ਘੁੱਗ ਵਸਦੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀ ਦਿਤੀ ਜਾਵੇਗੀ : ਵਿਧਾਇਕ ਉਗੋਕੇ

ਘੁੱਗ ਵਸਦੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀ ਦਿਤੀ ਜਾਵੇਗੀ : ਵਿਧਾਇਕ ਉਗੋਕੇ

ਬਰਨਾਲਾ, (ਜਸਵੀਰ ਸਿੰਘ ਗਹਿਲ)। ਲੰਘੇ ਕੱਲ੍ਹ ਕੋਟਕਪੂਰਾ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਰਾਜੂ ਦਾ ਕਤਲ ਕੀਤੇ ਜਾਣ ਦੀ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਵਿਧਾਇਕ ਉੱਗੋਕੇ ਨੇ ਕਿਹਾ ਕਿ ਘੁੱਗ ਵਸਦੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਤੇ ਸਮਾਜ ’ਚ ਅਸ਼ਾਂਤੀ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਨੱਥ ਪਾ ਲਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਬਾਬਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗ ਕਰਕੇ ਜਿੱਥੇ ਪੁਲਿਸ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ’ਤੇ ਪੂਰਨ ਲਗਾਮ ਲਗਾਉਣ ਲਈ ਉਚੇਚੇ ਪ੍ਰਬੰਧ ਕਰਨ ਦੇ ਆਦੇਸ ਦੇ ਦਿੱਤੇ ਹਨ।ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਵਿਧਾਇਕ ਉਗੋਕੇ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਭੜਕਾਊ ਅਫ਼ਵਾਹਾਂ ਸ਼ਾਂਤ ਮਾਹੌਲ ਨੂੰ ਲਾਬੂ ਲਾਉਣ ਦਾ ਕੰਮ ਕਰ ਰਹੀਆਂ ਹਨ। ਇਸ ਲਈ ਇਨਾਂ ਅਫ਼ਵਾਹਾਂ ਨੂੰ ਅੱਗੇ ਹੋਰਾਂ ਨੂੰ ਵਾਇਰਲ ਕਰਨ ਜਾਂ ਇਨਾਂ ’ਤੇ ਅਮਲ ਕਰਨ ਦੀ ਬਜਾਇ ਸੁਚੇਤ ਰਹਿ ਕੇ ਆਪਣਾ ਬਣਦਾ ਫ਼ਰਜ਼ ਨਿਭਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਚਾਹੇ ਕਿਸੇ ਵੀ ਧਰਮ-ਮਜ਼ਹਬ ਦੇ ਹੋਣ, ਹੁਣ ਮੌਕਾ ਹੈ ਸਭ ਦੇ ਮਾੜੇ ਮਨਸੂਬਿਆਂ ਨੂੰ ਨਾਕਾਮ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ