰ ਕਾਫ਼ੀ ਜ਼ਿਆਦਾ ਤਕਰਾਰ ਚੱਲ ਰਹੀ ਹੈ। ਪਹਿਲਾਂ ਪਟਵਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਤਾਂ ਪੰਜਾਬ ਸਰਕਾਰ ਨੇ ਵੀ ਝੁਕਣ ਦੀ ਥਾਂ ’ਤੇ ਪਲਟਵਾਰ ਕਰਦੇ ਹੋਏ ਪੰਜਾਬ ਵਿੱਚ ਐਸਮਾ ਲਾ ਦਿੱਤਾ ਤਾਂ ਕਿ ਸਰਕਾਰ ਵੱਲੋਂ ਮਨਾਹੀ ਕਰਨ ’ਤੇ ਕੋਈ ਵੀ ਮੁਲਾਜ਼ਮ ਜਾਂ ਫਿਰ ਪਟਵਾਰੀ ਹੜਤਾਲ ’ਤੇ ਨਾ ਜਾ ਸਕੇ। ਹੁਣ ਪੰਜਾਬ ਵਿਜੀਲੈਂਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਪਟਵਾਰੀ ਬਲਕਾਰ ਸਿੰਘ ਦੀ 21 ਸਾਲ ਦੀ ਨੌਕਰੀ ਦੌਰਾਨ 4 ਕਰੋੜ ਰੁਪਏ ਦੀ ਜਾਇਦਾਦ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਭਿ੍ਰਸ਼ਟ ਪਟਵਾਰੀਆਂ ’ਤੇ ਸ਼ਿਕੰਜੇ ਕਸਣ ਦੀ ਤਿਆਰੀ ਕਰ ਲਈ ਹੈ। ਇਸ ਲਈ ਬਕਾਇਦਾ ਅੰਦਰ ਖਾਤੇ ਆਦੇਸ਼ ਵੀ ਦੇ ਦਿੱਤੇ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਆਦੇਸ਼ ਦਿੱਤੇ ਹੋਏ ਹਨ ਕਿ ਕਿਸੇ ਵੀ ਭਿ੍ਰਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤਾਂ ਹੁਣ ਉਨ੍ਹਾਂ ਆਦੇਸ਼ਾਂ ਨੂੰ ਹੀ ਆਧਾਰ ਬਣਾਉਂਦੇ ਹੋਏ ਪੰਜਾਬ ਵਿਜੀਲੈਂਸ ਨੇ ਸ਼ੱਕ ਦੇ ਅਧਾਰ ’ਤੇ ਇੱਕ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਜਿਹੜੇ ਪਟਵਾਰੀ ਡਿਊਟੀ ਜੁਆਇੰਨ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਮੀਨ-ਜਾਇਦਾਦ ਵਾਲੇ ਨਹੀਂ ਸਨ ਅਤੇ ਹੁਣ ਉਨ੍ਹਾਂ ਕੋਲ ਕਾਫ਼ੀ ਜ਼ਿਆਦਾ ਜ਼ਮੀਨ ਜਾਇਦਾਦ ਹੈ।

ਇਹ ਵੀ ਪੜ੍ਹੋ : ਮੰਤਰੀ ਅਨਮੋਲ ਗਗਨ ਮਾਨ ਨੇ ਕੀਤੇ ਵੱਡੇ ਐਲਾਨ, ਦੇਖੋ ਪੂਰੀ ਲਾਈਵ ਵੀਡੀਓ

ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਜਲਦ ਹੀ ਇਸ ਤਰ੍ਹਾਂ ਦੀ ਕਾਰਵਾਈ ਪੰਜਾਬ ਭਰ ਵਿੱਚ ਹੁੰਦੀ ਨਜ਼ਰ ਆਵੇਗੀ ਅਤੇ ਪਟਵਾਰੀਆਂ ਦੀ ਜ਼ਮੀਨ ਜਾਇਦਾਦ ਦੇ ਨਾਲ ਹੀ ਹੋਰ ਵੀ ਸਾਮਾਨ ਦੀ ਚੈਕਿੰਗ ਕੀਤੀ ਜਾਵੇਗੀ।

ਹਰ ਪਟਵਾਰੀ ’ਤੇ ਬਾਜ਼ ਵਾਂਗ ਅੱਖ ਰੱਖੀ ਬੈਠੀ ਐ ਵਿਜੀਲੈਂਸ

ਪੰਜਾਬ ਦੇ ਹਰ ਭਿ੍ਰਸ਼ਟਾਚਾਰੀ ਪਟਵਾਰੀ ’ਤੇ ਪੰਜਾਬ ਵਿਜੀਲੈਂਸ ਬਾਜ਼ ਵਾਂਗ ਅੱਖ ਰੱਖੀ ਬੈਠੀ ਹੈ। ਜਦੋਂ ਵੀ ਪੰਜਾਬ ਵਿਜੀਲੈਂਸ ਨੂੰ ਭਿ੍ਰਸ਼ਟਾਚਾਰ ਹੁੰਦਾ ਦਿਖਾਈ ਦੇਵੇਗਾ ਜਾਂ ਫਿਰ ਮੌਕਾ ਮਿਲੇਗਾ ਤਾਂ ਤੁਰੰਤ ਪਟਵਾਰੀ ਨੂੰ ਦਬੋਚ ਲਿਆ ਜਾਵੇਗਾ। ਇਸ ਲਈ ਹੁਣ ਤੋਂ ਬਾਅਦ ਜਿਹੜਾ ਵੀ ਪਟਵਾਰੀ ਭਿ੍ਰਸ਼ਟਾਚਾਰ ’ਚ ਨਜ਼ਰ ਆਏਗਾ ਜਾਂ ਫਿਰ ਭਿ੍ਰਸ਼ਟਾਚਾਰ ਨੂੰ ਲੈ ਕੇ ਕੋਈ ਵੀ ਸਬੂਤ ਮਿਲੇਗਾ ਤਾਂ ਉਸ ਪਟਵਾਰੀ ਖ਼ਿਲਾਫ਼ ਤੁਰੰਤ ਕਾਰਵਾਈ ਕਰ ਦਿੱਤੀ ਜਾਵੇਗੀ। ਪੰਜਾਬ ਵਿਜੀਲੈਂਸ ਪਹਿਲਾਂ ਵੀ ਪਟਵਾਰੀਆਂ ਨੂੰ ਲਗਾਤਾਰ ਗਿ੍ਰਫ਼ਤਾਰ ਕਰਦੀ ਆਈ ਹੈ ਅਤੇ ਪਿਛਲੇ ਸਾਲ 51 ਮਾਮਲੇ ਪਟਵਾਰੀਆਂ ਖ਼ਿਲਾਫ਼ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 47 ਪਟਵਾਰੀਆਂ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ ਹੈ।