‘ਬੋਹੜ’ ਥੱਲੇ ਬੈਠ ਸੁਣਵਾਈ ਤਾਂ ਕਰਨੀ ਪਵੇਗੀ, ਡੀਸੀ ਹੋਵੇ ਜਾਂ ਫਿਰ ਹੋਰ, ਜਿਹੜੇ ਨਹੀਂ ਜਾਣਗੇ ਹੋਵੇਗੀ ਕਾਰਵਾਈ

Scheme Punjab Government

ਮੁੱਖ ਮੰਤਰੀ ਲਗਾਤਾਰ ਲੈ ਰਹੇ ਹਨ ਜਾਣਕਾਰੀ, ਪਿੰਡਾਂ ਵਿੱਚ ਕਿਹੜੇ-ਕਿਹੜੇ ਅਧਿਕਾਰੀ ਕਰ ਰਹੇ ਹਨ ਦੌਰਾ

  • ਭਗਵੰਤ ਮਾਨ ਸਖ਼ਤੀ ਕਰਨ ਦੇ ਮੂਡ ’ਚ, ਪਿੰਡਾਂ ’ਚ ਜਾਣ ਅਧਿਕਾਰੀ ਜਾਂ ਫਿਰ ਕਾਰਵਾਈ ਲਈ ਰਹਿਣ ਤਿਆਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿੰਡਾਂ ਦੇ ਬੋਹੜ ਥੱਲੇ ਬੈਠ ਕੇ ਨਾ ਸਿਰਫ਼ ਪਿੰਡਾਂ ਦੇ ਲੋਕਾਂ ਦੀ ਸੁਣਵਾਈ ਕਰਨੀ ਪਵੇਗੀ, ਸਗੋਂ ਮੌਕੇ ’ਤੇ ਕੰਪਿਊਟਰ ਲਗਾ ਕੇ ਰਜਿਸਟਰੀਆਂ ਤੱਕ ਕਰਨੀਆਂ ਪੈੈਣਗੀਆਂ। ਜਿਹੜੇ ਅਧਿਕਾਰੀ ਇਹ ਕੰਮ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਤੱਕ ਦਾ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿੱਚ ਢਿੱਲ ਦੇਣ ਦੀ ਥਾਂ ’ਤੇ ਸਖ਼ਤੀ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। (Scheme Punjab Government)

ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਯਾਦ ਕਰਵਾਇਆ ਹੈ ਕਿ ਇਸ ਸਰਕਾਰ ਵਿੱਚ ਪਿੰਡਾਂ ਵਿੱਚ ਜਾ ਕੇ ਹੀ ਅਧਿਕਾਰੀ ਆਮ ਲੋਕਾਂ ਦੀ ਸੁਣਵਾਈ ਕਰਨਗੇ। ਇਸ ਵਿੱਚ ਡਿਪਟੀ ਕਮਿਸ਼ਨਰ ਤੋਂ ਲੈ ਕੇ ਤਹਿਸੀਲਦਾਰ ਅਤੇ ਐੱਸਡੀਐੱਮ. ਤੱਕ ਸ਼ਾਮਲ ਰਹਿਣਗੇ। ਹੁਣ ਇਨ੍ਹਾਂ ਅਧਿਕਾਰੀਆਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ ਪਰ ਇਸ ਮੌਕੇ ਤੋਂ ਬਾਅਦ ਸਿੱਧੀ ਕਾਰਵਾਈ ਹੋਵੇਗੀ, ਇਹ ਕਾਰਵਾਈ ਦਾ ਪੱਧਰ ਨਹੀਂ ਦੇਖਿਆ ਜਾਏਗਾ। ਜੇਕਰ ਡਿਪਟੀ ਕਮਿਸ਼ਨਰ ਪਿੰਡਾਂ ਵਿੱਚ ਨਾ ਗਏ ਤਾਂ ਸਿੱਧੀ ਕਾਰਵਾਈ ਡਿਪਟੀ ਕਮਿਸ਼ਨਰ ਖ਼ਿਲਾਫ਼ ਵੀ ਹੋਵੇਗੀ।

ਰਜਿਸਟਰੀਆਂ ਵੀ ਤਹਿਸੀਲ ਦਫ਼ਤਰ ਵਿੱਚ ਹੀ ਹੁੰਦੀਆਂ ਹਨ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਡਿਪਟੀ ਕਮਿਸ਼ਨਰ ਜਾਂ ਫਿਰ ਐੱਸਡੀਐੱਮ ਦਫ਼ਤਰ ਵਿੱਚ ਖ਼ੁਦ ਆ ਕੇ ਆਪਣੀ ਫਰਿਆਦ ਕਰਨੀ ਪੈਂਦੀ ਹੈ ਤਾਂ ਰਜਿਸਟਰੀਆਂ ਵੀ ਤਹਿਸੀਲ ਦਫ਼ਤਰ ਵਿੱਚ ਹੀ ਹੁੰਦੀਆਂ ਹਨ। ਇਹ ਕਲਚਰ ਕਾਫ਼ੀ ਜ਼ਿਆਦਾ ਪੁਰਾਣਾ ਚਲਦਾ ਆ ਰਿਹਾ ਹੈ ਪਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੁਰਾਣੇ ਕਲਚਰ ਨੂੰ ਬਦਲਣ ਦਾ ਐਲਾਨ ਕੀਤਾ ਹੋਇਆ ਹੈ। ਭਗਵੰਤ ਮਾਨ ਵੱਲੋਂ 18 ਨਵੰਬਰ 2022 ਨੂੰ ਇੱਕ ਆਦੇਸ਼ ਜਾਰੀ ਕਰਦੇ ਹੋਏ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਏਡੀਸੀ, ਐੱਸਡੀਐੱਮ ਅਤੇ ਤਹਿਸੀਲਦਾਰਾਂ ਨੂੰ ਕਿਹਾ ਸੀ ਕਿ ਉਹ ਮਹੀਨੇ ਵਿੱਚ ਘੱਟ ਤੋਂ ਘੱਟ 2 ਵਾਰ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ ਅਤੇ ਮੌਕੇ ’ਤੇ ਹੀ ਉਨ੍ਹਾਂ ਦਾ ਹੱਲ਼ ਕੱਢਿਆ ਜਾਵੇਗਾ।

ਇਸ ਨਾਲ ਹੀ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਰਿਪੋਰਟ ਵੀ ਖ਼ੁਦ ਹੀ ਤਿਆਰ ਕਰਨਗੇ। ਇਨ੍ਹਾਂ ਆਦੇਸ਼ਾਂ ਨੂੰ ਹੋਏ 2 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਪਰ ਡਿਪਟੀ ਕਮਿਸ਼ਨਰਾਂ ਸਣੇ ਬਾਕੀ ਅਧਿਕਾਰੀਆਂ ਦਾ ਕੋਈ ਜਿਆਦਾ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਾਰਵਾਈ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਨੂੰ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਉਹ ਪਿੰਡਾਂ ਦੇ ਬੋਹੜ ਥੱਲੇ ਬੈਠ ਕੇ ਆਮ ਲੋਕਾਂ ਦੀ ਸੁਣਵਾਈ ਨਹੀਂ ਕਰਨਗੇ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇਗੀ।

ਜਿਹੜਾ ਮੈਂ ਕਹਿ ’ਤਾ, ਉਹ ਹੋਊਗਾ, ਦੇਖਦੈਂ ਕਿਵੇਂ ਨਹੀਂ ਹੁੰਦਾ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਕੁਝ ਮੈਂ ਕਹਿੰਦਾ ਹਾਂ, ਉਹ ਤਾਂ ਹੋਊਗਾ। ਮੈਂ ਵੀ ਦੇਖਦਾ ਹਾਂ ਕਿਵੇਂ ਨਹੀਂ ਹੁੰਦਾ। ਮੈਨੂੰ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਬੋਹੜਾਂ ਥੱਲੇ ਰਜਿਸਟਰੀਆਂ ਹੰੁਦੀਆਂ ਸਨ ਪਰ ਹੁਣ ਤਹਿਸੀਲ ਵਿੱਚ ਜਾਂਦੇ ਹਾਂ ਪਰ ਉਥੇ ਕੋਈ ਮਿਲਦਾ ਹੀ ਨਹੀਂ ਹੈ। ਕਹਿੰਦੇ ਹਨ ਬੁੱਧਵਾਰ ਨੂੰ ਆ ਜਾਇਓ, ਵੀਰਵਾਰ ਨੂੰ ਆ ਜਾਇਓ। ਹੁਣ ਤੋਂ ਬਾਅਦ ਬੁੱਧਵਾਰ-ਵੀਰਵਾਰ ਨਹੀਂ ਹੋਵੇਗੀ। ਹੁਣ ਅਧਿਕਾਰੀਆਂ ਨੂੰ ਹੀ ਪਿੰਡਾਂ ਵਿੱਚ ਜਾਣਾ ਪਵੇਗਾ। ਹੁਣ ਬਹੁਤ ਹੋ ਗਿਆ, ਕਿਉਂਕਿ ਹੁਣ ਲੋਕਾਂ ਦੀ ਸਰਕਾਰ ਹੈ। ਇਸ ਲਈ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਜਾ ਕੇ ਕੰਮ ਕਰਨਾ ਹੀ ਪਵੇਗਾ। (Scheme Punjab Government)

ਸਮਾਂ ਰਹਿੰਦੇ ਪੁੱਜੋ ਪਿੰਡਾਂ ’ਚ, ਨਹੀਂ ਤਾਂ ਕੁਰਸੀ ’ਤੇ ਨਜ਼ਰ ਆਉਣਗੇ ਹੋਰ ਅਧਿਕਾਰੀ

ਪੰਜਾਬ ਸਰਕਾਰ ਵੱਲੋਂ ਸਾਰੇ ਅਧਿਕਾਰੀਆਂ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਉਹ ਸਮਾਂ ਰਹਿੰਦੇ ਹੋਏ ਪਿੰਡਾਂ ਵੱਲ ਨੂੰ ਰੁਖ ਕਰ ਲੈਣ ਨਹੀਂ ਤਾਂ ਕਿਸੇ ਵੀ ਸਮੇਂ ਉਨ੍ਹਾਂ ਦੀ ਸੀਟ ’ਤੇ ਕੋਈ ਹੋਰ ਅਧਿਕਾਰੀ ਬੈਠੇ ਨਜ਼ਰ ਆਉਣਗੇ, ਕਿਉਂਕਿ ਪਿੰਡਾਂ ਦੇ ਲੋਕਾਂ ਦੀ ਸੁਣਵਾਈ ਅਤੇ ਮਸਲੇ ਹੱਲ਼ ਤਾਂ ਪਿੰਡਾਂ ਵਿੱਚ ਹੀ ਹੋਣਗੇ। ਜਿਹੜੇ ਅਧਿਕਾਰੀ ਪਿੰਡਾਂ ਵਿੱਚ ਨਹੀਂ ਜਾਣਗੇ, ਉਨ੍ਹਾਂ ਦੇ ਤਬਾਦਲੇ ਕਰਦੇ ਹੋਏ ਹੋਰ ਅਧਿਕਾਰੀਆਂ ਨੂੰ ਉਸੇ ਸੀਟ ’ਤੇ ਬਿਠਾਉਂਦੇ ਹੋਏ ਪਿੰਡਾਂ ਵੱਲ ਨੂੰ ਤੋਰਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ