ਹੈਮਿਲਟਨ, ਏਜੰਸੀ। ਪੰਜ ਇਕ ਦਿਨਾ ਕ੍ਰਿਕਟ ਮੈਚਾਂ ਦੀ ਲੜੀ ਵਿਚ ਪਹਿਲਾਂ ਹੀ 3-0 ਨਾਲ ਜਿੱਤ ਚੁੱਕੀ ਭਾਰਤੀ ਟੀਮ ਅੱਜ ਨਿਊਜੀਲੈਂਡ ਹੱਥੋਂ 8 ਵਿਕਟਾਂ ਨਾਲ ਮੈਚ ਹਾਰ ਗਈ। ਇਸ ਮੈਚ ਵਿਚ ਭਾਰਤੀ ਟੀਮ ਵਿਰਾਟ ਕੋਹਲੀ ਤੋਂ ਬਿਨਾਂ ਖੇਡੀ ਅਤੇ ਕੇਵਲ 92 ਦੌੜਾਂ ਉਤੇ ਹੀ ਸਿਮਟ ਗਈ। ਵਿਰਾਟ ਦੀ ਥਾਂ ਸ਼ੁਭਮਨ ਗਿੱਲ ਨੂੰ ਮੌਕਾ ਦਿੱਤਾ ਗਿਆ ਸੀ, ਇਸ ਮੈਚ ਦੌਰਾਨ ਕਪਤਾਨ ਰੋਹਿਤ 7, ਧਵਨ 13, ਸ਼ੁਭਮਨ ਗਿੱਲ 9 ਦੌੜਾਂ ਹੀ ਬਣਾ ਸਕੇ, ਜਦੋਂ ਕਿ ਰਾਇਡੂ ਤੇ ਕਾਰਤਿਕ ਖਾਤਾ ਵੀ ਨਾ ਖੋਲ ਸਕੇ। ਕੇਦਾਰ ਯਾਦਵ 1, ਪਾਂਡਿਆ 16, ਕੁਲਦੀਪ 15 ਤੇ ਚਹਿਲ 18 ਦੌੜਾਂ ਬਣਾਕੇ ਆਊਟ ਹੋਏ। ਨਿਊਜੀਲੈਂਡ ਵੱਲੋਂ ਬੋਲਟ ਨੇ 5, ਗਰੈਂਡ ਹੋਮ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਪੰਜ ਮੈਚਾਂ ਦੀ ਲੜੀ ਵਿਚ ਭਾਰਤ ਹਾਰਨ ਦੇ ਬਾਵਜੂਦ 3-1 ਨਾਲ ਅੱਗੇ ਚੱਲ ਰਿਹਾ ਹੈ।
ਮੈਚ ‘ਚ ਮਿਲੀ ਹਾਰ ਸਬੰਧੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਬੱਲੇਬਾਜੀ ਦੀ ਉਮੀਦ ਨਹੀਂ ਸੀ। ਨਿਊਜ਼ੀਲੈਂਡ ਦੇ ਗੇਂਦਬਾਜਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਕੀਵੀ ਗੇਂਦਬਾਜਾਂ ਨੇ ਹਾਲਾਤਾਂ ਅਨੁਸਾਰ ਗੇਂਦਬਾਜੀ ਕੀਤੀ। ਸਾਡੇ ਬੱਲੇਬਾਜ਼ ਇਸ ਵਿਕਟ ‘ਤੇ ਚੰਗਾ ਨਹੀਂ ਕਰ ਸਕੇ। ਸਾਨੂੰ ਟਿਕ ਕੇ ਖੇਡਣ ਦੀ ਲੋੜ ਸੀ। ਇਸ ਨਾਲ ਬੱਲੇਬਾਜੀ ਸੌਖੀ ਹੋ ਜਾਂਦੀ। ਗੇਂਦ ਦੇ ਸਵਿੰਗ ਹੋਣ ਦੇ ਸਮੇਂ ਖਰਾਬ ਸ਼ਾਟ ਖੇਡਣ ਤੋਂ ਬਚਣਾ ਹੋਵੇਗਾ। ਉਹਨਾ ਕਿਹਾ ਕਿ ਸਾਨੂੰ ਬੱਲੇਬਾਜੀ ‘ਚ ਸੁਧਾਰ ਕਰਨਾ ਹੋਵੇਗਾ।