ਨਿੱਕੂ ਨੇ ਬੈਲਜ਼ੀਅਮ ‘ਚ ਚਮਕਾਇਆ ਆਪਣੇ ਪਿੰਡ ਜੋਧਪੁਰ ਦਾ ਨਾਂਅ

ਬੈਲਜ਼ੀਅਮ ਵਿਖੇ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ‘ਚ ਜਿੱਤਿਆ ਦੂਜਾ ਸਥਾਨ

ਬਰਨਾਲਾ, (ਜਸਵੀਰ ਸਿੰਘ) ਬੈਲਜ਼ੀਮਅ ਵਿਖੇ ਹੋਏ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ (karate winner) ‘ਚ ਵਿਸ਼ਵ ਅਜੀਤ ਸਿੰਘ ਉਰਫ਼ ਨਿੱਕੂ ਨੇ ਆਪਣੀ ਮਿਹਨਤ ਦਾ ਸਬੂਤ ਦਿੰਦਿਆਂ ਜਿੱਥੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਉੱਥੇ ਪ੍ਰਦੇਸ਼ ‘ਚ ਵੀ ਆਪਣੇ ਪਿੰਡ ਜੋਧਪੁਰ (ਜ਼ਿਲ੍ਹਾ ਬਰਨਾਲਾ) ਦਾ ਨਾਂਅ ਚਮਕਾਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਰਹਿੰਦੇ ਪਿੰਡ ਜੋਧਪੁਰ ਦੇ ਪਰਗਟ ਸਿੰਘ ਦੇ 16 ਸਾਲਾਂ ਲੜਕੇ ਵਿਸ਼ਵ ਅਜੀਤ ਸਿੰਘ ਉਰਫ਼ ਨਿੱਕੂ ਨੇ ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ ਤੇ ਆਪਣੀ ਸਖ਼ਤ ਮਿਹਨਤ ਸਦਕਾ ਦੂਜਾ ਸਥਾਨ ਹਾਸਲ ਕੀਤਾ। ਪਿਛਲੇ ਦਿਨੀਂ ਵੈਸਟ ਫਲਾਂਦਰਨ ਸੂਬੇ ਦੇ ਸ਼ਹਿਰ ਕੋਰਤਰਿਕ ਵਿੱਚ ਹੋਈ ਵੈਸਟ ਫਲਾਮਿਸ਼ ਕਰਾਟੇ ਚੈਂਪੀਅਨਸ਼ਿੱਪ ਵਿੱਚ ਵਿਸ਼ਵਅਜੀਤ ਸਿੰਘ ਨਿੱਕੂ ਨੇ ਜਪਾਨ ਕਰਾਟੇ ਕਲੱਬ ਈਪਰ ਵਲੋਂ ਪਹਿਲੀ ਵਾਰ ਭਾਗ ਲੈਂਦਿਆਂ ਆਪਣੀ ਉਮਰ ਦੇ ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

ਵੈਸਟ ਫਲਾਮਿਸ਼ ਸਟੇਟ ਚੈਂਪੀਅਨਸ਼ਿੱਪ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲਾ ਵਿਸ਼ਵ ਅਜੀਤ ਸਿੰਘ ਪਹਿਲਾ ਪੰਜਾਬੀ ਮੁੰਡਾ ਹੈ। ਜੋ ਬੇਸ਼ੱਕ ਹੁਣ ਬੈਲਜ਼ੀਅਮ ਨਾਗਰਿਕ ਹੈ, ਪਰ ਪੰਜਾਬ ਦੇ ਬਰਨਾਲਾ ਜ਼ਿਲੇ ਦੇ ਪਿੰਡ ਜੋਧਪੁਰ ਦਾ ਜੰਮਪਲ ਅਤੇ ਮਰਹੂਮ ਸਰਪੰਚ ਅਮਰਜੀਤ ਸਿੰਘ ਦਾ ਪੋਤਰਾ ਹੈ। ਵਿਸ਼ਵ ਅਜੀਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਬੀਰਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।