ਅਧਿਆਪਕਾਂ ਨੂੰ ਇਨ੍ਹਾਂ ਕੰਮਾਂ ‘ਚ ਲਾਉਣ ਨਾਲ ਅਧਿਆਪਨ ਕਾਰਜ ਹੋਣਗੇ ਪ੍ਰਭਾਵਿਤ : ਦਵਿੰਦਰ ਪੂਨੀਆ
ਅਧਿਆਪਕ ਵੀ ਸਮਾਜ ਦਾ ਹਿੱਸਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਘਰ ਘਰ ਜਾਗਰੂਕਤਾ ਫੈਲਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਲੈ ਕੇ ਅਧਿਆਪਕਾਂ ਵਿੱਚ ਵਿਰੋਧ ਦੀ ਲਹਿਰ ਪੈਦਾ ਹੋ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਅਧਿਆਪਕਾਂ ਨੂੰ ਆਮ ਵਿਅਕਤੀ ਨਹੀਂ ਮੰਨਦੀ। ਉਂਜ ਅਧਿਆਪਕ ਪਹਿਲਾ ਹੀ ਥੋਪੇ ਜਨਗਣਨਾ, ਬੀ.ਐਲ.ਓ ਤੇ ਚੋਣ ਡਿਊਟੀਆਂ ਵਰਗੇ ਕੰਮਾਂ ਤੇ ਲੱਗੇ ਹੋਏ ਹਨ, ਇਨ੍ਹਾਂ ਤੋਂ ਛੋਟ ਦੇਣ ਦੀ ਬਜਾਏ ਹੁਣ ਸਮੂਹ ਅਧਿਆਪਕਾਂ ਦੀ ਡਿਊਟੀ ‘ਕਰੋਨਾ ਵਾਇਰਸ’ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਲਗਾਉਣ ਦੀ ਗੱਲ ਸਾਹਮਣੇ ਆਈ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਦਾ ਅਜਿਹਾ ਫੈਸਲਾ ਅਧਿਆਪਕਾਂ ਨੂੰ ਮਹੀਨਿਆਂ ਬੱਧੀ ਇੱਕ ਹੋਰ ਗੈਰ ਵਾਜਿਬ ਕੰਮ ਵਿੱਚ ਵੱਡੇ ਪੱਧਰ ‘ਤੇ ਉਲਝਾਉਣ ਵਾਲਾ ਹੈ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ, ਪੇਪਰਾਂ ਦੀ ਚੈਕਿੰਗ ਅਤੇ ਅਧਿਆਪਨ ਕਾਰਜ ਲੰਬੇ ਸਮੇਂ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਮੈਡੀਕਲ ਤੌਰ ‘ਤੇ ਸਿੱਖਿਅਤ ਨਾ ਹੋਣ ਕਾਰਨ, ਅਧਿਆਪਕ ਵਰਗ ਨੂੰ ਅਜਿਹੀਆਂ ਮਹਾਂਮਾਰੀਆਂ ਦੀ ਰੋਕਥਾਮ ਜਾਂ ਜਾਗਰੁਕਤਾ ਮੁਹਿੰਮ ਤਹਿਤ ਘਰ-ਘਰ ਭੇਜਣ ਨਾਲ ਅਧਿਆਪਕ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਦਿਆਰਥੀ ਵੀ ਲਾਗ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਦਾ ਸ਼ਿਕਾਰ ਬਣਨ ਦਾ ਪੂਰਾ ਡਰ ਹੈ
ਅਧਿਆਪਕ ਆਗੂਆਂ ਨੇ ਕਿਹਾ ਕਿ ਸਵੈ-ਇੱਛਾ ਨਾਲ ਡਿਊਟੀ ਦੇਣ ਵਾਲਿਆਂ ਦੀ ਥਾਂ, ਸਮੁੱਚੇ ਅਧਿਆਪਕ ਵਰਗ ‘ਤੇ ਹੀ ਅਜਿਹੇ ਗੈਰ ਵਾਜਿਬ ਕੰਮ ਜਬਰੀ ਥੋਪਣ ਦਾ ਫੈਸਲਾ ਵਾਪਿਸ ਨਾ ਹੋਣ ਦੀ ਸੂਰਤ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।